Bathinda News: 4 ਪੁਲਿਸ ਮੁਲਾਜ਼ਮ ਹੋਏ ਜ਼ਖਮੀ
Bathinda News : ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹਾ ਬਠਿੰਡਾ ਦੇ ਵੱਡੀ ਗਿਣਤੀ ਪਿੰਡਾਂ ’ਚ ਵੋਟਾਂ ਅਮਨ ਸ਼ਾਂਤੀ ਨਾਲ ਪਈਆਂ ਪਰ ਕਈ ਥਾਈਂ ਮਾਮੂਲੀ ਝੜਪਾਂ ਤੋਂ ਇਲਾਵਾ ਇੱਟਾਂ-ਰੋੜੇ ਵੀ ਚੱਲੇ। ਜ਼ਿਆਦਾ ਹਿੰਸਕ ਘਟਨਾ ਪਿੰਡ ਭੋਡੀਪੁਰਾ ’ਚ ਵਾਪਰੀ ਜਿੱਥੇ ਪੁਲਿਸ ਅਤੇ ਪਿੰਡ ਵਾਸੀ ਆਹਮੋ-ਸਾਹਮਣੇ ਹੋ ਗਏ । ਪਥਰਾਅ ਦੌਰਾਨ ਪੁਲਿਸ ਵੱਲੋਂ ਹਵਾਈ ਫਾਇਰਿੰਗ ਕਰਕੇ ਸਥਿਤੀ ਨੂੰ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ਗਿਆ। ਇਸ ਮੌਕੇ 4 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਬਠਿੰਡਾ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ’ਚ ਪਿੰਡ ਚੱਕ ਫਤਿਹ ਸਿੰਘ ਵਾਲਾ ਅਤੇ ਨਰੂਆਣਾ ’ਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਸਦੇ ਚਲਦਿਆਂ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮੁਕੱਦਮੇ ਦਰਜ਼ ਕੀਤੇ ਗਏ ਹਨ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਥਾਣਾ ਦਿਆਲਪੁਰਾ ’ਚ ਪੈਂਦੇ ਪਿੰਡ ਭੋਡੀਪੁਰਾ ਵਿਖੇ ਜਦੋਂ ਵੋਟਾਂ ਦੀ ਗਿਣਤੀ ਦਾ ਕੰਮ ਚੱਲ ਰਿਹਾ ਸੀ ਤਾਂ ਕਿਸੇ ਗੱਲੋਂ ਪਿੰਡ ਵਾਸੀਆਂ ਤੇ ਪੁਲਿਸ ਦਾ ਆਪਸ ’ਚ ਟਕਰਾਅ ਹੋ ਗਿਆ। ਪਿੰਡ ਦੀ ਇੱਕ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਨਤੀਜ਼ੇ ਦੀ ਉਡੀਕ ਕਰ ਰਹੇ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸ਼ੁਰੂ ਹੋਈ ਬਹਿਸਬਾਜ਼ੀ ਦਾ ਪਤਾ ਲੱਗਦਿਆਂ ਹੀ ਉੱਥੇ ਹੋਰ ਲੋਕ ਇਕੱਠੇ ਹੋ ਗਏ ਤਾਂ ਟਕਰਾਅ ਵਧ ਗਿਆ।
Bathinda News
ਪੁਲਿਸ ’ਤੇ ਦੋਸ਼ ਲੱਗੇ ਹਨ ਕਿ ਉਹ ਇੱਕ ਧਿਰ ਦੀ ਮੱਦਦ ਕਰ ਰਹੀ ਸੀ। ਪੁਲਿਸ ਨੇ ਲੋਕਾਂ ਨੂੰ ਖਿੰਡਾਉਣ ਲਈ ‘ਡੰਡਾ’ ਵੀ ਵਰਤਿਆ। ਇਸ ਦੌਰਾਨ ਗੁੱਸੇ ’ਚ ਆਈ ਭੀੜ ਵੱਲੋਂ ਇੱਟਾਂ-ਰੋੜੇ ਵੀ ਚਲਾਏ ਗਏ ਤੇ ਪੁਲਿਸ ਵੱਲੋਂ ਭੀੜ ਨੂੰ ਭਜਾਉਣ ਲਈ ਹਵਾਈ ਫਾਇਰਿੰਗ ਕੀਤੀ ਗਈ। ਇੱਟਾਂ-ਰੋੜੇ ਚੱਲਣ ਨਾਲ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ’ਤੇ ਇੱਕ ਧਿਰ ਨਾਲ ਮਿਲੇ ਹੋਣ ਦੇ ਦੋਸ਼ਾਂ ਨੂੰ ਪੁਲਿਸ ਅਧਿਕਾਰੀਆਂ ਨੇ ਮੁੱਢੋਂ ਰੱਦ ਕੀਤਾ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਵੋਟਾਂ ਦੌਰਾਨ ਜੋ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ ਗਈ ਅਤੇ ਚੋਣ ਪਾਰਟੀਆਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਇਸ ਸਬੰਧ ’ਚ ਵੱਖ-ਵੱਖ ਥਾਈਂ ਤਿੰਨ ਮੁਕੱਦਮੇ ਦਰਜ਼ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਥਾਣਾ ਦਿਆਲਪੁਰਾ ’ਚ ਪਿੰਡ ਭੋਡੀਪੁਰਾ ’ਚ ਹੋਈ ਘਟਨਾ ਸਬੰਧੀ ਪਰਚਾ ਦਰਜ਼ ਕੀਤਾ ਗਿਆ ਹੈ।
Bathinda News
ਇਸ ਤੋਂ ਇਲਾਵਾ ਥਾਣਾ ਨਥਾਣਾ ’ਚ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਵੋਟਾਂ ਦੌਰਾਨ ਪੁਲਿਸ ਪਾਰਟੀ ’ਤੇ ਇੱਟਾਂ ਰੋੜੇ ਚਲਾਏ ਗਏ ਤੇ ਗੱਡੀਆਂ ਦੀ ਭੰਨਤੋੜ ਕਰਨ ਦਾ ਪਰਚਾ ਦਰਜ਼ ਕੀਤਾ ਗਿਆ ਹੈ। ਤੀਜਾ ਪਰਚਾ ਥਾਣਾ ਸਦਰ ਬਠਿੰਡਾ ਵਿਖੇ ਪਿੰਡ ਨਰੂਆਣਾ ਨਾਲ ਸਬੰਧਿਤ ਦਰਜ਼ ਕੀਤਾ ਗਿਆ ਹੈ, ਜਿੱਥੇ ਪੋÇਲੰਗ ਪਾਰਟੀ ਨੂੰ ਕਥਿਤ ਤੌਰ ’ਤੇ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਰਪੰਚੀ ਦੀ ਚੋਣ ਹਾਰਨ ਵਾਲੀ ਧਿਰ ਵੱਲੋਂ ਅੱਜ ਵੀ ਪਿੰਡ ’ਚ ਧਰਨਾ ਲਗਾ ਕੇ ਦੋਸ਼ ਲਗਾਏ ਕਿ ਗਿਣਤੀ ਪਾਰਦਰਸ਼ੀ ਨਹੀਂ ਹੋਈ ਇਸ ਲਈ ਵੋਟਾਂ ਦੁਬਾਰਾ ਪਵਾਈਆਂ ਜਾਣ। ਉਕਤ ਤਿੰਨਾਂ ਮਾਮਲਿਆਂ ’ਚ ਥਾਣਾ ਸਦਰ ਅਤੇ ਥਾਣਾ ਨਥਾਣਾ ਵਿਖੇ ਨਾਮਾਲੂਮ ਵਿਅਕਤੀਆਂ ਖਿਲਾਫ਼ ਅਤੇ ਥਾਣਾ ਦਿਆਲਪੁਰਾ ਵਿਖੇ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।
ਚੋਣ ਅਮਲੇ ਨੂੰ ਬੰਧਕ ਬਣਾਉਣ ਦੀ ਕੀਤੀ ਕੋਸ਼ਿਸ਼ : ਐਸਐਸਪੀ | Bathinda News
ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਉਪਰੋਕਤ ਪਿੰਡਾਂ ’ਚ ਕੁੱਝ ਲੋਕਾਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾਂ ਕਰਦਿਆਂ ਪੁਲਿਸ ਪ੍ਰਸ਼ਾਸ਼ਨ ਅਤੇ ਚੋਣ ਅਮਲੇ ਨਾਲ ਹੱਥੋਪਾਈ ਕੀਤੀ, ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇੱਟਾਂ-ਰੋੜਿਆਂ ਨਾਲ ਪੁਲਿਸ ਤੇ ਹਮਲਾ ਵੀ ਕੀਤਾ ਗਿਆ। ਪੁਲਿਸ ਦੀਆਂ ਸਰਕਾਰੀ ਗੱਡੀਆਂ ਦੀ ਭੰਨ ਤੋੜ ਕੀਤੀ ਗਈ। ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹਵਾਈ ਫਾਇਰਿੰਗ ਦੀ ਵਰਤੋਂ ਕੀਤੀ ਗਈ ਅਤੇ ਹਜੂਮ ਨੂੰ ਤਿੱਤਰ-ਬਿੱਤਰ ਕੀਤਾ ਗਿਆ। ਇਸ ਹਵਾਈ ਫਾਇਰਿੰਗ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀ ਹੋਇਆ। ਪੰਚਾਇਤੀ ਚੋਣਾਂ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਵੇਗਾ।
Read Also : MSP Prices: ਮੋਦੀ ਸਰਕਾਰ ਨੇ ਐਮਐਸਪੀ ’ਚ ਕੀਤਾ ਵਾਧਾ, ਕਣਕ ਦੇ ਭਾਅ ਵਿੱਚ 150 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ