ਫਾਰਮ ਹਾਊਸ ’ਚ ਜਾ ਕੇ ਬੈਠ ’ਗੇ ਅਮਰਿੰਦਰ ਸਿੰਘ, ਸਾਰੇ ਦਿਨ ਦੌਰਾਨ ਨਹੀਂ ਆਉਂਦਾ ਇੱਕ ਵੀ ਬੰਦਾ (Punjab Lok Congress )
- ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਵਿੱਚ ਸਿਰਫ਼ ਦਿਖਾਈ ਦੇ ਰਹੇ ਹਨ 3-4 ਕਰਮਚਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਸੈਕਟਰ 9 ਵਿਚਲਾ ਦਫ਼ਤਰ ਖ਼ਾਲੀ ਹੀ ਪਿਆ ਹੈ। ਇਸ ਦਫ਼ਤਰ ਵਿੱਚ ਨਾ ਹੀ ਕੋਈ ਆਉਂਦਾ ਹੈ ਅਤੇ ਨਾ ਹੀ ਕੋਈ ਜਾਂਦਾ ਹੈ। ਹਾਲਾਤ ਇਹੋ ਜਿਹੇ ਹਨ ਕਿ ਅਮਰਿੰਦਰ ਸਿੰਘ ਦੇ ਇਸ ਦਫ਼ਤਰ ਵਿੱਚ ਰੋਜ਼ਾਨਾ ਦੀ ਤਰ੍ਹਾਂ 3-4 ਕਰਮਚਾਰੀ ਦਫ਼ਤਰ ਖੋਲ੍ਹਦੇ ਹੋਏ ਸਾਰਾ ਦਿਨ ਬੈਠਦੇ ਹਨ ਤੇ ਵਾਪਸ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ ਪਰ ਕੋਈ ਵੀ ਜਿਆਦਾ ਗਤੀਵਿਧੀ ਹੋਣ ਦੀ ਗੱਲ ਤਾਂ ਦੂਰ ਇਸ (Punjab Lok Congress) ਦਫ਼ਤਰ ਵਿੱਚ ਕੋਈ ਸਿਆਸੀ ਲੀਡਰ ਦਿਖਾਈ ਤੱਕ ਨਹੀਂ ਦੇ ਰਿਹਾ।
ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੀ ਕੁਰਸੀ ਨੂੰ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ। ਅਮਰਿੰਦਰ ਸਿੰਘ ਵੱਲੋਂ ਆਪਣੀ ਇਸ ਪਾਰਟੀ ਵਿੱਚ ‘ਕਾਂਗਰਸ’ ਨੂੰ ਸ਼ਾਮਲ ਕਰਦੇ ਹੋਏ ਨਾਅ ਪੰਜਾਬ ਲੋਕ ਕਾਂਗਰਸ ਪਾਰਟੀ ਰੱਖਿਆ ਗਿਆ ਹੈ। ਇਸ ਪਾਰਟੀ ਲਈ ਬਕਾਇਦਾ ਚੰਡੀਗੜ ਦੇ ਸੈਕਟਰ 9 ਵਿੱਚ ਦਫ਼ਤਰ ਵੀ ਖੋਲ੍ਹਿਆ ਗਿਆ ਸੀ ਤਾਂ ਕਿ ਇਥੋਂ ਹੀ ਪਾਰਟੀ ਦੀ ਹਰ ਤਰਾਂ ਦੀ ਗਤੀਵਿਧੀ ਚਲਾਉਂਦੇ ਹੋਏ ਪੰਜਾਬ ਭਰ ਵਿੱਚ ਅਸਰ ਪਾਇਆ ਜਾ ਸਕੇ।
ਰਣਇੰਦਰ ਸਿੰਘ ਵੀ ਨਹੀਂ ਬੈਠਦੇ ਦਫ਼ਤਰ ’ਚ
ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਨਾਂ ਦੇ ਪੁੱਤਰ ਰਣਇੰਦਰ ਸਿੰਘ ਇਸ ਦਫ਼ਤਰ ਵਿੱਚ ਬੈਠ ਕੇ ਸਾਰਾ ਕੰਮ ਕਰਨਗੇ, ਜਦੋਂ ਕਿ ਉਹ ਖੁਦ ਫੀਲਡ ਵਿੱਚ ਰਹਿਣਗੇ। ਅਮਰਿੰਦਰ ਸਿੰਘ ਵੱਲੋਂ ਆਪਣੇ ਦਫ਼ਤਰ ਦਾ ਉਦਘਾਟਨ ਕੀਤੇ ਅੱਜ ਡੇਢ ਮਹੀਨੇ ਤੱਕ ਦਾ ਸਮਾਂ ਹੋ ਗਿਆ ਪਰ ਇਸ ਦਫ਼ਤਰ ਵਿੱਚ ਨਾ ਹੀ ਕੋਈ ਲੀਡਰ ਆਉਂਦਾ ਹੈ ਅਤੇ ਨਾ ਹੀ ਰਣਇੰਦਰ ਸਿੰਘ ਇਸ ਦਫ਼ਤਰ ਵਿੱਚ ਬੈਠਦੇ ਹਨ। ਪੰਜਾਬ ਲੋਕ ਕਾਂਗਰਸ ਪਾਰਟੀ ਵਲੋਂ ਸ਼ੁਰੂਆਤ ਵਿੱਚ ਕਾਫ਼ੀ ਜਿਆਦਾ ਸਰਗਰਮੀ ਦਿਖਾਈ ਗਈ ਸੀ ਪਰ ਹੁਣ ਇਹ ਸਰਗਰਮੀ ਵੀ ਠੰਢੀ ਪੈਂਦੀ ਨਜ਼ਰ ਆ ਰਹੀ ਹੈ। ਪੰਜਾਬ ਲੋਕ ਕਾਂਗਰਸ ਦੇ ਇਸ ਦਫ਼ਤਰ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਕਰਕੇ ਰੌਣਕ ਹੋਣ ਦੇ ਆਸਾਰ ਨਜ਼ਰ ਆ ਰਹੇ ਸਨ ਪਰ ਇਸ ਦਫ਼ਤਰ ਵਿੱਚ ਰੌਣਕ ਨਾਅ ਦੀ ਕੋਈ ਚੀਜ਼ ਹੀ ਨਹੀਂ ਹੈ, ਸਗੋਂ ਸਾਰਾ ਦਿਨ ਹੀ ਦਫ਼ਤਰ ਖ਼ਾਲੀ ਪਿਆ ਰਹਿੰਦਾ ਹੈ।
ਫਾਰਮ ਹਾਊਸ ਤੋਂ ਹੀ ਚਲਦੈ ਸਾਰਾ ਕੁਝ : ਚੰਨਪ੍ਰੀਤ ਸਿੰਘ
ਪੰਜਾਬ ਲੋਕ ਕਾਂਗਰਸ ਦਫ਼ਤਰ ਵਿੱਚ ਚੰਨਪ੍ਰੀਤ ਸਿੰਘ ਨਾਂਅ ਦੇ ਕਰਮਚਾਰੀ ਨੇ ਦੱਸਿਆ ਕਿ ਇਸ ਪਾਰਟੀ ਦਫ਼ਤਰ ਵਿੱਚ ਫਿਲਹਾਲ ਕੋਈ ਵੀ ਗਤੀਵਿਧੀ ਨਹੀਂ ਹੁੰਦੀ ਹੈ ਅਤੇ ਨਾ ਹੀ ਕੋਈ ਆਉਂਦਾ ਹੈ। ਪਾਰਟੀ ਦੀ ਕੋਈ ਵੀ ਗਤੀਵਿਧੀ ਹੁੰਦੀ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਉਸ ਤੋਂ ਹੀ ਹੁੰਦੀ ਹੈ। ਇਸ ਦਫ਼ਤਰ ਵਿੱਚ ਉਹ ਜਾਂ ਫਿਰ ਉਨਾਂ ਦੇ ਲੀਡਰ ਨਹੀਂ ਆਉਂਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ