Punjab Weather Today: ਸਾਉਣ ਮਹੀਨੇ ’ਚ ਵੀ ਮੀਂਹ ਨੂੰ ਤਰਸੇ ਲੋਕ, ਹੁੰਮਸ ਭਰੀ ਗਰਮੀ ਨੇ ਕੱਢੇ ਵੱਟ

Punjab Weather Today

ਝੋਨੇ ਦੇ ਖੇਤਾਂ ’ਚ ਵੀ ਪਾਣੀ ਦੀ ਪੈਣ ਲੱਗੀ ਘਾਟ, ਟਿਊਬਵੈੱਲਾਂ ਦਾ ਵੀ ਦਮ ਪਿਆ ਨਿਕਲਿਆ | Punjab Weather Today

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Punjab Weather Today : ਭਰਵਾਂ ਮੀਂਹ ਨਾ ਪੈਣ ਕਾਰਨ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਜਿਉਣਾ ਦੁੱਬਰ ਕਰ ਦਿੱਤਾ ਹੈ। ਆਲਮ ਇਹ ਹੈ ਕਿ ਕਿਸਾਨਾਂ ਦਾ ਝੋਨੇ ’ਚ ਪਾਣੀ ਪੂਰਾ ਨਹੀਂ ਹੋ ਰਿਹਾ। ਇੱਧਰ ਬਿਜਲੀ ਦੇ ਕੱਟ ਵੀ ਆਮ ਲੋਕਾਂ ਨੂੰ ਸਤਾਉਣ ਲੱਗੇ ਹਨ ਤੇ ਬਿਜਲੀ ਦੀ ਮੰਗ ਲਗਾਤਾਰ ਵਧੀ ਰਹਿਣ ਕਾਰਨ ਪਾਵਰਕੌਮ ਨੂੰ ਔਖੀ ਸਥਿਤੀ ’ਚੋਂ ਲੰਘਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਾਉਣ ਦਾ ਮਹੀਨਾ ਭਰਵੇਂ ਮੀਂਹ ਲਈ ਜਾਣਿਆ ਜਾਂਦਾ ਹੈ ਤੇ ਸਾਉਣ ਮਹੀਨੇ ’ਚ ਸਾਉਣ ਦੀ ਝੜੀ ਲੱਗਣਾ ਪਹਿਲਾਂ ਆਮ ਗੱਲ ਸੀ, ਪਰ ਇਸ ਵਾਰ ਪਿਛਲੇ ਦੋਂ ਤਿੰਨ ਮਹੀਨਿਆਂ ਤੋਂ ਪੰਜਾਬ ਅੰਦਰ ਭਰਵੇਂ ਮੀਂਹ ਦੀ ਥਾਂ ਖੁਸ਼ਕੀ ਬਣੀ ਹੋਈ ਹੈ।

ਹੁੰਮਸ ਭਰੀ ਗਰਮੀ ਸਵੇਰ ਤੋਂ ਹੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਅਤੇ ਰਾਤ ਤੱਕ ਜਾਰੀ ਰਹਿੰਦੀ ਹੈ। ਆਮ ਲੋਕ ਮੀਂਹ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ, ਪਰ ਸਾਉਣ ਦਾ ਮਹੀਨਾ ਵੀ ਲੋਕਾਂ ਲਈ ਰਾਹਤ ਨਹੀਂ ਬਣ ਰਿਹਾ। ਮੀਂਹ ਨਾ ਪੈਣ ਕਾਰਨ ਝੋਨੇ ਦੇ ਖੇਤਾਂ ਵਿੱਚ ਪਾਣੀ ਦੀ ਘਾਟ ਬਣੀ ਹੋਈ ਹੈ। ਟਿਊਬਵੈਲਾਂ ਵਾਲੀ ਲਾਈਟ ਭਾਵੇਂ ਕਿ ਅੱਠ ਘੰਟੇ ਆ ਰਹੀ ਹੈ, ਪਰ ਫਿਰ ਵੀ ਕਿਸਾਨਾਂ ਦੇ ਖੇਤਾਂ ’ਚ ਪਾਣੀ ਪੂਰਾ ਨਹੀਂ ਪੈ ਰਿਹਾ।

Punjab Weather Today

ਟਿਊਬਵੈਲਾਂ ਰਾਹੀਂ ਧਰਤੀ ਦੀ ਹਿੱਕ ਵਿੱਚੋਂ ਕਿਸਾਨਾਂ ਵੱਲੋਂ ਲਗਾਤਾਰ ਪਾਣੀ ਕੱਢਿਆ ਜਾ ਰਿਹਾ ਹੈ। ਕਿਸਾਨ ਗਮਦੂਰ ਸਿੰਘ ਤੇ ਰਾਜ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਭਰਵਾਂ ਮੀਂਹ ਪਿਆ ਹੈ ਤੇ ਝੋਨੇ ਦਾ ਪਤਾ ਵੀਂ ਨਹੀਂ ਲੱਗਿਆ। ਇਸ ਵਾਰ ਤਾ ਝੋਨੇ ਦੇ ਖੇਤ ਮੀਂਹ ਨਾ ਪੈਣ ਕਾਰਨ ਖਾਲੀ ਹੋ ਰਹੇ ਹਨ ਤੇ ਝੋਨੇ ਦੀ ਫ਼ਸਲ ਮੀਂਹ ਨਾ ਪੈਣ ਕਾਰਨ ਆਪਣਾ ਫੁਟਾਰਾ ਵੀ ਚੰਗੀ ਤਰ੍ਹਾਂ ਨਹੀਂ ਕਰ ਰਹੀ। ਇੱਧਰ ਬਿਜਲੀ ਦੀ ਮੰਗ ਨੇ ਵੀ ਇਸ ਸਾਰੇ ਪਿਛਲੇ ਸਾਰੇ ਰਿਕਾਰਡਾਂ ਨੂੰ ਤੋੜ ਦਿੱਤਾ ਹੈ ਤੇ ਅੱਜ ਵੀ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਨੇੜੇ ਚੱਲ ਰਹੀ ਹੈ।

ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿੱਧਰੇ ਵੀ ਬਿਜਲੀ ਦੇ ਕੱਟ ਨਹੀਂ ਲੱਗ ਰਹੇ। ਉਨ੍ਹਾਂ ਕਿਹਾ ਕਿ ਕਈ ਵਾਰ ਫਾਲਟ ਪੈ ਜਾਣ ਕਰਕੇ ਬਿਜਲੀ ਦੀ ਦਿੱਕਤ ਆ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦਿਨ ’ਚ ਵੀ ਲਾਈਟ ਭੱਜ ਰਹੀ ਹੈ ਤੇ ਰਾਤਾਂ ਨੂੰ ਵੀ ਬਿਜਲੀ ਦੇ ਕੱਟ ਲੱਗ ਰਹੇ ਹਨ।

13 ਯੂਨਿਟ ਚਾਲੂ, ਬਿਜਲੀ ਦੀ ਮੰਗ ਜਿਓਂ ਦੀ ਤਿਓਂ | Punjab Weather Today

ਪਾਵਰਕੌਮ ਦੇ ਸਰਕਾਰੀ ਤੇ ਪ੍ਰਾਈਵੇਟ ਥਰਮਲਾਂ ਦੇ 15 ’ਚੋਂ 13 ਯੂਨਿਟ ਚਾਲੂ ਹਨ ਜਦਕਿ ਇੱਕ ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਪਿਆ ਹੈ। ਇਸ ਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਪਿਛਲੇ ਦੋਂ ਸਾਲਾਂ ਤੋਂ ਬੰਦ ਪਿਆ ਹੈ। ਪਾਵਰਕੌਮ ਦੇ ਤਿੰਨ ਸਰਕਾਰੀ ਥਰਮਲ ਪਲਾਂਟਾਂ ਤੋਂ 1637 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ ਜਦਕਿ ਦੋਵੇਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 3 ਹਜ਼ਾਰ ਮੈਗਵਾਟ ਦੇ ਨੇੜੇ ਬਿਜਲੀ ਉਤਪਾਦਨ ਹੋ ਰਿਹਾ ਹੈ। ਹਾਈਡ੍ਰਲ ਪਲਾਟਾਂ ਤੋਂ ਵੀ 830 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ।

Read Also : Punjab News: ਔਰਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਮਾਨ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ