ਲੱਗੇਗੀ ਬਜਟ ਸੈਸ਼ਨ ਦੀ ਤਾਰੀਖ਼ ’ਤੇ ਮੋਹਰ, ਕੈਬਨਿਟ ਦੀ ਮੀਟਿੰਗ ’ਚ ਦਰਜਨ ਭਰ ਏਜੰਡੇ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ (Punjabi) ਦੇ ਕੱਚੇ ਮੁਲਾਜ਼ਮਾਂ ਨੂੰ ਅੱਜ ਦੂਜੇ ਦੌਰ ਦਾ ਤੋਹਫ਼ਾ ਮਿਲ ਸਕਦਾ ਹੈ। ਪੰਜਾਬ ਸਰਕਾਰ ਵੱਲੋਂ 10 ਹਜ਼ਾਰ ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹਰੀ ਝੰਡੀ ਦੇ ਦੀ ਉਮੀਦ ਹੈ। ਇਸ ਲਈ ਬਕਾਇਦਾ ਕੈਬਨਿਟ ਮੀਟਿੰਗ ਵਿੱਚ ਏਜੰਡਾ ਵੀ ਆ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਇਸ ਏਜੰਡੇ ਨੂੰ ਪਾਸ ਕੀਤਾ ਜਾਏਗਾ। ਕੈਬਨਿਟ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਦੇ ਬਾਕੀ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਰਾਹ ਖੁੱਲ੍ਹ ਜਾਏਗਾ।
ਇਸ ਤੋਂ ਪਹਿਲਾਂ ਸਿਰਫ਼ ਸਿੱਖਿਆ ਵਿਭਾਗ ਨਾਲ ਜੁੜੇ ਕੱਚੇ ਕਰਮਚਾਰੀਆਂ ਨੂੰ ਹੀ ਪੱਕਾ ਕਰਨ ਸਬੰਧੀ ਮਨਜ਼ੂਰੀ ਦਿੱਤੀ ਗਈ ਸੀ ਜਿਸ ਰਾਹੀਂ 9 ਹਜ਼ਾਰ ਦੇ ਲਗਭਗ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਹੜੀ ਕਿ ਹੁਣ ਆਖਰੀ ਦੌਰ ਵਿੱਚ ਚਲ ਰਹੀ ਹੈ। ਸਿੱਖਿਆ ਵਿਭਾਗ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਪਾਲਿਸੀ ਵਿੱਚ ਕੋਈ ਅੜਿੱਕਾ ਨਾ ਆਉਣ ਕਰਕੇ ਹੁਣ ਪੰਜਾਬ ਸਰਕਾਰ ਬਾਕੀ ਵਿਭਾਗਾਂ ਵਿੱਚ ਕੰਮ ਕਰਦੇ 10 ਹਜ਼ਾਰ ਦੇ ਕਰੀਬ ਕੱਚੇ ਕਰਮਚਾਰੀਆਂ ਨੂੰ ਪੱਕਾ ਕਰੇਗੀ। ਇਹ ਕੱਚੇ ਕਰਮਚਾਰੀ 10 ਸਾਲ ਜਾਂ ਫਿਰ ਇਸ ਤੋਂ ਜ਼ਿਆਦਾ ਸਰਵਿਸ ਵਿੱਚ ਹੋਣੇ ਚਾਹੀਦੇ ਹਨ।
ਸਿੱਖਿਆ ਵਿਭਾਗ ਤੋਂ ਬਾਅਦ ਦੂਜੇ ਵਿਭਾਗਾਂ ’ਚ ਵੀ ਪੱਕੇ ਹੋਣਗੇ ਕੱਚੇ ਕਰਮਚਾਰੀ, ਅੱਜ ਲੱਗੇਗੀ ਮੋਹਰ
ਅੱਜ ਚੰਡੀਗੜ੍ਹ ਵਿਖੇ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਤੋਂ ਇਲਾਵਾ ਭਗਵੰਤ ਮਾਨ ਵੱਲੋਂ ਅੱਜ ਬਜਟ ਸੈਸ਼ਨ ਦੀਆਂ ਤਾਰੀਖ਼ਾਂ ’ਤੇ ਆਪਣੀ ਮੋਹਰ ਲਾ ਦਿੱਤੀ ਜਾਏਗੀ। ਸਰਕਾਰ ਵੱਲੋਂ ਆਪਣਾ ਬਜਟ ਸੈਸ਼ਨ ਅਗਲੇ ਮਹੀਨੇ 3 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਇਸ ਲਈ ਅੱਜ ਕੈਬਨਿਟ ਮੀਟਿੰਗ ਵਿੱਚ ਫੈਸਲਾ ਕੀਤਾ ਜਾਏਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਇਸ ਵਾਰ ਬਜਟ ਸੈਸ਼ਨ ਦੋ ਸ਼ਿਫ਼ਟਾਂ ਵਿੱਚ ਕੀਤਾ ਜਾਏਗਾ, ਕਿਉਂਕਿ ਬਜਟ ਸੈਸ਼ਨ ਦੀਆਂ ਤਾਰੀਖ਼ਾਂ ਵਿੱਚ ਜੀ20 ਦੀ ਮੀਟਿੰਗ ਆ ਰਹੀ ਹੈ। (Punjabi)
ਕੈਬਨਿਟ ਮੀਟਿੰਗ ਵਿੱਚ ਟਰਾਂਸਪੋਰਟ ਅਤੇ ਲੇਬਰ ਪਾਲਿਸੀ ਨੂੰ ਵੀ ਹਰੀ ਝੰਡੀ ਦਿੱਤੀ ਜਾਏਗੀ ਤਾਂ ਕਿ ਆਉਣ ਵਾਲੇ ਖਰੀਦ ਸੀਜ਼ਨ ਵਿੱਚ ਸਰਕਾਰ ਹੁਣ ਤੋਂ ਹੀ ਟੈਂਡਰ ਦੇਣ ਦੀ ਤਿਆਰੀ ਵਿੱਚ ਜੁਟ ਜਾਵੇ। ਇਸ ਸਬੰਧੀ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਏਜੰਡਾ ਲਿਆਂਦਾ ਜਾਏਗਾ। ਪੰਜਾਬ ਸਰਕਾਰ ਇਸ ਸੀਜ਼ਨ ਵਿੱਚ ਟਰਾਂਸਪੋਰਟ ਅਤੇ ਲੇਬਰ ਦੇ ਰੇਟ ਵਿੱਚ ਵਾਧਾ ਕਰਨਾ ਚਾਹੁੰਦੀ ਹੈ ਤਾਂ ਕੁਝ ਰੇਟ ਨੂੰ ਠੀਕ ਕੀਤਾ ਜਾਣਾ ਹੈ, ਇਸੇ ਕਰਕੇ ਨਵੀਂ ਪਾਲਿਸੀ ਨੂੰ ਕੈਬਨਿਟ ਵਿੱਚੋਂ ਪਾਸ ਕਰਵਾਇਆ ਜਾਏਗਾ।