ਪੰਜਾਬ ਪੁਲਿਸ ਅਸਲ ਦੋਸ਼ੀਆਂ ਨੂੰ ਜਾਣਦੀ ਸੀ, ਸਿਰਫ਼ ਉਪਰੋਂ ਝੰਡੀ ਹੀ ਨਹੀਂ ਮਿਲੀ ਸੀ : ਐਡਵੋਕੇਟ ਬਰਾੜ

ਬੇਅਦਬੀ ਮਾਮਲੇ ’ਚ ਐਡਵੋਕੇਟ ਕੇਵਲ ਸਿੰਘ ਬਰਾੜ ਨਾਲ ਖਾਸ ਮੁਲਾਕਾਤ

ਸੱਚ ਕਹੂੰ /ਬਠਿੰਡਾ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ’ਚ ਸੀਬੀਆਈ ਜਾਂਚ ਕਰਵਾਉਣ ਲਈ ਪਰਿਵਾਰ ਵੱਲੋਂ ਹਾਈਕੋਰਟ ਦਾ ਰੁਖ ਕਰ ਲਿਆ ਗਿਆ ਹੈ ਮਹਿੰਦਰਪਾਲ ਬਿੱਟੂ ਵੱਲੋਂ ਕਤਲ ਤੋਂ ਪਹਿਲਾਂ ਲਿਖੀ ਗਈ ਡਾਇਰੀ ਬਾਰੇ ਅਹਿਮ ਖੁਲਾਸੇ ਕਰ ਰਹੇ ਹਨ ਪਟੀਸ਼ਨਰ ਸੰਤੋਸ਼ ਕੁਮਾਰੀ (ਬਿੱਟੂ ਦੀ ਧਰਮ ਪਤਨੀ) ਦੇ ਐਡਵੋਕੇਟ ਕੇਵਲ ਸਿੰਘ ਬਰਾੜ

ਪੇਸ਼ ਹੈ ਉਨ੍ਹਾਂ ਨਾਲ ਸੱਚ ਕਹੂੰ ਪ੍ਰਤੀਨਿਧੀ ਸੁਖਜੀਤ ਮਾਨ ਵੱਲੋਂ ਕੀਤੀ ਗਈ ਮੁਲਾਕਾਤ ਦੇ ਕੁਝ ਅੰਸ਼ : –

ਸਵਾਲ : ਮਹਿੰਦਰਪਾਲ ਬਿੱਟੂ ’ਤੇ ਪੰਜਾਬ ਪੁਲਿਸ ਨੇ ਬੇਅਦਬੀ ਦੇ ਦੋਸ਼ ’ਚ ਮੁਕੱਦਮਾ ਦਰਜ ਕੀਤਾ ਸੀ? ਇਸ ’ਚ ਕਿੰਨੀ ਕੁ ਸੱਚਾਈ ਹੈ?
ਜਵਾਬ : ਇਹ ਦੋਸ਼ ਬਿਲਕੁੱਲ ਝੂਠੇ ਤੇ ਬੇਬੁਨਿਆਦ ਸਨ ਅਸਲ ’ਚ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਪੁਲਿਸ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਬੱਸ ਉਤੋਂ ਆਦੇਸ਼ ਨਹੀਂ ਸੀ ਕਿ ਅਸਲੀ ਦੋਸ਼ੀਆਂ ਨੂੰ ਫੜਿਆ ਜਾਵੇ

ਸਵਾਲ : ਇਸ ਦਾ ਕੋਈ ਸਬੂਤ
ਜਵਾਬ : ਮਹਿੰਦਰਪਾਲ ਬਿੱਟੂ ਦੀ ਡਾਇਰੀ ਪੜ੍ਹੋ, ਇਸ ਵਿੱਚ ਪੁਲਿਸ ਇੰਸਪੈਕਟਰ ਜਗਦੀਸ਼ ਲਾਲ ਸਾਫ਼ ਕਹਿ ਰਿਹਾ ਹੈ ਕਿ ਬੰਦੇ ਤਾਂ ਉਨ੍ਹਾਂ (ਪੁਲਿਸ) ਦੀ ਰਡਾਰ (ਨਿਗ੍ਹਾ) ’ਚ ਹਨ ਪਰ ਉਪਰੋਂ (ਸਰਕਾਰ) ਹਰੀ ਝੰਡੀ ਨਹੀਂ ਮਿਲੀ

ਸਵਾਲ : ਕੀ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਸ਼ਰਧਾ ਹੈ?
ਜਵਾਬ : ਬਿੱਟੂ ਦਾ ਪਰਿਵਾਰ ਤਾਂ ਸੂਝਵਾਨ, ਧਾਰਮਿਕ ਬਿਰਤੀ ਵਾਲਾ ਤੇ ਸਮਾਜ ਸੇਵੀ ਹੈ ਪਰਿਵਾਰ ਦਾ ਬੱਚਾ-ਬੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਸ਼ਰਧਾ ਰੱਖਦਾ ਹੈ ਕੀ ਕੋਈ ਵਿਅਕਤੀ ਬਿਨਾਂ ਸ਼ਰਧਾ ਤੋਂ ਆਪਣੇ ਦੁੱਖ ਸੁੱਖ ਦੇ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ’ਚ ਕਰਵਾ ਸਕਦਾ ਹੈ

ਸਵਾਲ : ਬਿੱਟੂ ਨੂੰ ਬੇਅਦਬੀ ਮਾਮਲੇ ’ਚ ਪੰਜਾਬ ਪੁਲਿਸ ਨੇ ਕਦੋਂ ਗ੍ਰਿਫ਼ਤਾਰ ਕੀਤਾ ?
ਜਵਾਬ: ਜਨਾਬ, ਬੇਅਦਬੀ ਮਾਮਲੇ ’ਚ ਮਹਿੰਦਰਪਾਲ ਬਿੱਟੂ ਨੂੰ ਪੰਜਾਬ ਪੁਲਿਸ ਨੇ ਕਦੇ ਗ੍ਰਿਫ਼ਤਾਰ ਹੀ ਨਹੀਂ ਕੀਤਾ ਇਹ ਤਾਂ ਇੱਕ ਸਾਜਿਸ਼ ਸੀ ਸਿਰਫ਼ ਬਿੱਟੂ ਨਾਲ ਦੁਸ਼ਮਣੀ ਕੱਢਣ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਤਾਂ ਸੀਬੀਆਈ 2015 ਤੋਂ ਹੀ ਕਰ ਰਹੀ ਸੀ ਪੰਜਾਬ ਪੁਲਿਸ ਕੋਲ ਤਾਂ ਕੋਈ ਅਧਿਕਾਰ ਹੀ ਨਹੀਂ ਸੀ ਬਿੱਟੂ ਦੀ ਗ੍ਰਿਫ਼ਤਾਰੀ ਦਾ ਪੁਲਿਸ ਨੇ ਜੁਗਾੜ ਤਿਆਰ ਕੀਤਾ ਤੇ ਉਸ ਨੂੰ 2011 ਦੇ ਮੋਗਾ ਜ਼ਿਲ੍ਹੇ ’ਚ ਇੱਕ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ

ਸਵਾਲ : ਆਖ਼ਰ ਪੁਲਿਸ ਨੇ ਇਹ ਸਾਜਿਸ਼ ਕਿਉਂ ਰਚੀ?
ਜਵਾਬ : ਤੁਸੀਂ ਜਾਣਦੇ ਹੀ ਹੋਵੋਗੇ ਕਿ ਬਿੱਟੂ ਨੇ ਕੁਝ ਸਮਾਜਿਕ ਮੁੱਦਿਆਂ ’ਤੇ ਧਰਨੇ ਲਾਏ ਸਨ ਪੁਲਿਸ ਇਨ੍ਹਾਂ ਧਰਨਿਆਂ ਤੋਂ ਬਿਨਾਂ ਵਜ੍ਹਾ ਤੰਗ ਸੀ ਪਰ ਹੱਕ-ਸੱਚ ਲਈ ਡਟੇ ਬਿੱਟੂ ਦੀ ਹਰ ਧਰਨੇ ’ਚ ਜਿੱਤ ਹੁੰਦੀ ਰਹੀ ਪੁਲਿਸ ਅਫ਼ਸਰ ਧਰਨਾਕਾਰੀਆਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ ਨੂੰ ਆਪਣੀ ਬੇਇੱਜ਼ਤੀ ਸਮਝਦੇ ਸਨ ਜਦੋਂ ਡੇਰਾ ਸ਼ਰਧਾਲੂ ਗੁਰਦੇਵ ਸਿੰਘ ਨਿਵਾਸੀ ਜਵਾਹਰ ਸਿੰਘ ਵਾਲਾ ਦਾ ਕਤਲ ਹੋਇਆ ਤਾਂ ਕਾਤਲਾਂ ਦੀ ਗ੍ਰਿਫ਼ਤਾਰੀ ਨਾ ਹੋਣ ਖਿਲਾਫ ਬਿੱਟੂ ਨੇ ਧਰਨਾ ਦਿੱਤਾ ਸੀ, ਉਦੋਂ ਜਾਂਚ ਅਧਿਕਾਰੀ ਡੀਆਈਜੀ ਖੱਟੜਾ ਹੀ ਸਨ ਬੌਖਲਾਏ ਹੋਏ ਖੱਟੜਾ ਨੇ ਮਹਿੰਦਰਪਾਲ ਬਿੱਟੂ ਨਾਲ ਕਾਫੀ ਤਕਰਾਰ ਕੀਤੀ ਸੀ

ਪ੍ਰਸ਼ਾਸਨ ਨੇ ਦਖਲ ਦਿੱਤਾ ਤਾਂ ਗਲਤੀ ਡੀਆਈਜੀ ਦੀ ਨਿਕਲੀ ਆਖਰ ਪ੍ਰਸ਼ਾਸਨ ਦੇ ਕਹਿਣ ’ਤੇ ਡੀਆਈਜੀ ਖੱਟੜਾ ਨੂੰ ਬਿੱਟੂ ਤੋਂ ਮਾਫੀ ਮੰਗਣੀ ਪਈ ਸੀ ਉਦੋਂ ਤੋਂ ਬਿੱਟੂ ਡੀਆਈਜੀ ਰਣਬੀਰ ਖੱਟੜਾ ਦੀਆਂ ਅੱਖਾਂ ’ਚ ਰੜਕਣ ਲੱਗਾ ਅਤੇ ਉਹ ਬਿੱਟੂ ਖਿਲਾਫ ਮੌਕਾ ਭਾਲਣ ਲੱਗਾ ਆਖਰ ਉਸ ਨੇ ਕਿਸੇ ਹੋਰ ਕੇਸ ਦੇ ਬਹਾਨੇ ਬਿੱਟੂ ਨੂੰ ਬੇਅਦਬੀ ਕੇਸ ’ਚ ਝੂਠਾ ਫਸਾ ਦਿੱਤਾ ਇਹ ਤੱਥ ਹਨ ਧਰਨੇ ਤਾਂ ਲੱਗੇ ਸਨ ਅਤੇ ਇਨ੍ਹਾਂ ਧਰਨਿਆਂ ਦੀ ਮੀਡੀਆ ਨੇ ਕਵਰੇਜ਼ ਵੀ ਕੀਤੀ ਸੀ ਤੇ ਬਿੱਟੂ ਦੀ ਡਾਇਰੀ ’ਚ ਸਾਫ਼ ਲਿਖਿਆ ਹੈ ਕਿ ਪੁਲਿਸ ਅਫ਼ਸਰ ਉਸ ਨੂੰ ਕੁੱਟਣ ਵੇਲੇ ਕਹਿੰਦੇ ਸਨ, ‘‘ਲਿਆ ਹੁਣ ਆਪਣੇ ਧਰਨਾਕਾਰੀਆਂ ਨੂੰ, ਸੱਦ ਹੁਣ’’

ਸਵਾਲ : ਕੀ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਗੈਰ-ਕਾਨੂੰਨੀ ਕੀਤੀ ਸੀ?
ਜਵਾਬ : ਹਾਂ, ਇਹ ਗ੍ਰਿਫ਼ਤਾਰੀ ਗੈਰ-ਕਾਨੂੰਨੀ ਸੀ ਵੇਖੋ, ਕਿਸੇ ਹੋਰ ਸਟੇਟ ’ਚ ਜਾ ਕੇ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਲਈ ਜ਼ਰੂਰੀ ਸੀ ਕਿ ਉਹ ਲੋਕਲ ਪੁਲਿਸ (ਹਿਮਾਚਲ ਪੁਲਿਸ) ਨੂੰ ਇਸ ਦੀ ਸੂਚਨਾ ਦਿੰਦੀ ਦੂਜੀ ਗੱਲ ਪੁਲਿਸ ਕੋਲ ਬਿੱਟੂ ਖਿਲਾਫ ਕੋਲ ਕੋਈ ਵਾਰੰਟ ਵੀ ਨਹੀਂ ਸੀ

7 ਜੂਨ 2018 ਤੋਂ 10 ਜੂਨ 2018 ਤੱਕ ਚਾਰ ਦਿਨਾਂ ਦੀ ਹਿਰਾਸਤ ਬਿਲਕੁੱਲ ਗੈਰ ਕਾਨੂੰਨੀ ਸੀ ਇਹ ਗ੍ਰਿਫ਼ਤਾਰੀ ਨਹੀਂ ਸਗੋਂ ਬਿੱਟੂ ਨੂੰ ਅਗਵਾ ਕੀਤਾ ਗਿਆ ਸੀ ਇਹਨਾਂ ਦਿਨਾਂ ’ਚ ਉਸ ’ਤੇ ਭਾਰੀ ਤਸ਼ੱਦਦ ਕੀਤਾ ਗਿਆ

ਸਵਾਲ : ਪੁਲਿਸ ਕਹਿੰਦੀ ਹੈ ਕਿ ਬਿੱਟੂ ਨੇ ਗੁਨਾਹ ਕਬੂਲ ਕਰ ਲਿਆ ਸੀ?
ਜਵਾਬ : ਡਾਇਰੀ ਵੇਖੋ, ਪੁਲਿਸ ਸਾਫ਼ ਕਹਿ ਰਹੀ ਹੈ ਕਿ ਜੇ ਤੂੰ (ਬਿੱਟੂ ਨੂੰ) ਗੁਨਾਹ ਕਬੂਲ ਕਰ ਲਵੇ ਤਾਂ ਤੈਨੂੰ ਧਰਮਸ਼ਾਲਾ (ਹਿਮਾਚਲ) ਜੇਲ੍ਹ ’ਚ ਭੇਜ ਦਿਆਂਗੇ, ਨਹੀਂ ਤਾਂ ਨਾਭਾ ਜੇਲ੍ਹ ਭੇਜਾਂਗੇ, ਨਾਭਾ ਜੇਲ੍ਹ ਬਾਰੇ ਤੁਸੀਂ ਜਾਣਦੇ ਹੀ ਹੋ, ਜਿੱਥੇ ਖਤਰਨਾਕ ਅਪਰਾਧੀ ਰੱਖੇ ਜਾਂਦੇ ਹਨ ਪੁਲਿਸ ਕਹਿ ਰਹੀ ਸੀ ਤੈਨੂੰ ਨਾਭਾ ਭੇਜ ਕੇ ਮਰਵਾਵਾਂਗੇ ਤੇ ਇਹ ਗੱਲ ਹਕੀਕਤ ’ਚ ਹੋਈ ਵੀ ਤੇ ਬਿੱਟੂ ਦਾ ਕਤਲ ਕਰਵਾ ਦਿੱਤਾ ਗਿਆ

ਸਵਾਲ : ਕੀ ਬਿੱਟੂ ਨੇ ਇੱਕਦਮ ਕਬੂਲਨਾਮਾ ਲਿਖ ਦਿੱਤਾ
ਜਵਾਬ : ਭਰਾਵਾ, ਆਪਣੇ ’ਤੇ ਜ਼ੁਲਮ ਹਰ ਕੋਈ ਸਹਿ ਜਾਂਦਾ ਹੈ ਅਤੇ ਬਿੱਟੂ ਨੇ ਵੀ ਸਹਿਣ ਕੀਤਾ ਕੁੱਟ-ਮਾਰ ਤੋਂ ਇਲਾਵਾ ਉਸ ਨੂੰ ਨੰਗਾ ਕੀਤਾ ਗਿਆ ਉਸ ਦੇ ਗੁਪਤ ਅੰਗਾਂ ’ਚ ਪੈਟਰੋਲ ਪਾਇਆ ਗਿਆ ਬਿੱਟੂ ਇਹ ਸਭ ਸਹਿ ਗਿਆ ਪਰ ਜਦੋਂ ਉਸ ਦੇ ਸਾਹਮਣੇ ਇਹ ਕਿਹਾ ਗਿਆ ਕਿ ਇਸ ਦੀ ਧੀ ਨੂੰ ਵੀ ਚੁੱਕ ਲਿਆਓ ਅਤੇ ਉਸ ਦਾ ਵੀ ਓਹੀ ਹਾਲ ਕਰਾਂਗੇ ਜਿਹੜਾ ਇਸ (ਬਿੱਟੂ) ਨਾਲ ਕੀਤਾ ਹੈ ਤਾਂ ਭਾਈ ਸਾਹਬ ਤੁਸੀਂ (ਪੱਤਰਕਾਰ) ਦੱਸੋ ਉਸ ਦੀ ਜਗ੍ਹਾ ਜੇਕਰ ਤੁਸੀਂ ਜਾਂ ਮੈਂ ਵੀ ਹੁੰਦਾ ਤਾਂ ਉਹੀ ਕਰਦੇ ਜੋ ਪੁਲਿਸ ਕਹਿੰਦੀ

ਸਵਾਲ : ਕਬੂਲਨਾਮਾ ਕਿਸ ਤਰ੍ਹਾਂ ਪੇਸ਼ ਕੀਤਾ
ਜਵਾਬ: ਪੁਲਿਸ ਡਰਦੀ ਸੀ ਕਿ ਬਿੱਟੂ ਕਿਤੇ ਕਬੂਲਨਾਮੇ ਦੀ ਇਬਾਰਤ ਭੁੱਲ ਨਾ ਜਾਵੇ, ਇਸ ਲਈ ਵਾਰ-ਵਾਰ ਮਾਰਿਆ, ਵਾਰ-ਵਾਰ ਧਮਕਾਇਆ ਗਿਆ ਕਬੂਲਨਾਮਾ ਦੇਣ ਮੌਕੇ ਇੰਸਪੈਕਟਰ ਦਲਬੀਰ ਸਿੰਘ ਨੇ ਕੰਪਿਊਟਰ ’ਚ ਕਬੂਲਨਾਮਾ ਫੀਡ ਕਰਕੇ ਮੌਕੇ ’ਤੇ ਵੀ ਬਿੱਟੂ ਨੂੰ ਪੜ੍ਹਾਇਆ

ਸਵਾਲ : ਜਦੋਂ ਮਾਮਲਾ ਸੀਬੀਆਈ ਕੋਲ ਪਹੁੰਚ ਗਿਆ ਤਾਂ ਪੰਜਾਬ ਪੁਲਿਸ ਸ਼ਾਂਤ ਹੋਈ?
ਜਵਾਬ : ਨਹੀਂ, ਪੰਜਾਬ ਪੁਲਿਸ ਨੂੰ ਆਪਣਾ ਪਾਲ਼ਾ ਮਾਰ ਰਿਹਾ ਸੀ ਕਿ ਕਿਤੇ ਬਿੱਟੂ ਆਪਣੇ ਬਿਆਨਾਂ ਤੋਂ ਮੁੱਕਰ ਨਾ ਜਾਵੇ ਇਸ ਲਈ ਜਦੋਂ ਬਿੱਟੂ ਸੀਬੀਆਈ ਦੀ ਹਿਰਾਸਤ ’ਚ ਨਾਭਾ ਜੇਲ੍ਹ ’ਚ ਬੰਦ ਸੀ, ਉਦੋਂ ਵੀ ਪੁਲਿਸ ਅਧਿਕਾਰੀ ਬਿੱਟੂ ’ਤੇ ਦਬਾਅ ਪਾਉਂਦੇ ਸਨ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਨਾਭਾ ਜੇਲ੍ਹ ਅੰਦਰ ਜਾ ਕੇ ਬਿੱਟੂ ਦੀ ਡੀਆਈਜੀ ਖੱਟੜਾ ਨਾਲ ਫੋਨ ’ਤੇ ਗੱਲ ਕਰਵਾਈ ਇਹ ਚੀਜਾ ਗੈਰ ਕਾਨੂੰਨੀ ਤੇ ਇੱਕ ਸੋਚੀ ਸਮਝੀ ਸਾਜਿਸ਼ ਸੀ

ਸਵਾਲ : ਕੀ ਇਸ ਪਿੱਛੇ ਸਿਆਸੀ ਪਾਰਟੀ ਜਾਂ ਕਿਸੇ ਆਗੂ ਦਾ ਹੱਥ
ਜਵਾਬ : ਮਾਮਲੇ ਦੀ ਨਿਰਪੱਖ ਤੇ ਅਜ਼ਾਦ ਜਾਂਚ ਹੋਵੇ ਤਾਂ ਹੀ ਸੱਭ ਕੁਝ ਸਾਹਮਣੇ ਆ ਜਾਵੇਗਾ
ਸਵਾਲ : ਬਿੱਟੂ ਨੇ ਪੁਲਿਸ ਦੇ ਕਹਿਣ ’ਤੇ ਕਬੂਲਨਾਮਾ ਲਿਖਿਆ
ਜਵਾਬ : ਨਹੀਂ, ਕੁੱਟ-ਕੱਟ ਕੇ ਬੁਰਾ ਹਾਲ ਕਰਨ, ਬੇਟੀ ਨਾਲ ਮਾੜੇ ਸਲੂਕ ਦੀਆਂ ਧਮਕੀਆਂ ਦੇਣ ’ਤੇ ਲਿਖਿਆ ਪੁਲਿਸ ਦਾ ਤਸ਼ੱਦਦ ਸੁਣ-ਪੜ੍ਹ ਕੇ ਰੂਹ ਕੰਬ ਜਾਂਦੀ ਹੈ ਪਰ ਬਿੱਟੂ ’ਤੇ ਤਾਂ ਤਸ਼ੱਦਦ ਹੋਇਆ ਹੈ

ਸਵਾਲ : ਆਖਰੀ ਸਵਾਲ ਬਿੱਟੂ ਨਾਭਾ ਭੇਜਣ ਦਾ ਫੈਸਲਾ ਠੀਕ ਸੀ ਜਾਂ ਗਲਤ ਇਸ ਬਾਰੇ ਦੱਸੋ
ਜਵਾਬ : ਵੇਖੋ, ਬਿੱਟੂ ਨਾ ਤਾਂ ਕੋਈ ਅੱਤਵਾਦੀ ਸੀ, ਨਾ ਗੈਂਗਸਟਰ, ਨਾ ਕੋਈ ਆਰਥਿਕ ਭਗੌੜਾ ਸੀ, ਉਹ ਸਮਾਜ ਸੇਵੀ ਤੇ ਇੱਜ਼ਤਦਾਰ ਸ਼ਹਿਰੀ ਸੀ ਫਿਰ ਉਸ ਨੂੰ ਨਾਭਾ ਜੇਲ੍ਹ ਕਿਉਂ ਸ਼ਿਫਟ ਕੀਤਾ ਗਿਆ? ਨਾਭੇ ਜੇਲ੍ਹ ’ਚ ਅਜਿਹੇ ਲੋਕ ਬੰਦ ਰਹੇ ਹਨ ਜੋ ਜੇਲ੍ਹ ਭੰਨ ਕੇ ਨਿਕਲ ਗਏ ਤੇ ਸਾਰੇ ਪੰਜਾਬ ਦੀ ਪੁਲਿਸ ਵੇਖਦੀ ਰਹਿ ਗਈ ਕੀ ਬਿੱਟੂ ਅਜਿਹਾ ਅਪਰਾਧੀ ਸੀ ਜਿਸ ਨੂੰ ਨਾਭੇ ਭੇਜਣ ਦੀ ਲੋੜ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ