ਦੇਸ਼ ਭਰ ‘ਚ ਗੁਜਰਾਤ ਤੇ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ
ਜਲਦੀ ਇਲਾਜ ਨਾ ਲੈਣ ਵਾਲੇ ਪੰਜਾਬੀਆਂ ਦਾ ਹੋ ਰਿਹੈ ਨੁਕਸਾਨ, ਲੇਟ ਹੋਣ ਨਾਲ ਹੋ ਰਹੀਆਂ ਹਨ ਮੌਤਾਂ
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਮਹਾਂਮਾਰੀ ਵਿੱਚ ਮੌਤ ਦਰ ਦੇ ਮਾਮਲੇ ਵਿੱਚ ਪੰਜਾਬ ਉੱਤਰੀ ਭਾਰਤ ਵਿੱਚ ਪਹਿਲੇ ਨੰਬਰ ‘ਤੇ ਹੈ। ਪੰਜਾਬ ਵਿੱਚ ਸਭ ਤੋਂ ਜਿਆਦਾ ਮੌਤ ਦਰ ਚਲ ਰਹੀ ਹੈ। ਪਿਛਲੇ ਦੋ ਹਫ਼ਤੇ ਪਹਿਲਾਂ ਤੱਕ ਦਿੱਲੀ ਅਤੇ ਹਰਿਆਣਾ ਮੌਤ ਦਰ ਵਿੱਚ ਪੰਜਾਬ ਤੋਂ ਕਾਫ਼ੀ ਜਿਆਦਾ ਅੱਗੇ ਸੀ ਪਰ ਹੁਣ ਮੌਤ ਦਰ ਵਿੱਚ ਹਰਿਆਣਾ ਤੋਂ ਬਾਅਦ ਦਿੱਲੀ ਨੂੰ ਵੀ ਟੱਪਦੇ ਹੋਏ ਉੱਤਰੀ ਭਾਰਤ ਵਿੱਚ ਪੰਜਾਬ ਪਹਿਲੇ ਨੰਬਰ ‘ਤੇ ਹੈ। ਦੇਸ਼ ਭਰ ਵਿੱਚ ਪੰਜਾਬ ਤੀਜੇ ਨੰਬਰ ‘ਤੇ ਹੈ। ਦੇਸ਼ ਵਿੱਚ ਸਾਰਿਆਂ ਤੋਂ ਜਿਆਦਾ ਮਾੜੀ ਹਾਲਤ ਮਹਾਂਰਾਸ਼ਟਰ ਦੀ ਹੈ ਅਤੇ ਕੋਰੋਨਾ ਦੇ ਜ਼ਿਆਦਾਤਰ ਮਾਮਲੇ ਵੀ ਮਹਾਂਰਾਸ਼ਟਰ ਵਿੱਚ ਹੀ ਹਨ ਪਰ ਮੌਤ ਦਰ ਦੇ ਮਾਮਲੇ ਵਿੱਚ ਪੰਜਾਬ ਹੁਣ ਮਹਾਂਰਾਸ਼ਟਰ ਦੇ ਨੇੜੇ ਤੱਕ ਪੁੱਜ ਗਿਆ ਹੈ।
ਦੇਸ਼ ਭਰ ਵਿੱਚ ਸਾਰਿਆਂ ਤੋਂ ਜਿਆਦਾ ਮੌਤ ਦਰ ਵਿੱਚ ਮਹਾਂਰਾਸ਼ਟਰ ਅਤੇ ਗੁਜਰਾਤ ਤੋਂ ਬਾਅਦ ਪੰਜਾਬ ਦਾ ਹੀ ਨੰਬਰ ਲਗ ਰਿਹਾ ਹੈ। ਜਾਣਕਾਰੀ ਅਨੁਸਾਰ ਕੌਮੀ ਪੱਧਰ ‘ਤੇ ਕੋਰੋਨਾ ਮਹਾਂਮਾਰੀ ਆਉਣ ਤੋਂ ਬਾਅਦ ਪੰਜਾਬ ਵਿੱਚ ਇਸ ਦੀ ਸ਼ੁਰੂਆਤ ਕਾਫ਼ੀ ਜਿਆਦਾ ਹੌਲੀ ਹੋਈ ਸੀ ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਕਾਬੂ ਹੇਠ ਸੀ ਪਰ ਪਿਛਲੇ 2-3 ਹਫ਼ਤੇ ਤੋਂ ਪੰਜਾਬ ਵਿੱਚ ਕੋਰੋਨਾ ਬੇਕਾਬੂ ਹੁੰਦੇ ਹੋਏ ਨਾ ਸਿਰਫ਼ ਜਿਆਦਾ ਨਵੇਂ ਸ਼ਿਕਾਰ ਬਣਾ ਰਿਹਾ ਹੈ, ਸਗੋਂ ਪੰਜਾਬ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਆਪਣਾ ਸ਼ਿਕਾਰ ਬਣਾ ਰਿਹਾ ਹੈ। ਜਿਸ ਦੇ ਚਲਦੇ ਹੀ ਪੰਜਾਬ ਦੀ ਮੌਤ ਦਰ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ।
ਪੰਜਾਬ ਇਸ ਸਮੇਂ ਉੱਤਰੀ ਭਾਰਤ ਵਿੱਚ ਸਭ ਤੋਂ ਜਿਆਦਾ ਮੌਤ ਦਰ ਵਾਲਾ ਸੂਬਾ ਬਣ ਗਿਆ ਹੈ, ਜਦੋਂ ਕਿ ਕੌਮੀ ਪੱਧਰ ‘ਤੇ ਦਿੱਲੀ ਨੂੰ ਟੱਪਦੇ ਹੋਏ ਮੌਤ ਦਰ ਵਿੱਚ ਪੰਜਾਬ ਕਾਫ਼ੀ ਜਿਆਦਾ ਅੱਗੇ ਨਿਕਲ ਗਿਆ ਹੈ। ਹਾਲਾਂਕਿ ਦਿੱਲੀ ਦੇ ਮੁਕਾਬਲੇ ਕੋਰੋਨਾ ਦੇ ਮਾਮਲੇ ਅਤੇ ਮੌਤਾਂ ਪੰਜਾਬ ਵਿੱਚ ਘੱਟ ਹਨ ਪਰ ਮੌਤ ਦਰ ਦੇ ਮਾਮਲੇ ਵਿੱਚ ਪੰਜਾਬ ਹੀ ਅੱਗੇ ਹੈ। ਪੰਜਾਬ ਵਿੱਚ ਪਿਛਲੇ 7 ਦਿਨਾਂ ਦੌਰਾਨ 300 ਦੇ ਲਗਭਗ ਮੌਤਾਂ ਹੋਈਆਂ ਹਨ, ਜਿਸ ਕਾਰਨ ਹੀ ਮੌਤ ਦਰ ਪੰਜਾਬ ਵਿੱਚ ਇੱਕ ਦਮ ਉੱਪਰ ਨੂੰ ਆਈ ਹੈ ਅਤੇ ਦਿੱਲੀ ਨੂੰ ਕ੍ਰਾਸ ਕਰਦੇ ਹੋਏ ਦੇਸ਼ ਭਰ ਵਿੱਚ ਮੌਤ ਦਰ ਦੇ ਮਾਮਲੇ ਵਿੱਚ ਪੰਜਾਬ ਨੇ ਤੀਜਾ ਅਤੇ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ।
ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆਈ ਸਰਕਾਰ
ਪੰਜਾਬ ਵਿੱਚ ਜਿਆਦਾ ਮੌਤਾਂ ਹੋਣ ਦੇ ਚਲਦੇ ਪਿਛਲੇ 2-3 ਦਿਨਾਂ ਤੋਂ ਪੰਜਾਬ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਜਿਸ ਕਾਰਨ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਹੀ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਕਿ ਕੋਰੋਨਾ ਦੀ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਆਪਣੇ ਪੰਜਾਬੀਆਂ ਨੂੰ ਬਚਾਉਣ ਵਿੱਚ ਅਸਫ਼ਲ ਸਾਬਤ ਹੋਈ ਹੈ, ਜਦੋਂ ਕਿ ਗੁਆਂਢੀ ਸੂਬੇ ਆਪਣੇ ਵਾਸੀਆਂ ਨੂੰ ਇਸ ਕੋਰੋਨਾ ਦੀ ਮਹਾਂਮਾਰੀ ਵਿੱਚ ਬਚਾਉਂਦੇ ਹੋਏ ਘੱਟ ਮੌਤ ਦਰ ਨਾਲ ਚੱਲ ਰਹੇ ਹਨ। ਕੋਰੋਨਾ ‘ਚ ਜਿਆਦਾ ਮੌਤ ਦਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ‘ਤੇ ਤਿੱਖੇ ਵਾਰ ਕੀਤੇ ਜਾ ਰਹੇ ਹਨ।
ਕਿਸ ਸੂਬੇ ਵਿੱਚ ਕਿੰਨੀ ਐ ਮੌਤ ਦਰ
- ਸੂਬਾ ਕੁੱਲ ਮਾਮਲੇ ਮੌਤ ਮੌਤ ਦਰ
- ਗੁਜਰਾਤ 1,00,375 3062 3.1
- ਮਹਾਂਰਾਸ਼ਟਰ 8,43,844 25,586 3.0
- ਪੰਜਾਬ 58,515 1690 2.9
- ਦਿੱਲੀ 1,82,306 4500 2.5
- ਮੱੱਧ ਪ੍ਰਦੇਸ਼ 68586 1483 2.2
- ਪੱਛਮੀ ਬੰਗਾਲ 1,71,681 3394 2.0
- ਜੰਮ ਕਸ਼ਮੀਰ 39,943 743 1.9
- ਤਮਿਲਨਾਡੂ 4,45,851 7608 1.7
- ਕਰਨਾਟਕਾ 370206 6054 1.6
ਉੱਤਰ ਭਾਰਤ ਦੇ ਸੂਬਿਆਂ ‘ਚ ਮੌਤ ਦਰ
- ਸੂਬਾ ਕੁੱਲ ਮਾਮਲੇ ਮੌਤ ਮੌਤ ਦਰ
- ਪੰਜਾਬ 58,515 1690 2.9
- ਦਿੱਲੀ 1,82,306 4500 2.5
- ਜੰਮ ਕਸ਼ਮੀਰ 39,943 743 1.9
- ਰਾਜਸਥਾਨ 86965 1102 1.3
- ਚੰਡੀਗੜ 5065 63 1.2
- ਹਰਿਆਣਾ 70099 740 1.1
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.