ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ | ਪੂਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਖੇਡਾਂ ਦੇ ਤੀਜੇ ਦਿਨ ਪੰਜਾਬ ਦੇ ਖਿਡਾਰੀਆਂ ਨੇ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਦਿਆਂ ਤਿੰਨ ਸੋਨ ਤਮਗਿਆਂ ਸਣੇ ਕੁੱਲ 8 ਤਮਗੇ ਜਿੱਤੇ। ਇਹ ਜਾਣਕਾਰੀ ਪੰਜਾਬ ਦੇ ਖੇਡ ਦਲ ਦੇ ਮੁਖੀ ਅਤੇ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦਿੱਤੀ।
ਸ੍ਰੀਮਤੀ ਗਿੱਲ ਨੇ ਦੱਸਿਆ ਨੇ ਜੂਡੋ ਵਿੱਚ ਪੰਜਾਬ ਨੇ ਅੱਜ ਦੋ ਸੋਨ ਤਮਗੇ ਜਿੱਤੇ। ਅੰਡਰ 17 ਵਿੱਚ 81 ਕਿਲੋ ਭਾਰ ਵਰਗ ਵਿੱਚ ਪਰਮਵੀਰ ਸਿੰਘ ਮਾਨ ਅਤੇ 81 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਜਗਤਾਰ ਸਿੰਘ ਨੇ ਸੋਨ ਤਮਗਾ ਜਿੱਤਿਆ। ਜੈਸਮੀਨ ਕੌਰ ਨੇ ਅੰਡਰ-17 ਦੇ ਸ਼ਾਟਪੁੱਟ ਈਵੈਂਟ ਵਿੱਚ 14.19 ਗੋਲਾ ਸੁੱਟ ਕੇ ਸੋਨੇ ਦਾ ਤਮਗਾ ਜਿੱਤਿਆ।
ਉਨਾਂ ਅੱਗੇ ਦੱਸਿਆ ਕਿ ਸੁਮਨ ਰਾਣੀ ਨੇ ਅੰਡਰ-21 ਦੀ 5000 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰਾਂ ਅਰਸ਼ਦੀਪ ਸਿੰਘ ਨੇ ਅੰਡਰ-21 ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ 67.25 ਮੀਟਰ ਥਰੋਅ ਨਾਲ ਕਾਂਸੀ ਦਾ ਤਮਗਾ ਅਤੇ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਅੰਡਰ 21 ਦੇ ਏਅਰ ਰਾਈਫਲ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਖੁਸ਼ਬੀਨ ਵੜੈਚ ਨੇ ਤੀਹਰੀ ਛਾਲ ਵਿੱਚ 12.55 ਮੀਟਰ ਛਾਲ ਲਾ ਕੇ ਕਾਂਸੀ ਦਾ ਤਮਗਾ ਜਿੱਤਿਆ। ਕੁਸ਼ਤੀ ਦੇ 60 ਕਿਲੋ ਅੰਡਰ 17 ਵਰਗ ਵਿੱਚ ਸਾਹਿਲ ਨੇ ਕਾਂਸੀ ਦਾ ਤਮਗਾ ਜਿੱਤਿਆ।
ਖੇਡ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਜੋ ਕਿ ਖੁਦ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਪੂਣੇ ਵਿਖੇ ਮੌਜੂਦ ਹਨ, ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨਾਂ ਹੋਰਨਾਂ ਖਿਡਾਰੀਆਂ ਜਿਨਾਂ ਨੇ ਆਉਣ ਵਾਲੇ ਦਿਨਾਂ ਵਿੱਚ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੈ, ਨੂੰ ਚੰਗੇ ਪ੍ਰਦਰਸ਼ਨ ਲਈ ਹੌਸਲਾ ਅਫ਼ਜ਼ਾਈ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ