ਸਮਾਜ ਵਿਚ ਕਈ ਤਰ੍ਹਾਂ ਦੀਆਂ ਬੁਰਾਈਆਂ ਫ਼ੈਲੀਆਂ ਸਨ। ਨੈਤਿਕਤਾ ਤੇ ਇਨਸਾਨੀਅਤ ਦਾ ਪਤਨ ਹੁੰਦਾ ਜਾ ਰਿਹਾ ਸੀ। ਅਜਿਹੇ ਸਮੇਂ ਇੱਕ ਫ਼ਕੀਰ ਨੇ ਸਮਾਜ ਸੁਧਾਰ ਦਾ ਕੰਮ ਸ਼ੁਰੂ ਕੀਤਾ। ਇੱਥੋਂ ਤੱਕ ਕਿ ਸਮਾਜ ਦੇ ਕੁਝ ਭ੍ਰਿਸ਼ਟ ਲੋਕਾਂ ਨੇ ਉਨ੍ਹਾਂ ਦੇ ਚਰਿੱਤਰ ਨੂੰ ਹੀ ਬਦਨਾਮ ਕਰਨ ਦੀਆਂ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸੁਣ ਕੇ ਫ਼ਕੀਰ ਦੇ ਮੁਰੀਦਾਂ ਨੂੰ ਬੁਰਾ ਲੱਗਾ। (Punjabi Motivational Story)
ਉਨ੍ਹਾਂ ਨੇ ਆਪਣੇ ਗੁਰੂ ਨੂੰ ਕਿਹਾ ਕਿ ਗੁਰੂਦੇਵ! ਉਨ੍ਹਾਂ ਨੂੰ ਆਖੋ ਕਿ ਤੁਹਾਡੇ ਬਾਰੇ ਹੋ ਰਹੇ ਕੂੜ ਪ੍ਰਚਾਰ ਨੂੰ ਬੰਦ ਕਿਉਂ ਨਹੀਂ ਕਰਵਾ ਦਿੰਦੇ? ਜਿਨ੍ਹਾਂ ਲੋਕਾਂ ਲਈ ਤੁਸੀਂ ਇੰਨਾ ਕੁਝ ਕਰ ਰਹੇ ਹੋ, ਉਨ੍ਹਾਂ ਨੂੰ ਇਸ ਦੀ ਕਦਰ ਹੀ ਨਹੀਂ ਪਤਾ। ਅਜਿਹੇ ਲੋਕਾਂ ਲਈ ਸਮਾਜ ਸੁਧਾਰ ਦਾ ਕੰਮ ਕਰਨਾ ਹੀ ਬੇਕਾਰ ਹੈ। ਮੁਰੀਦਾਂ ਦੀਆਂ ਗੱਲਾਂ ਸੁਣ ਕੇ ਫ਼ਕੀਰ ਬੋਲੇ, ‘‘ਬੇਟਾ! ਇਸ ਦਾ ਜਵਾਬ ਮੈਂ ਜ਼ਰੂਰ ਦਿਆਂਗਾ ਪਰ ਪਹਿਲਾਂ ਤੁਸੀਂ ਇਹ ਹੀਰਾ ਲੈ ਕੇ ਬਜ਼ਾਰ ਜਾਓ ਤੇ ਸਬਜ਼ੀ ਬਜ਼ਾਰ ਤੇ ਜੌਹਰੀ ਬਜ਼ਾਰ ਦੋਵਾਂ ਥਾਵਾਂ ’ਤੇ ਜਾ ਕੇ ਇਸ ਹੀਰੇ ਦੀ ਕੀਮਤ ਪੁੱਛ ਕੇ ਆਓ।’’
Also Read : Patiala News: ਪਰਨੀਤ ਕੌਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨ ਦੀ ਮੌਤ
ਕੁਝ ਸਮੇਂ ਪਿੱਛੋਂ ਮੁਰੀਦ ਵਾਪਸ ਆਏ ਤੇ ਬੋਲੇ, ‘‘ਸਬਜ਼ੀ ਮੰਡੀ ’ਚ ਤਾਂ ਇਸ ਹੀਰੇ ਨੂੰ ਕੋਈ ਇੱਕ ਹਜ਼ਾਰ ਤੋਂ ਵੱਧ ਖਰੀਦਣ ਲਈ ਤਿਆਰ ਹੀ ਨਹੀਂ ਸੀ, ਜਦੋਂਕਿ ਜੌਹਰੀ ਬਜ਼ਾਰ ’ਚ ਇਸ ਹੀਰੇ ਨੂੰ ਕਈ ਲੱਖਾਂ ਰੁਪਏ ਦੇ ਕੇ ਹੱਥੋ-ਹੱਥ ਖਰੀਦਣ ਲਈ ਤਿਆਰ ਹਨ।’’ ਫ਼ਕੀਰ ਨੇ ਕਿਹਾ, ‘‘ਬੇਟਾ! ਤਹਾਡੇ ਸਵਾਲ ਦਾ ਸਹੀ ਜਵਾਬ ਇਸੇ ਘਟਨਾ ’ਚ ਲੁਕਿਆ ਹੋਇਆ ਹੈ। ਚੰਗੇ ਕੰਮ ਵੀ ਹੀਰੇ ਵਾਂਗ ਅਨਮੋਲ ਹੁੰਦੇ ਹਨ, ਪਰ ਉਨ੍ਹਾਂ ਦੀ ਕੀਮਤ ਕੋਈ ਪਾਰਖੂ ਹੀ ਜਾਣ ਸਕਦਾ ਹੈ। ਆਮ ਲੋਕ ਚੰਗੇ ਕੰਮਾਂ ਦੀ ਅਹਿਮੀਅਤ ਨਹੀਂ ਜਾਣ ਸਕਦੇ ਤੇ ਬੁਰਾਈ ਦੇ ਰਾਹ ’ਤੇ ਚੱਲਣ ਵਾਲੇ ਲੋਕ ਤਾਂ ਚੰਗੇ ਕੰਮ ਕਰਨ ਵਾਲੇ ਇਨਸਾਨ ਨੂੰ ਆਪਣਾ ਦੁਸ਼ਮਣ ਸਮਝ ਕੇ ਉਸ ਦੀ ਝੂਠੀ ਨਿੰਦਿਆ ਜਾਂ ਬੁਰਾਈ ਕਰਦੇ ਹੀ ਹਨ।’’