Punjab News: ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ’ਚ ਅੱਜ ਕਈ ਥਾਈਂ ਕਿਸਾਨ ਕਰਨਗੇ ਸੜਕਾਂ ਜਾਮ
Punjab News: ਬਠਿੰਡਾ/ਮਾਨਸਾ (ਸੁਖਜੀਤ ਮਾਨ)। ਅਨਾਜ ਮੰਡੀਆਂ ’ਚ ਝੋਨੇ ਦੀ ਹੋ ਰਹੀ ਬੇਕਦਰੀ ਤੋਂ ਅੱਕੇ ਕਿਸਾਨ ਅੱਜ ਸੜਕਾਂ ’ਤੇ ਉੱਤਰ ਆਏ ਹਨ। ਪਿਛਲੇ ਕਈ-ਕਈ ਦਿਨਾਂ ਤੋਂ ਮੰਡੀਆਂ ’ਚ ਬੈਠੇ ਕਿਸਾਨ ਝੋਨੇ ਦੀ ਰਾਖੀ ਕਰ ਰਹੇ ਹਨ। ਅਨਾਜ ਮੰਡੀਆਂ ’ਚ ਐਨਾਂ ਜ਼ਿਆਦਾ ਝੋਨਾ ਆ ਗਿਆ ਕਿ ਹੋਰ ਰੱਖਣ ਨੂੰ ਥਾਂ ਨਹੀਂ। ਝੋਨਾ ਰੱਖਣ ਦੀ ਮੰਡੀਆ ’ਚ ਥਾਂ ਨਾ ਹੋਣ ਕਰਕੇ ਕਿਸਾਨ ਵਢਾਈ ਤੋਂ ਵੀ ਪਛੜਨ ਲੱਗੇ ਹਨ। ਝੋਨੇ ਦੀ ਨਿਰਵਿਘਨ ਖ੍ਰੀਦ ਕਰਵਾਉਣ ਲਈ ਅੱਜ ਕਿਸਾਨਾਂ ਨੇ ਪੰਜਾਬ ਭਰ ’ਚ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਜਾਮ ਤਹਿਤ ਜ਼ਿਲ੍ਹਾ ਬਠਿੰਡਾ ਤੇ ਮਾਨਸਾ ’ਚ ਕਈ ਥਾਵਾਂ ’ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ।
Read Also : Punjab News: ਪਰਾਲੀ ਨੂੰ ਖੇਤ ’ਚ ਰਲਾਉਣ ਲਈ ਪੀਏਯੂ ਵੱਲੋਂ ਨਵੀਂ ਮਸ਼ੀਨ ‘ਮਿੱਤਰ ਸੀਡਰ’ ਤਿਆਰ
ਵੇਰਵਿਆਂ ਮੁਤਾਬਿਕ ਪੰਜਾਬ ਦੀਆਂ ਅਨਾਜ ਮੰਡੀਆਂ ਝੋਨੇ ਨਾਲ ਭਰ ਗਈਆਂ ਪਰ ਹਾਲੇ ਤੱਕ ਖ੍ਰੀਦ ਬਹੁਤ ਘੱਟ ਹੋਈ ਹੈ। ਸਰਕਾਰੀ ਕਾਗਜ਼ਾਂ ’ਚ ਖ੍ਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਹਕੀਕਤ ਇਹ ਹੈ ਕਿ ਕਿਸਾਨ ਮੰਡੀਆਂ ’ਚ ਰੁਲ ਰਹੇ ਹਨ। ਭਾਕਿਯੂ ਸਿੱਧੂਪੁਰ ਦੇ ਕਿਸਾਨ ਆਗੂ ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ ਅਤੇ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਲਗਭਗ 15 ਦਿਨਾਂ ਤੋਂ ਉੱਪਰ ਮੰਡੀਆਂ ਚ ਆਏ ਝੋਨੇ ਨੂੰ ਹੋ ਗਏ ਨੇ ਪਰ ਮਾਰਕੀਟ ਕਮੇਟੀਆਂ ਦੇ ਅਧਿਕਾਰੀ ਤੇ ਏਜੰਸੀਆਂ ਦੇ ਇੰਸਪੈਕਟਰ ਮੰਡੀਆਂ ’ਚ ਆ ਕੇ ਝੋਨੇ ਦੀ ਖਰੀਦ ਕਰਨ ਤੋਂ ਭੱਜ ਰਹੇ ਹਨ। ਮਜ਼ਬੂਰੀ ਵੱਸ ਕਿਸਾਨ ਮੰਡੀਆਂ ’ਚ ਮੰਡੀਆਂ ਰਾਤਾਂ ਕੱਟਣ ਲਈ ਮਜਬੂਰ ਹਨ। Punjab News
ਆਗੂਆਂ ਨੇ ਕਿਹਾ ਕਿ ਝੋਨੇ ਦਾ ਮੰਡੀਆਂ ’ਚੋਂ ਦਾਣਾ-ਦਾਣਾ ਚਕਾਉਣ ਲਈ, ਮੰਡੀਆਂ ’ਚ ਪੂਰੇ ਪ੍ਰਬੰਧ ਕਰਵਾਉਣ ਲਈ ਤੇ ਹੋਰ ਮੰਗਾਂ ਪੂਰੀਆ ਕਰਵਾਉਣ ਲਈ ਮਜ਼ਬੂਰੀ ਵੱਸ ਉਨ੍ਹਾਂ ਨੂੰ ਸੜਕਾਂ ’ਤੇ ਉੱਤਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਬਠਿੰਡਾ ਜ਼ਿਲ੍ਹੇ ’ਚ ਤਿੰਨ ਥਾਵਾਂ ਮੌੜ ਮੰਡੀ, ਗੋਨਿਆਣਾ ਮੰਡੀ ਅਤੇ ਤਲਵੰਡੀ ਸਾਬੋ ਵਿਖੇ ਚੱਕਾ ਜਾਮ ਕੀਤਾ ਜਾਵੇਗਾ ਜਦੋਂਕਿ ਜ਼ਿਲ੍ਹਾ ਮਾਨਸਾ ’ਚ ਮਾਨਸਾ, ਝੁਨੀਰ, ਸਰਦੂਲਗੜ੍ਹ, ਬੋਹਾ, ਬਰੇਟਾ ਸਮੇਤ ਭੀਖੀ ਵਿਖੇ ਹਾਈਵੇ ਸੜਕਾਂ ਜਾਮ ਕੀਤੀਆਂ ਜਾਣਗੀਆਂ ।