ਪ੍ਰਧਾਨਗੀ ਪਦ ਸਮੇਤ ਹੋਰ ਅਹਿਮ ਅਹੁਦਿਆਂ ‘ਤੇ ਕੀਤਾ ਕਬਜ਼ਾ | Punjabi Varsity Elections
- ਡਾ. ਜਸਵਿੰਦਰ ਸਿੰਘ ਬਰਾੜ ਪ੍ਰਧਾਨ ਅਤੇ ਸੁਮਨਦੀਪ ਕੌਰ ਬਣੇ ਵਾਈਸ ਪ੍ਰਧਾਨ | Punjabi Varsity Elections
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱਜ ਹੋਈਆਂ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਟੀਚਰਜ਼ ਯੂਨਾਈਟਿਡ ਫਰੰਟ ਨੇ ਆਪਣੇ ਵਿਰੋਧੀ ਧੜੇ ਪ੍ਰੋਗਰੈਸਿਵ ਟੀਚਰਜ਼ ਫਰੰਟ ਨੂੰ ਫਸਵੀਂ ਟੱਕਰ ‘ਚ ਪਛਾੜਦਿਆਂ ਪ੍ਰਧਾਨਗੀ ਸਮੇਤ ਹੋਰ ਅਹੁਦਿਆਂ ‘ਤੇ ਕਬਜ਼ਾ ਕਰ ਲਿਆ। ਇਨ੍ਹਾਂ ਚੋਣਾਂ ਸਬੰਧੀ ਪਿਛਲੇ ਕਈ ਦਿਨਾਂ ਤੋਂ ਵਿੱਦਿਆ ਦੇ ਇਸ ਮੰਦਿਰ ਵਿੱਚ ਚੋਣ ਅਖਾੜਾ ਭਖਿਆ ਹੋਇਆ ਸੀ। ਅੱਜ ਸ਼ਾਮ ਨੂੰ ਆਏ ਇਨ੍ਹਾਂ ਚੋਣ ਨਤੀਜਿਆਂ ਵਿੱਚ ਟੀਚਰਜ਼ ਯੂਨਾਈਟਿਡ ਫਰੰਟ ਵੱਲੋਂ ਡਾ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਨਿਕਟ ਵਿਰੋਧੀ ਭੁਪਿੰਦਰ ਸਿੰਘ ਵਿਰਕ ਨੂੰ ਕਾਂਟੇ ਦੀ ਟੱਕਰ ਵਿੱਚ 13 ਵੋਟਾਂ ਨਾਲ ਹਰਾ ਕੇ ਪ੍ਰਧਾਨਗੀ ਹਾਸਲ ਕਰ ਲਈ। (Punjabi Varsity Elections)
ਇਸ ਤੋਂ ਇਲਾਵਾ ਵਾਈਸ ਪ੍ਰਧਾਨ ਦਾ ਅਹੁਦਾ ਪ੍ਰੋਗਰੈਸਿਵ ਟੀਚਰਜ਼ ਫਰੰਟ ਦੇ ਹਿੱਸੇ ਗਿਆ ਹੈ। ਵਾਈਸ ਪ੍ਰਧਾਨ ਦੀ ਚੋਣ ਸੁਮਨਦੀਪ ਕੌਰ ਨੇ ਹਰਜਿੰਦਰ ਸਿੰਘ ਨੂੰ 12 ਵੋਟਾਂ ਨਾਲ ਹਰਾ ਕੇ ਜਿੱਤੀ। ਸਕੱਤਰ ਦੀ ਚੋਣ ਸਾਬਕਾ ਵਿਦਿਆਰਥੀ ਨੇਤਾ ਪ੍ਰੋ: ਗੁਰਨਾਮ ਸਿੰਘ ਵਿਰਕ ਨੇ ਆਪਣੇ ਨਿਕਟ ਵਿਰੋਧੀ ਜਸਦੀਪ ਸਿੰਘ ਤੂਰ 11 ਵੋਟਾਂ ਨਾਲ ਹਰਾ ਕੇ ਆਪਣੀ ਝੋਲੀ ਪਾਈ। ਜਦਕਿ ਜੁਆਇੰਟ ਸੈਕਟਰੀ ਕਮ ਖਜਾਨਚੀ ਦੇ ਅਹੁਦੇ ‘ਤੇ ਪੂਨਮ ਪਤਿਆਰ ਨੇ ਗੁਰਪੀਤ ਸਿੰਘ ਧਨੋਆ ਨੂੰ ਧੋਬੀ ਪਟਕਾ ਦਿੰਦਿਆਂ 11 ਵੋਟਾਂ ਨਾਲ ਚੋਣ ਜਿੱਤ ਲਈ।
ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਿੱਚੋਂ ਟੀਚਰਜ਼ ਫਰੰਟ ਦੇ ਪੰਜ ਮੈਂਬਰਾਂ ਨੇ ਕਬਜਾ ਜਮਾਇਆ ਹੈ ਜਦਕਿ ਪ੍ਰੋਗਰੈਸਿਵ ਫਰੰਟ ਦੇ ਤਿੰਨ ਮੈਂਬਰ ਚੋਣ ਜਿੱਤੇ ਹਨ। ਇਨ੍ਹਾਂ ਵਿੱਚ ਟੀਚਰਜ਼ ਫਰੰਟ ਦੇ ਅਵਨੀਤ ਪਾਲ ਸਿੰਘ 113 ਵੋਟਾਂ ਨਾਲ, ਸਿਕੰਦਰ ਸਿੰਘ ਚੀਮਾ 72 ਵੋਟਾਂ ਨਾਲ, ਹਰੀਸ਼ ਕੁਮਾਰ 68 ਵੋਟਾਂ ਨਾਲ ਜਦਕਿ ਅਸੋਕ ਬਠਲਾ 56 ਵੋਟਾਂ ਨਾਲ ਜੇਤੂ ਰਿਹਾ ਹੈ। ਪ੍ਰੋਗਰੈਸਿਵ ਫਰੰਟ ਦੇ ਪ੍ਰੋ. (ਡਾ) ਪਰਮਜੀਤ ਕੌਰ ਗਿੱਲ ਰਾਜਨੀਤੀ ਵਿਗਿਆਨ ਵਿਭਾਗ, ਬਲਰਾਜ ਸਿੰਘ ਅਤੇ ਚਰਨਜੀਤ ਸਿੰਘ ਨੇ ਕਾਰਜਕਾਰੀ ਮੈਂਬਰਾਂ ਵਜੋਂ ਚੋਣ ਜਿੱਤੀ ਹੈ।