Punjab News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਰੇਲਵੇ ਸਟੇਸ਼ਨ ’ਤੇ ਬੀਤੀ ਦੇਰ ਰਾਤ ਵੱਡੇ ਹਾਦਸੇ ਤੋਂ ਉਸ ਵੇਲੇ ਬਚਾਅ ਹੋ ਗਿਆ ਜਦੋਂ ਕਰੂੜ ਤੇਲ ਨਾਲ ਭਰੇ ਡੱਬਿਆਂ ਵਾਲੀ ਰੇਲ ਗੱਡੀ ਬਠਿੰਡਾ ਪੁੱਜੀ, ਜਿਸ ਦੇ 5 ਡੱਬਿਆਂ ਨੂੰ ਅੱਗ ਲੱਗੀ ਹੋਈ ਸੀ। ਰੇਲ ਗੱਡੀ ਦੇ ਸਟਾਫ ਨੂੰ ਅੱਗ ਲੱਗਣ ਦੀ ਬਿਲਕੁਲ ਵੀ ਭਿਣਕ ਨਹੀਂ ਪਈ। ਇਸਦਾ ਪਤਾ ਬਠਿੰਡਾ ਰੇਲਵੇ ਸਟੇਸ਼ਨ ਦੇ ਨੇੜੇ ਆ ਕੇ ਲੱਗਿਆ ਤਾਂ ਰੇਲਵੇ ਵਿਭਾਗ ਦੇ ਮੁਲਾਜ਼ਮਾਂ ਨੇ ਸਖਤ ਮਿਹਨਤ ਕਰਕੇ ਅੱਗ ’ਤੇ ਕਾਬੂ ਪਾਇਆ।
ਵੇਰਵਿਆਂ ਮੁਤਾਬਿਕ ਰਾਮਾਂ ਰਿਫਾਇਨਰੀ ਤੋਂ ਬਠਿੰਡਾ ਵੱਲ ਆ ਰਹੀ ਇੱਕ ਟ੍ਰੇਨ, ਜਿਸਨੇ ਅੱਗੇ ਜੰਮੂ ਕਸ਼ਮੀਰ ਵੱਲ ਜਾਣਾ ਸੀ, ਉਸਦੇ ਡੱਬਿਆਂ ’ਚ ਕਰੂੜ ਤੇਲ ਭਰਿਆ ਹੋਇਆ ਸੀ। ਟ੍ਰੇਨ ਦੇ 5 ਡੱਬਿਆਂ ਨੂੰ ਅੱਗ ਲੱਗ ਗਈ । Punjab News
Read Also : Cities of India: ਭਾਰਤ ਦੇ ਸ਼ਹਿਰਾਂ ਨੂੰ ਹੁਣ ਇਸ ਵਿਸ਼ਾਲ ਸਮੱਸਿਆ ਨੇ ਘੇਰਿਆ, ਕੀ ਜਲਦੀ ਨਿਜਾਤ ਮਿਲੇਗੀ?
ਟ੍ਰੇਨ ਚਾਲਕ ਤੇ ਬਾਕੀ ਸਟਾਫ ਨੂੰ ਅੱਗ ਦਾ ਬਿਲਕੁਲ ਵੀ ਪਤਾ ਨਹੀਂ ਲੱਗਿਆ ਜਿਸ ਕਾਰਨ ਕਈ ਕਿਲੋਮੀਟਰ ਤੱਕ ਅੱਗ ਲੱਗੀ ਰਹੀ। ਜਿਉਂ-ਜਿਉਂ ਗੱਡੀ ਅੱਗੇ ਵਧਦੀ ਰਹੀ ਤੇਲ ਡੁੱਲਣ ਕਾਰਨ ਪਿੱਛੇ ਰੇਲਵੇ ਲਾਈਨ ’ਤੇ ਅੱਗ ਲੱਗਦੀ ਰਹੀ। ਅੱਗ ਲੱਗਣ ਦਾ ਜਦੋਂ ਬਠਿੰਡਾ ਰੇਲਵੇ ਸਟੇਸ਼ਨ ਨੇੜੇ ਆ ਕੇ ਪਤਾ ਲੱਗਿਆ ਤਾਂ ਰੇਲਵੇ ਸਟਾਫ ਨੇ ਸਖਤ ਮਿਹਨਤ ਨਾਲ ਅੱਗ ਵਾਲੇ ਡੱਬਿਆਂ ਨੂੰ ਬਾਕੀ ਟ੍ਰੇਨ ਨਾਲੋਂ ਵੱਖ ਕਰਕੇ ਅੱਗ ’ਤੇ ਕਾਬੂ ਪਾਇਆ।
ਅੱਗ ਲੱਗਣ ਦੇ ਕਾਰਨਾਂ ਦੀ ਰੇਲਵੇ ਵਿਭਾਗ ਦੀ ਜਾਂਚ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਥਾਣਾ ਕੈਨਾਲ ਕਲੋਨੀ ਦੇ ਐਸਐਚਓ ਹਰਜੀਵਨ ਸਿੰਘ ਨੇ ਦੱਸਿਆ ਕਿ ਦੇਰ ਰਾਤ ਜਦੋਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਪੁਲਿਸ ਟੀਮ ਮੌਕੇ ’ਤੇ ਪੁੱਜੀ। ਇਸ ਘਟਨਾ ’ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਸਬੰਧੀ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਇਸਦੀ ਜਾਂਚ ਆਰਪੀਐਫ ਤੇ ਰੇਲਵੇ ਵਿਭਾਗ ਦੀ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਹੈ