ਦੋ ਦਿਨਾਂ ‘ਚ 43 ਲੱਖ ਦੀਆਂ ਕਿਤਾਬਾਂ ਲੈ ਗਏ ਕਿਤਾਬਾਂ ਦੇ ਪੁਜਾਰੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਵਿਖੇ ਲੱਗਿਆ ਪੁਸਤਕ ਮੇਲਾ ਪੁਸਤਕ ਪ੍ਰੇਮੀਆਂ ‘ਚ ਵੱਖਰਾ ਜੋਸ਼ ਭਰ ਰਿਹਾ ਹੈ। ਇਸ ਮੇਲੇ ਅੰਦਰ ਕਿਤਾਬਾਂ ਦੇ ਸ਼ੌਕੀਨ ਮੌਸਮ ਦੀ ਪਰਵਾਹ ਵੀ ਨਹੀਂ ਕਰ ਰਹੇ। ਭਾਵੇਂ ਬੱਦਲ ਜਾਂ ਮੀਂਹ ਕੁਝ ਵਿਘਨ ਪਾਉਣ ਦਾ ਯਤਨ ਜ਼ਰੂਰ ਕਰਦਾ ਹੈ, ਪਰ ਪੁਸਤਕ ਪ੍ਰੇਮੀਆਂ ਦੀਆਂ ਸਟਾਲਾਂ ‘ਤੇ ਆਮਦ ਘੱਟ ਨਹੀਂ ਹੋ ਰਹੀ। ਪੁਸਤਕ ਮੇਲੇ ਦੇ ਦੂਜੇ ਦਿਨ ਹੀ ਅੱਜ ਕਿਤਾਬਾਂ ਦੀ ਵਿਕਰੀ 43 ਲੱਖ ਰੁਪਏ ‘ਤੇ ਪੁੱਜ ਗਈ, ਜੋ ਕਿ ਆਚੰਭਾ ਸਾਬਤ ਹੋ ਰਹੀ ਹੈ, ਜਦਕਿ ਤਿੰਨ ਦਿਨ ਪੁਸਤਕ ਮੇਲਾ ਹੋਰ ਚੱਲੇਗਾ।
ਜਾਣਕਾਰੀ ਅਨੁਸਾਰ ਪੰਜਾਬੀ ਯੂਨਵਰਸਿਟੀ ਵਿਖੇ ਪੰਜ ਰੋਜ਼ਾ ਪੁਸਤਕ ਮੇਲਾ ਚੱਲ ਰਿਹਾ ਹੈ, ਜਿਸ ਦਾ ਕਿ ਅੱਜ ਦੂਜਾ ਦਿਨ ਸੀ। ਪਹਿਲੇ ਦਿਨ ਹੀ ਪੁਸਤਕ ਮੇਲੇ ਅੰਦਰ 20 ਲੱਖ ਰੁਪਏ ਦੀਆਂ ਕਿਤਾਬਾਂ ਦੀ ਵਿੱਕਰੀ ਹੋਈ ਸੀ, ਜਦਕਿ ਦੂਜੇ ਦਿਨ ਇਹ ਵਿਕਰੀ 23 ਲੱਖ ਰੁਪਏ ‘ਤੇ ਪੁੱਜ ਗਈ। ਦੋ ਦਿਨਾਂ ਵਿੱਚ ਹੀ 43 ਲੱਖ ਰੁਪਏ ਦੀਆਂ ਪੁਸਤਕਾਂ ਵਿਕ ਗਈਆਂ, ਜਿਸ ਨੂੰ ਦੇਖ ਕੇ ਯੂਨੀਵਰਸਿਟੀ ਪ੍ਰਸ਼ਾਸਨ ਵੀ ਹੈਰਾਨ ਹੈ। ਸਾਹਿਤਕ ਪ੍ਰੇਮੀ ਹੁੰਮ ਹੁਮਾ ਕੇ ਇਸ ਪੁਸਤਕ ਮੇਲੇ ਵਿੱਚ ਪੁੱਜ ਰਹੇ ਹਨ। ਅਗਲੇ ਦਿਨਾਂ ਵਿੱਚ ਇਸ ਪੁਸਤਕ ਮੇਲੇ ਅੰਦਰ ਵੱਡੀ ਵਿਕਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਖੁਸ਼ੀ ਵਿੱਚ ਖੀਵੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਇੰਜ ਵੀ ਹੋ ਸਕਦਾ ਹੈ, ਇਹ ਤਾਂ ਸੋਚਿਆ ਤੱਕ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਨਿਰਾਸ਼ ਸਨ ਕਿ ਮੀਂਹ ਪੁਸਤਕ ਮੇਲੇ ਲਈ ਵੱਡੀ ਸਮੱਸਿਆ ਬਣ ਕੇ ਆਇਆ ਹੈ, ਪਰ ਨਤੀਜੇ ਇਸ ਦੇ ਉਲਟ ਰਹੇ। ਅਸੀਂ ਘਰ ਘਰ ਪੁਸਤਕ ਪਹੁੰਚਾਉਣ ਦਾ ਜੋ ਟੀਚਾ ਨਿਸ਼ਚਿਤ ਕੀਤਾ ਹੈ ਉਸ ਵਿਚ ਅਸੀਂ ਸਫਲ ਹੋਵਾਂਗੇ। ਇਸ ਪੁਸਤਕ ਮੇਲੇ ਵਿੱਚ 110 ਪਬਲਿਸ਼ਰਾਂ ਵੱਲੋਂ ਸਟਾਲਾਂ ਲਗਾਈਆਂ ਗਈਆਂ ਹਨ ਅਤੇ ਵੱਖੋਂ ਵੱਖਰੀਆਂ ਸਟਾਲਾਂ ਉੱਪਰ ਸਾਹਿਤਕ ਦੀ ਚੇਟਕ ਵਾਲੇ ਕਿਤਾਬਾਂ ‘ਚ ਖੋਏ ਹੋਏ ਦਿਖਾਈ ਦਿੱਤੇ।
ਪਬਲੀਕੇਸ਼ਨ ਬਿਊਰੋ ਅਤੇ ਮੇਲੇ ਦੇ ਡਾਇਰੈਕਟਰ ਡਾ. ਸਰਬਜਿੰਦਰ ਸਿੰਘ ਦਾ ਕਹਿਣਾ ਸੀ ਕਿ ਪਬਲੀਕੇਸ਼ਨ ਬਿਊਰੋ ਦੀਆਂ ਅੱਜ ਵੀ ਪੁਸਤਕਾਂ ਦੀ ਹੋਈ ਖਰੀਦੋਂ ਫਰੋਖਤ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਖਾਲਸਾ ਕਾਲਜ ਪਟਿਆਲਾ ਅਤੇ ਬਾਬਾ ਬੰਦਾ ਬਹਾਦਰ ਸੰਪ੍ਰਦਾਇ ਵੱਲੋਂ ਹੀ ਇੱਕ-ਇੱਕ ਲੱਖ ਰੁਪਏ ਦੀਆਂ ਪੁਸਤਕਾਂ ਖਰੀਦੀਆਂ। ਚੁੰਨੀ ਕਾਲਜ ਵੱਲੋਂ ਇੱਕ ਲੱਖ ਰੁਪਏ ਦੀਆਂ ਪੁਸਤਕਾਂ ਖਰੀਦੀਆਂ ਗਈਆਂ ਜਦਕਿ 50 ਹਜ਼ਾਰ ਦੀਆਂ ਪੁਸਤਕਾਂ ਇੱਕ ਹੋਰ ਕਾਲਜ ਵੱਲੋਂ ਖਰੀਦੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਤੱਕ 43 ਲੱਖ ਰੁਪਏ ਦੀਆਂ ਪੁਸਤਕਾਂ ਵਿਕ ਚੁੱਕੀਆਂ ਹਨ। ਇਸ ਪੁਸਤਕ ਮੇਲੇ ਵਿੱਚ ਪ੍ਰਸਿੱਧ ਪੱਤਰਕਾਰ ਵੀ ਪੁੱਜ ਕੇ ਕਿਤਾਬਾਂ ਦੀ ਖਰੀਦੋ-ਫਰੋਖਤ ਕਰ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਇਸ ਪੁਸਤਕ ਮੇਲੇ ਵਿੱਚ ਰਿਕਾਰਡ ਤੋੜ ਵਿੱਕਰੀ ਹੋਈ ਸੀ ਅਤੇ ਇਸ ਵਾਰ ਵੀ ਇਹ ਪੁਸਤਕ ਮੇਲਾ ਨਵੇਂ ਮੀਲ ਪੱਥਰ ਸਾਬਤ ਕਰੇਗਾ। punjabi,
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।