ਹਸਪਤਾਲ ਦੇ ਮੁੱਖ ਕਾਊਂਟਰ ’ਤੇ ਕਿਉਂ ਲਿਖ ਕੇ ਲਾ ਦਿੱਤਾ, ਵੀਡੀਓਗ੍ਰਾਫੀ ਕਰਨਾ ਸਖਤ ਮਨਾ

Punjab News
ਸੰਗਤ ਮੰਡੀ : ਘੁੱਦਾ ਦੇ ਸਬ ਡਵੀਜ਼ਨ ਹਸਪਤਾਲ ਅੰਦਰ ਵੀਡੀਓਗ੍ਰਾਫੀ ਦੀ ਮਨਾਹੀ ਕਰਨ ਵਾਲਾ ਪੋਸਟਰ ਪਰਚੀ ਕਟਾਉਣ ਵਾਲੇ ਕਾਊਂਟਰ ’ਤੇ ਲੱਗਿਆ ਹੋਇਆ।

ਸੂਬੇ ਨੂੰ ਰਿਸ਼ਵਤ ਮੁਕਤ ਕਰਨ ਲਈ ਵਿੱਢੀ ਮੁਹਿੰਮ ’ਚ ਡਾਕਟਰ ਹੀ ਨਹੀਂ ਦੇ ਰਹੇ ਸਾਥ | Punjab News

ਸੰਗਤ ਮੰਡੀ (ਮਨਜੀਤ ਨਰੂਆਣਾ)। ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਸਰਕਾਰ ਵੱਲੋਂ ਸੂਬੇ ਨੂੰ ਰਿਸ਼ਵਤ ਮੁਕਤ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਵਿੱਡੀ ਸੀ। ਉਨ੍ਹਾਂ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਸੀ ਕਿ ਜੇਕਰ ਕੋਈ ਵੀ ਅਧਿਕਾਰੀ ਜਾ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਵੀਡੀਓ ਬਣਾ ਕੇ ਇਸ ਨੰਬਰ ’ਤੇ ਭੇਜਣ ਤਾਂ ਜੋ ਉਸ ਅਧਿਕਾਰੀ ਜਾ ਕਰਮਚਾਰੀ ਵਿਰੁੱਧ ਕਾਰਵਾਈ ਕੀਤੀ ਜਾ ਸਕੇ। (Punjab News)

ਇਸ ਸਬ ਤੋਂ ਉਲਟ ਘੁੱਦਾ ਵਿਖੇ ਬਣੇ ਸਬ ਡਵੀਜ਼ਨ ਹਸਪਤਾਲ ’ਚ ਡਾਕਟਰਾਂ ਵੱਲੋਂ ਭਗਵੰਤ ਮਾਨ ਦੀ ਇਸ ਮੁਹਿੰਮ ’ਚ ਸਾਥ ਦੇਣ ਦੀ ਬਜਾਏ ਹਸਪਤਾਲ ਅੰਦਰ ਦਾਖਲ ਹੁੰਦਿਆਂ ਹੀ ਮੁੱਖ ਕਾਊਂਟਰ ਤੇ ਸਾਫਸਾਫ ਵੱਡੇ ਅੱਖਰਾਂ ’ਚ ਲਿਖ ਕੇ ਲਾ ਦਿੱਤਾ ਕਿ ਹਸਪਤਾਲ ਅੰਦਰ ਕੋਈ ਵੀ ਵਿਅਕਤੀ ਵੀਡੀਓਗ੍ਰਾਫੀ ਨਹੀਂ ਕਰ ਸਕਦਾ, ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਜੇਕਰ ਹਸਪਤਾਲ ਅੰਦਰ ਕੋਈ ਡਾਕਟਰ ਜਾ ਕੋਈ ਕਰਮਚਾਰੀ ਕਿਸੇ ਮਰੀਜ਼ ਤੋਂ ਰਿਸ਼ਵਤ ਮੰਗਦਾ ਹੈ ਜਾਂ ਲੈਂਦਾ ਹੈ ਉਸ ਦੀ ਵੀਡੀਓ ਕਿਸ ਤਰ੍ਹਾਂ ਬਣੇਗੀ। ਡਾਕਟਰਾਂ ਵੱਲੋਂ ਵੀਡੀਓਗ੍ਰਾਂਫੀ ਦੀ ਮਨਾਹੀ ਲਿਖ ਕੇ ਲਗਾਉਣਾ ਵੱਡੇ ਸੁਆਲ ਖੜ੍ਹੇ ਕਰਦਾ ਹੈ।

ਹਸਪਤਾਲ ਦੇ ਸਟਾਫ਼ ਵੱਲੋਂ ਵੀਡੀਓਗ੍ਰਾਫੀ ਬਣਾਉਣ ਦੀ ਸਖ਼ਤ ਮਨਾਹੀ ਵਾਲਾ ਪੋੋਸਟਰ ਭਗਵੰਤ ਮਾਨ ਨੂੰ ਚੈਲੰਜ਼ : ਹਰਤੇਜ ਭੁੱਲਰ

ਜਦ ਇਸ ਸਬੰਧੀ ਪਿੰਡ ਘੁੱਦਾ ਦੇ ਬਾਬਾ ਬਲੀਆ ਵੈਲਫੇਅਰ ਕਲੱਬ ਦੇ ਸਲਾਹਕਾਰ ਹਰਤੇਜ ਭੁੱਲਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤ ਲੈਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਨੰਬਰ ਜਾਰੀ ਕੀਤਾ ਗਿਆ ਹੈ ਪ੍ਰੰਤੂ ਦੂਸਰੇ ਪਾਸੇ ਹਸਪਤਾਲ ਦੇ ਸਟਾਫ਼ ਵੱਲੋਂ ਵੀਡੀਓਗ੍ਰਾਫੀ ਬਣਾਉਣ ਦੀ ਸਖ਼ਤ ਮਨਾਹੀ ਵਾਲਾ ਪੋੋਸਟਰ ਲਗਾ ਕੇ ਭਗਵੰਤ ਮਾਨ ਨੂੰ ਚੈਲੰਜ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ; ਤੰਦੂਰ ਵਾਂਗ ਤਪੇ ਮੌਸਮ ਤੋਂ ਝੱਖੜ ਅਤੇ ਮੀਂਹ ਨਾਲ ਰਾਹਤ

ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾ ਅੱਖਾਂ ਦੇ ਇਕ ਅਪਥਾਲਮਿਕ ਡਾਕਟਰ ਵੱਲੋਂ ਮਰੀਜ਼ਾਂ ਦੀਆਂ ਅੱਖਾਂ ’ਚ ਲੈਂਸ ਪਾਉਣ ਬਦਲੇ ਉਨ੍ਹਾਂ ਦੀ ਕੀਤੀ ਜਾਂਦੀ ਆਰਥਿਕ ਲੁੱਟ ਦੀ ਵੀਡੀਓ ਬਣਾ ਕੇ ਸਰਕਾਰ ਨੂੰ ਭੇਜੀ ਗਈ ਸੀ, ਜਿਸ ਦੇ ਚੱਲਦਿਆਂ ਉਕਤ ਡਾਕਟਰ ਦੀ ਬਦਲੀ ਕਰਕੇ ਉਸ ਵਿਰੁੱਧ ਵਿਭਾਗ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਹਸਪਤਾਲ ਸਟਾਫ਼ ਵੱਲੋਂ ਆਪਣੇ ਤੇ ਕਾਰਵਾਈ ਹੋਣ ਦੇ ਡਰ ਕਾਰਨ ਵੀਡੀਓਗ੍ਰਾਫੀ ਕਰਨ ਦੀ ਸਖਤ ਮਨਾਹੀ ਦਾ ਵੱਡਾ ਪੋਸਟਰ ਲਗਾ ਦਿੱਤਾ ਗਿਆ, ਜੋ ਗਲਤ ਹੈ।

ਕੁੱਝ ਦਿਨ ਪਹਿਲਾ ਹੀ ਹਸਪਤਾਲ ਦਾ ਚਾਰਜ਼ ਆਇਆ

ਜਦ ਇਸ ਸਬੰਧੀ ਇੰਚਾਰਜ਼ ਡਾ. ਵਿਕਾਸ ਅਗਰਵਾਲ ਨਾਲ ਉਨ੍ਹਾਂ ਦੇ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਹਾਲੇ ਕੁੱਝ ਦਿਨ ਪਹਿਲਾ ਹੀ ਹਸਪਤਾਲ ਦਾ ਚਾਰਜ਼ ਆਇਆ ਹੈ, ਜੋ ਵੀਡੀਓਗ੍ਰਾਫੀ ਨਾ ਕਰਨ ਬਾਰੇ ਹਸਪਤਾਲ ’ਚ ਪੋਸ਼ਟਰ ਲੱਗਿਆ ਹੈ ਉਸ ਬਾਰੇ ਉਨ੍ਹਾਂ ਨੂੰ ਕੁੱਝ ਨਹੀਂ ਪਤਾ, ਉਹ ਹਸਪਤਾਲ ਜਾ ਕੇ ਇਸ ਬਾਰੇ ਪਤਾ ਕਰਕੇ ਹੀ ਕੁੱਝ ਕਹਿ ਸਕਦੇ ਹਨ।