120 ਸ਼ਹਿਰੀ ਸਥਾਨਕ ਇਕਾਈਆਂ ਨੇ ਟੀਚਾ ਪੂਰਾ ਕਰਨ ਦਾ ਕੀਤਾ ਐਲਾਨ, ਬਾਕੀ ਨੂੰ ਤੈਅ ਸਮੇਂ ਅੰਦਰ ਪੂਰਾ ਕਰਨ ਦੇ ਨਿਰਦੇਸ਼
- ਸ਼ਹਿਰੀ ਇਕਾਈਆਂ ਦੀ ਮੰਗ ਅਨੁਸਾਰ ਵਿਅਕਤੀਗਤ/ਕਮਿਊਨਟੀ/ਜਨਤਕ ਪਖਾਨਿਆਂ ਲਈ 40.82 ਕਰੋੜ ਰੁਪਏ ਜਾਰੀ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਅੱਜ ਵੀ ਚਲ ਰਹੇ ਖੁਲੇ ‘ਚ ਸੌਚ ਨੂੰ ਪੰਜਾਬ ਮੁਕਤ ਕਰਵਾਉਣ ਲਈ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਹੈ। ਪੰਜਾਬ ਨੂੰ ਖੁਲੇ ਸੌਚ ਤੋਂ ਮੁਕਤ ਕਰਵਾਉਣ ਲਈ ਸਰਕਾਰ ਵਲੋਂ 30 ਜੂਨ ਤੱਕ ਦਾ ਸਮਾਂ ਮਿਥਿਆ ਗਿਆ ਹੈ ਹਾਲਾਂਕਿ ਇਹ ਟੀਚਾ ਸਿਰਫ਼ ਸਹਿਰੀ ਇਲਾਕਿਆਂ ਲਈ ਹੀ ਰਖਿਆ ਗਿਆ ਹੈ, ਜਦੋਂ ਕਿ ਪੇਂਡੂ ਇਲਾਕਿਆਂ ਬਾਰੇ ਬਾਅਦ ਵਿੱਚ ਸਰਕਾਰ ਵਲੋਂ ਐਲਾਨ ਕੀਤਾ ਜਾਏਗਾ।
ਪੰਜਾਬ ਸਰਕਾਰ ਵਲੋਂ ਆਰੰਭੇ ‘ਤੰਦਰੁਸਤ ਪੰਜਾਬ ਮਿਸ਼ਨ’ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਨਵਜੋਤ ਸਿੰਘ ਸਿੱਧੂ ਦੇ ਮਾਰਗਦਰਸ਼ਨ ਤਹਿਤ ਸਾਰੇ ਸ਼ਹਿਰਾਂ ਨੂੰ ਖੁੱਲੇ ਵਿੱਚ ਸੌਚ (ਓ.ਡੀ.ਐਫ.) ਤੋਂ ਮੁਕਤ ਕਰਨ ਦੇ ਵਿੱਢੇ ਅਭਿਆਨ ਨੂੰ ਤੇਜ਼ ਕਰਦਿਆਂ 30 ਜੂਨ ਤੱਕ ਪੰਜਾਬ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਇਸ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਤੱਕ 120 ਸ਼ਹਿਰ ਖੁੱਲੇ ਵਿੱਚ ਸੌਚ ਤੋਂ ਮੁਕਤ ਹੋ ਗਏ ਹਨ ਜਦੋਂ ਕਿ ਬਾਕੀ ਰਹਿੰਦੇ 47 ਸ਼ਹਿਰ/ਕਸਬੇ 30 ਜੂਨ ਤੱਕ ਇਹ ਟੀਚਾ ਪੂਰਾ ਕਰ ਲੈਣਗੇ। ਇਸ ਮਿਸ਼ਨ ਦੀ ਪ੍ਰਾਪਤੀ ਲਈ ਵਿਭਾਗ ਵੱਲੋਂ 40.82 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਜਾਣਕਾਰੀ ਅਨੁਸਾਰ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰਾਂ ਵਿੱਚ ਖੁੱਲੇਆਮ ਫੈਲਾਈ ਜਾਂਦੀ ਗੰਦਗੀ ਦੀ ਸਮੱਸਿਆ ਨੂੰ ਦੂਰ ਕਰਨ ਦਾ ਅਹਿਦ ਲਿਆ ਗਿਆ ਹੈ। ਪੰਜਾਬ ਵਿੱਚ ਮੌਜੂਦ 167 ਸ਼ਹਿਰੀ ਸਥਾਨਕ ਇਕਾਈਆਂ ਵਿੱਚੋਂ 120 ਨੇ ਹੁਣ ਤੱਕ ਸਵੈ ਘੋਸ਼ਣਾ ਵਿੱਚ ਖੁੱਲੇ ਵਿੱਚ ਸੌਚ ਤੋਂ ਮੁਕਤ ਹੋਣ ਦਾ ਐਲਾਨ ਕਰ ਦਿੱਤਾ ਹੈ। ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਦੀ ਪੁਸ਼ਟੀ ਲਈ ਤੀਜੀ ਪਾਰਟੀ ਵੱਲੋਂ ਸਰਵੇਖਣ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਹੁਣ ਤੱਕ 72 ਸਥਾਨਕ ਸ਼ਹਿਰੀ ਇਕਾਈਆਂ ਦੇ ਸਵੈ ਘੋਸ਼ਣਾ ਦੀ ਪੁਸ਼ਟੀ ਹੋ ਗਈ ਹੈ ਜਦੋਂ ਕਿ ਬਾਕੀ ਦਾ ਕੰਮ ਜਾਰੀ ਹੈ।
ਬਾਕੀ ਰਹਿੰਦੀਆਂ 47 ਸ਼ਹਿਰੀ ਸਥਾਨਕ ਇਕਾਈਆਂ ਵੀ 30 ਜੂਨ ਤੱਕ ਖੁੱਲੇ ਵਿੱਚ ਸੌਚ ਤੋਂ ਮੁਕਤ ਹੋ ਜਾਣਗੀਆਂ ਜਿਸ ਉਪਰੰਤ ਪੰਜਾਬ ਦੇ ਸਮੂਹ ਸ਼ਹਿਰ ਤੇ ਕਸਬੇ ਕਵਰ ਹੋ ਜਾਣਗੇ। ਇਸ ਟੀਚੇ ਨੂੰ ਹਰ ਹੀਲੇ ਪੂਰਾ ਕਰਨ ਲਈ ਵਿਭਾਗ ਵੱਲੋਂ ਵੀ ਇਨਾਂ 47 ਸ਼ਹਿਰੀ ਸਥਾਨਕ ਇਕਾਈਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਬੁਲਾਰੇ ਨੇ ਦੱਸਿਆ ਕਿ ਘਰਾਂ ਵਿੱਚ ਬਣਨ ਵਾਲੇ ਵਿਅਕਤੀਗਤ ਪਖਾਨਿਆਂ ਅਤੇ ਕਮਿਊਨਟੀ ਤੇ ਜਨਤਕ ਪਖਾਨਿਆਂ ਲਈ ਆਈ ਮੰਗ ਅਨੁਸਾਰ ਵਿਭਾਗ ਵੱਲੋਂ ਸ਼ਹਿਰੀ ਇਕਾਈਆਂ ਨੂੰ 40.82 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਤੈਅ ਸਮੇਂ ਅੰਦਰ ਟੀਚਾ ਪੂਰਾ ਕੀਤਾ ਜਾ ਸਕੇ।