![Punjab-News Punjab News](https://sachkahoonpunjabi.com/wp-content/uploads/2025/02/Punjab-News-12-696x406.jpg)
Punjab News: 5 ਲੱਖ ਤੋਂ ਜ਼ਿਆਦਾ ਅਰਜ਼ੀਆਂ ਪੈਂਡਿੰਗ, ਫਰਵਰੀ ਮਹੀਨੇ ਨਹੀਂ ਐ ਸਮਾਰਟ ਕਾਰਡ ਮਿਲਣ ਦੀ ਆਸ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਜੇਕਰ ਤੁਸੀਂ ਡਰਾਈਵਿੰਗ ਲਾਇਸੰਸ ਮਿਲਣ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੀ ਇਹ ਉਡੀਕ ਹੋਰ ਵੀ ਜ਼ਿਆਦਾ ਲੰਮੀ ਹੋ ਸਕਦੀ ਹੈ ਕਿਉਂਕਿ ਪੰਜਾਬ ਦਾ ਟਰਾਂਸਪੋਰਟ ਵਿਭਾਗ ਘੱਟ ਤੋਂ ਘੱਟ ਇਸ ਫਰਵਰੀ ਮਹੀਨੇ ਵਿੱਚ ਇੱਕ ਵੀ ਡਰਾਈਵਿੰਗ ਲਾਈਸੰਸ ਜਾਰੀ ਨਹੀਂ ਕਰਨ ਜਾ ਰਿਹਾ । ਇਹ ਹਾਲ ਸਿਰਫ਼ ਡਰਾਇਵਿੰਗ ਲਾਇਸੰਸ ਦਾ ਹੀ ਨਹੀਂ ਹੈ, ਸਗੋਂ ਨਵੀਂ ਜਾਂ ਫਿਰ ਪੁਰਾਣੀ ਗੱਡੀ ਦੀ ਖ਼ਰੀਦ ਕਰਨ ਮੌਕੇ ਵੀ ਮਿਲਣ ਵਾਲੀ ਆਰਸੀ ਨਾਲ ਵੀ ਇਹੋ ਜਿਹਾ ਹਾਲ ਚੱਲ ਰਿਹਾ ਹੈ।
Read Also : Punjab News: 25 ਫਰਵਰੀ ਸਬੰਧੀ ਪੰਜਾਬ ’ਚ ਹੋਇਆ ਵੱਡਾ ਐਲਾਨ, ਹਲਚਲ ਤੇਜ਼
ਹਾਲਾਤ ਅਜਿਹੇ ਹਨ ਕਿ ਹੁਣ ਪੰਜਾਬ ਵਿੱਚ ਡਰਾਇਵਿੰਗ ਲਾਇਸੰਸ ਅਤੇ ਆਰਸੀ ਦੀਆਂ ਪੈਂਡਿੰਗ ਅਰਜ਼ੀਆਂ ਦਾ ਅੰਕੜਾ 5 ਲੱਖ ਤੋਂ ਜ਼ਿਆਦਾ ਪਾਰ ਕਰ ਗਿਆ ਹੈ ਅਤੇ ਇਸ ਫਰਵਰੀ ਮਹੀਨੇ ਵਿੱਚ ਇਹੋ 6 ਜਾਂ ਫਿਰ 7 ਲੱਖ ਤੱਕ ਵੀ ਪੁੱਜ ਸਕਦਾ ਹੈ। ਇਸ ਦੇ ਬਾਵਜੂਦ 28 ਫਰਵਰੀ ਤੋਂ ਪਹਿਲਾਂ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਗੱਡੀਆਂ ਦੀ ਆਰਸੀ ਜਾਂ ਫਿਰ ਡਰਾਇਵਿੰਗ ਲਾਇਸੰਸ ਮਿਲਣ ਵਾਲਾ ਨਹੀਂ । ਇਸ ਪਿੱਛੇ ਸਮਾਰਟ ਕਾਰਡ ਦੇ ਖ਼ਤਮ ਹੋਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਸਮਾਰਟ ਕਾਰਡ ਦੀ ਖ਼ਰੀਦ ਕਰਨ ਦਾ ਟੈਂਡਰ ਜ਼ਰੂਰ ਜਾਰੀ ਕਰ ਦਿੱਤਾ ਗਿਆ ਹੈ ਪਰ ਇਹ ਟੈਂਡਰ ਰਾਹੀਂ 28 ਫਰਵਰੀ ਤੋਂ ਬਾਅਦ ਹੀ ਸਮਾਰਟ ਕਾਰਡ ਦੀ ਸਪਲਾਈ ਸ਼ੁਰੂ ਹੋਵੇਗੀ। Punjab News
ਟਰਾਂਸਪੋਰਟ ਵਿਭਾਗ ਜਾਰੀ ਕਰ ਰਿਹਾ ਐ ਟੈਂਡਰ, 28 ਫਰਵਰੀ ਤੋਂ ਬਾਅਦ ਸ਼ੁਰੂ ਹੋਵੇਗੀ ਸਪਲਾਈ | Punjab News
ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਨਵੀਂਆਂ ਅਤੇ ਪੁਰਾਣੀ ਗੱਡੀਆਂ ਸਣੇ ਡਰਾਈਵਿੰਗ ਲਾਇਸੰਸ ਦਾ ਰਿਕਾਰਡ ਆਨਲਾਈਨ ਕਰਨ ਦੇ ਨਾਲ ਹੀ ਸਮਾਰਟ ਕਾਰਡ ਹੀ ਬਣਾ ਕੇ ਦੇਣ ਦੇ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਵੀ ਪਿਛਲੇ ਕੁਝ ਸਾਲਾਂ ਤੋਂ ਡਰਾਈਵਿੰਗ ਲਾਇਸੰਸ ਤੋਂ ਲੈ ਕੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਦਾ ਸਮਾਰਟ ਕਾਰਡ ਹੀ ਬਣਾ ਕੇ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਮਾਰਟ ਕਾਰਡ ਨੂੰ ਪ੍ਰਿੰਟਿੰਗ ਕਰਨ ਦਾ ਕੰਮ ਆਪਣੇ ਕੋਲ ਰੱਖ ਲਿਆ ਗਿਆ ਹੈ, ਜਦੋਂ ਕਿ ਸਮਾਰਟ ਕਾਰਡ ਦੀ ਖ਼ਰੀਦ ਪ੍ਰਾਈਵੇਟ ਕੰਪਨੀਆਂ ਤੋਂ ਕੀਤੀ ਜਾ ਰਹੀ ਹੈ।
ਪਿਛਲੇ ਸਮੇਂ ਸਮਾਰਟ ਕਾਰਡ ਕੰਪਨੀ ਨਾਲ ਸਰਕਾਰ ਦਾ ਵਿਵਾਦ ਹੋਣ ਕਾਰਨ ਸਮਾਰਟ ਕਾਰਡ ਦੀ ਸਪਲਾਈ ਠੱਪ ਹੋ ਗਈ ਸੀ, ਜਿਸ ਕਾਰਨ ਪੰਜਾਬ ਭਰ ਵਿੱਚ ਡਰਾਈਵਿੰਗ ਲਾਇਸੰਸ ਅਤੇ ਨਵੀਂਆਂ ਪੁਰਾਣੀ ਗੱਡੀਆਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਨੂੰ ਦੇਣ ਵਿੱਚ ਟਰਾਂਸਪੋਰਟ ਵਿਭਾਗ ਅਸਮਰਥ ਹੋਇਆ ਪਿਆ ਹੈ। ਪੰਜਾਬ ਵਿੱਚ ਇਸ ਸਮੇਂ 5 ਲੱਖ ਤੋਂ ਜ਼ਿਆਦਾ ਡਰਾਇਵਿੰਗ ਲਾਇਸੰਸ ਅਤੇ ਆਰਸੀ ਦੀਆਂ ਅਰਜ਼ੀਆਂ ਪੈਂਡਿੰਗ ਪਈਆਂ ਹਨ।
ਇਸ ਪੈਂਡਿੰਗ ਕੰਮ ਨੂੰ ਦੇਖਦੇ ਹੋਏ ਟਰਾਂਸਪੋਰਟ ਵਿਭਾਗ ਵਲੋਂ 15 ਲੱਖ ਸਮਾਰਟ ਕਾਰਡ ਦਾ ਆਰਡਰ ਦੇਣ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ, ਜਿਹੜਾ ਕਿ 28 ਫਰਵਰੀ ਦੇ ਲਗਭਗ ਟੈਂਡਰ ਖੁੱਲ੍ਹਣ ਤੋਂ ਬਾਅਦ ਪੰਜਾਬ ਵਿੱਚ ਸਮਾਰਟ ਕਾਰਡ ਦੀ ਸਪਲਾਈ ਹੋ ਸਕੇਗੀ। ਇਸ ਤੋਂ ਬਾਅਦ ਹੀ ਪੰਜਾਬ ਦੇ ਲੋਕਾਂ ਨੂੰ ਡਰਾਈਵਿੰਗ ਲਾਇਸੰਸ ਅਤੇ ਆਰਸੀ ਮਿਲ ਸਕੇਗੀ।
ਜਲਦ ਹੀ ਮੁਸ਼ਕਲ ਤੋਂ ਮਿਲੇਗੀ ਨਿਜਾਤ, ਕੰਮ ਕਰ ਰਿਹਾ ਐ ਵਿਭਾਗ : ਲਾਲਜੀਤ ਭੁੱਲਰ
ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਮਾਰਟ ਕਾਰਡ ਦੀ ਸਪਲਾਈ ਪ੍ਰਭਾਵਿਤ ਹੋਣ ਕਰਕੇ ਹੀ ਡਰਾਈਵਿੰਗ ਲਾਇਸੰਸ ਤੋਂ ਲੈ ਕੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਨੂੰ ਦੇਣ ਵਿੱਚ ਪਰੇਸ਼ਾਨੀ ਆ ਰਹੀ ਸੀ ਪਰ ਹੁਣ ਨਵਾਂ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਇਸ ਦਿੱਕਤ ਤੋਂ ਨਿਜਾਤ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਇਸ ਕੰਮ ਵਿੱਚ ਲੱਗਿਆ ਹੋਇਆ ਹੈ ਅਤੇ ਭਵਿੱਖ ਵਿੱਚ ਕੋਈ ਪਰੇਸ਼ਾਨੀ ਨਾ ਆਵੇ, ਇਸ ਲਈ ਪੈਂਡਿੰਗ ਅਰਜ਼ੀਆਂ ਤੋਂ ਤਿੰਨ ਗੁਣਾ ਜ਼ਿਆਦਾ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।