Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਰਾਲੀ ਸਾੜਨ ’ਤੇ ਮੁਕੰਮਲ ਰੋਕ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਵੱਡੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ ਪੰਜਾਬ ਪੁਲਿਸ ਵੱਲੋਂ ਇਸ ਸੀਜ਼ਨ ਵਿੱਚ ਹੀ ਹੁਣ ਤੱਕ 874 ਪਰਚੇ ਦਰਜ ਕੀਤੇ ਗਏ ਹਨ ਅਤੇ 10 ਲੱਖ 55 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇਥੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਤੇ ਪ੍ਰਬੰਧ ਅਰਪਿਤ ਸ਼ੁਕਲਾ ਨੇ ਦਿੱਤੀ।
ਦੱਸਣਯੋਗ ਹੈ ਕਿ ਪਰਾਲੀ ਸਾੜਨ ਦੇ ਮਾਮਲਿਆਂ ’ਤੇ ਮੁਕੰਮਲ ਰੋਕ ਲਈ ਮਾਨਯੋਗ ਸੁਪਰੀਮ ਕੋਰਟ ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਪਰਾਲੀ ਸਾੜਨ ਵਿਰੁੱਧ ਕਾਰਵਾਈ ਦੀ ਨਿਗਰਾਨੀ ਲਈ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੂੰ ਪੁਲਿਸ ਨੋਡਲ ਅਫ਼ਸਰ ਨਿਯੁਕਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਸੈਟੇਲਾਈਟਾਂ ਰਾਹੀਂ 1393 ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਪਤਾ ਲੱਗਣ ਉਪਰੰਤ ਜੁਆਇੰਟ ਟੀਮਾਂ ਨੂੰ ਮੌਕੇ ’ਤੇ ਜਾਂਚ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ 874 ਮਾਮਲਿਆਂ ਵਿੱਚ ਐੱਫਆਈਆਰ ਦਰਜ ਕੀਤੀਆਂ ਹਨ, ਜਦੋਂ ਕਿ 471 ਥਾਵਾਂ ’ਤੇ ਪਰਾਲੀ ਸਾੜਨ ਦਾ ਕੋਈ ਮਾਮਲਾ ਨਹੀਂ ਪਾਇਆ ਗਿਆ। Punjab News
Read Also : Governor of Punjab: ‘ਨਜਾਇਜ਼ ਪਲਾਟਾਂ’ ਨੂੰ ਐੱਨਓਸੀ ਦੇਣ ਵਾਲੇ ਬਿੱਲ ਨੂੰ ਹੀ ਰਾਜਪਾਲ ਤੋਂ ਨਹੀਂ ਮਿਲੀ ‘ਐੱਨਓਸੀ’
ਹਾਲਾਂਕਿ, 471 ਮਾਮਲਿਆਂ ਦੀ ਰੋਜ਼ਾਨਾ ਡਾਇਰੀ ਰਿਪੋਰਟ (ਡੀਡੀਆਰ) ਸਬੰਧਿਤ ਪੁਲਿਸ ਸਟੇਸ਼ਨਾਂ ਵਿੱਚ ਦਰਜ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਐੱਫਆਈਆਰ ਦਰਜ ਕਰਨ ਤੋਂ ਇਲਾਵਾ 397 ਕੇਸਾਂ ਵਿੱਚ 10.55 ਲੱਖ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ ਅਤੇ 394 ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ।
ਪੰਜਾਬ ਅੰਦਰ 65 ਥਾਵਾਂ ’ਤੇ ਲੱਗੀ ਪਰਾਲੀ ਨੂੰ ਅੱਗ | Punjab News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਸੈਟੇਲਾਈਟ ਅਨੁਸਾਰ ਪੰਜਾਬ ਵਿੱਚ ਅੱਜ 65 ਥਾਵਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਤਰਨ ਤਾਰਨ ਜਿਲ੍ਹੇ ਵਿੱਚ ਦਰਜ ਕੀਤੇ ਗਏ ਹਨ ਜਿੱਥੇ ਕਿ 15 ਥਾਵਾਂ ’ਤੇ ਰਹਿੰਦ ਖੂੰਹਦ ਨੂੰ ਅੱਗ ਲਾਈ ਗਈ ਹੈ ਇਸ ਤੋਂ ਇਲਾਵਾ ਫਿਰੋਜਪੁਰ ਜ਼ਿਲ੍ਹੇ ਵਿੱਚ 14 ਥਾਵਾਂ ’ਤੇ ਪਟਿਆਲਾ ਵਿੱਚ ਸੱਤ ਥਾਵਾਂ ਅਤੇ ਸੰਗਰੂਰ ਜ਼ਿਲ੍ਹੇ ਵਿੱਚ 8 ਥਾਵਾਂ, ਅੰਮ੍ਰਿਤਸਰ ਵਿੱਚ ਚਾਰ ਥਾਵਾਂ ’ਤੇ ਅੱਗ ਲਾਉਣ ਦੇ ਮਾਮਲੇ ਦਰਜ ਕੀਤੇ ਗਏ ਹਨ।
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੰਜ ਥਾਵਾਂ ’ਤੇ ਅਤੇ ਬਾਕੀ ਜ਼ਿਲ੍ਹਆਂ ਵਿੱਚ ਇੱਕਾ-ਦੁੱਕਾ ਥਾਵਾਂ ’ਤੇ ਅੱਗ ਲਾਉਣ ਦੇ ਮਾਮਲੇ ਦਰਜ ਹੋਏ ਹਨ। ਇੱਧਰ ਪਿਛਲੇ ਸਾਲਾਂ ਨਾਲਂੋ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਕਮੀ ਦਰਜ ਹੋਈ ਹੈ । ਅੱਜ 21 ਅਕਤੂਬਰ ਨੂੰ ਸਾਲ 2023 ਵਿੱਚ 146 ਥਾਵਾਂ ’ਤੇ ਜਦੋਂ ਕਿ ਸਾਲ 2022 ਵਿੱਚ 393 ਥਾਵਾਂ ’ਤੇ ਅੱਗ ਲਾਉਣ ਦੇ ਮਾਮਲੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਸੈਟੇਲਾਈਟ ’ਤੇ ਦਰਜ ਕੀਤੇ ਗਏ ਸਨ।