ਵਿਧਾਇਕਾਂ ਦੀ ਮੀਟਿੰਗਾਂ ‘ਲਾਕ-ਡਾਊਣ’, ਵਿਹਲੇ ਹੋ ‘ਗੇ ਪੰਜਾਬ ਦੇ ਵਿਧਾਇਕ

ਵਿੱਤੀ ਤੌਰ ‘ਤੇ ਵੀ ਹੋਏਗਾ ਨੁਕਸਾਨ, ਹਰ ਵਿਧਾਇਕ ਨੂੰ ਮਿਲਦਾ ਸੀ ਹਰ ਹਫ਼ਤੇ 9 ਹਜ਼ਾਰ ਰੁਪਏ

ਅਪਰੈਲ ‘ਚ ਸ਼ੁਰੂ ਹੋਣਗੀਆਂ ਪੰਜਾਬ ਦੇ ਵਿਧਾਇਕਾਂ ਦੀਆਂ ਮੀਟਿੰਗਾਂ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿੱਚ ਹੁਣ ਵਿਧਾਇਕਾਂ ਦੀ ਹੋਣ ਵਾਲੀਆਂ ਸਾਰੀ ਮੀਟਿੰਗਾਂ ਹੀ ‘ਲਾਕ-ਡਾਊਨ’ ਹੋ ਗਈਆਂ ਹਨ। ਜਿਸ ਕਾਰਨ ਪੰਜਾਬ ਭਰ ਦੇ ਉਹ 97 ਦੇ ਲਗਭਗ ਵਿਧਾਇਕ ਮੀਟਿੰਗਾਂ ਤੋਂ ਵਿਹਲੇ ਹੋ ਗਏ ਹਨ, ਜਿਹੜੇ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਵਿੱਚ ਚੇਅਰਮੈਨ ਦੇ ਨਾਲ ਹੀ ਬਤੌਰ ਮੈਂਬਰ ਕੰਮ ਕਰ ਰਹੇ ਸਨ। ਇਨਾਂ ਮੀਟਿੰਗਾਂ ਦੇ ‘ਲਾਕ-ਡਾਊਨ’ ਹੋਣ ਦੇ ਨਾਲ ਹੀ ਵਿਧਾਇਕਾਂ ਨੂੰ ਇਸ ਸਬੰਧੀ ਵਿੱਤੀ ਨੁਕਸਾਨ ਵੀ ਹੋਏਗਾ, ਕਿਉਂਕਿ ਜਿਹੜੀ ਕਮੇਟੀ ਦੀ ਮੀਟਿੰਗ ਹਫ਼ਤੇ ਵਿੱਚ ਦੋ ਵਾਰ ਹੁੰਦੀ ਸੀ, ਉਨਾਂ ਨੂੰ 9 ਹਜ਼ਾਰ ਰੁਪਏ ਟੀ.ਏ. ਦੇ ਹੀ ਮਿਲਦੇ ਸਨ, ਜਦੋਂ ਕਿ ਚੰਡੀਗੜ ਤੱਕ ਆਉਣ ਅਤੇ ਜਾਣ ਲਈ ਖ਼ਰਚ ਹੋਣ ਵਾਲੇ ਪੈਟਰੋਲ ਦਾ 15 ਰੁਪਏ ਪ੍ਰਤੀ ਕਿਲੋਮੀਟਰ ਖਰਚ ਵੱਖਰਾ ਵੀ ਦਿੱਤਾ ਜਾਂਦਾ ਹੈ।

ਵਿਧਾਨ ਸਭਾ ਵਿੱਚ ਮੀਟਿੰਗਾਂ ‘ਲਾਕ-ਡਾਊਨ’ ਹੋਣ ਪਿੱਛੇ ਅੱਜ ਕੱਲ ਆਏ ਹੋਏ ਕਰੋਨਾ ਵਾਇਰਸ ਦਾ ਕੋਈ ਵੀ ਰੋਲ ਨਹੀਂ ਹੈ ਅਤੇ ਇਸ ਕਰੋਨਾ ਵਾਈਰਸ ਦੇ ਕਾਰਨ ਹੀ ਕੋਈ ਵੀ ਮੀਟਿੰਗ ਰੱਦ ਨਹੀਂ ਕੀਤੀ ਗਈ ਹੈ, ਸਗੋਂ ਇਨਾਂ ਕਮੇਟੀਆਂ ਕੋਲ ਕਰਨ ਲਈ ਕੋਈ ਕੰਮ ਹੀ ਨਾ ਹੋਣ ਦੇ ਕਰਕੇ ਇਨਾਂ ਕਮੇਟੀਆਂ ਦੀ ਮੀਟਿੰਗ ਨਹੀਂ ਹੋ ਸਕਦੀ ਹੈ। ਹਾਲਾਂਕਿ ਇਨਾਂ ਕਮੇਟੀਆਂ ਦਾ ਕਾਰਜਕਾਲ 31 ਮਾਰਚ ਤੱਕ ਹੀ ਹੈ ਪਰ ਕਮੇਟੀਆਂ ਵੱਲੋਂ ਆਪਣੀ ਰਿਪੋਰਟ ਵਿਧਾਨ ਸਭਾ ਅਤੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਪੇਸ਼ ਕਰਨ ਤੋਂ ਬਾਅਦ ਇਨਾਂ ਕਮੇਟੀਆਂ ਦਾ ਕਾਰਜਕਾਲ ਖਤਮ ਹੋ ਜਾਂਦਾ ਹੈ।

ਜਿਸ ਕਾਰਨ ਹੁਣ ਕਿਸੇ ਵੀ ਕਮੇਟੀ ਦੀ ਮੀਟਿੰਗ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਹੋ ਹੀ ਨਹੀਂ ਸਕਦੀ। ਵਿਧਾਨ ਸਭਾ ਦੇ ਸਪੀਕਰ ਵਲੋਂ ਹਰ ਸਾਲ ਅਪ੍ਰੈਲ ਮਹੀਨੇ ਵਿੱਚ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਹੈ, ਜਿਸ ਵਿੱਚ ਇੱਕ ਚੇਅਰਮੈਨ ਤੋਂ ਇਲਾਵਾ ਵਿਧਾਇਕਾਂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਜਾਂਦਾ ਹੈ। ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ 15 ਵੱਖ-ਵੱਖ ਕਮੇਟੀਆਂ ਆਪਣਾ ਕੰਮ ਕਰ ਰਹੀਆਂ ਹਨ ਅਤੇ ਇਨਾਂ ਕਮੇਟੀ ਵਿੱਚ ਮੈਂਬਰ ਦੀ ਗਿਣਤੀ 6 ਤੋਂ ਲੈ ਕੇ 13 ਤੱਕ ਹੁੰਦੀ ਹੈ। ਇਨਾਂ ਕਮੇਟੀਆਂ ਦੀ ਮੀਟਿੰਗ ‘ਤੇ ਆਉਣ ਲਈ ਵਿਧਾਨ ਨੂੰ 15 ਰੁਪਏ ਪ੍ਰਤੀ ਕਿਲੋਮੀਟਰ ਪੈਟਰੋਲ ਦੇਣ ਦੇ ਨਾਲ ਹੀ 1500 ਰੁਪਏ ਰੁਪਏ ਦੇ ਹਿਸਾਬ ਨਾਲ ਪ੍ਰਤੀ ਮੀਟਿੰਗ 3 ਦਿਨ ਦਾ ਡੀ.ਏ. ਦਿੱਤਾ ਜਾਂਦਾ ਹੈ।

ਜਿਹੜਾ ਕਿ 4500 ਰੁਪਏ ਬਣਦਾ ਹੈ। ਇਥੇ ਹੀ ਜ਼ਿਆਦਾਤਰ ਕਮੇਟੀਆਂ ਦੀ ਮੀਟਿੰਗ ਹਫ਼ਤੇ ਵਿੱਚ 2 ਵਾਰ ਹੋਣ ਦੇ ਚਲਦੇ 9000 ਡੀ.ਏ. ਮਿਲਦਾ ਹੈ। ਕਈ ਵਿਧਾਇਕ ਇੱਕ ਤੋਂ ਜਿਆਦਾ ਕਮੇਟੀਆਂ ਦੇ ਮੈਂਬਰ ਵੀ ਹਨ। ਇਸ ਸਾਲ ਬਜਟ ਸੈਸ਼ਨ 4 ਮਾਰਚ ਨੂੰ ਖ਼ਤਮ ਹੋਣ ਦੇ ਨਾਲ ਹੀ ਉਸ ਵਿੱਚ ਲਗਭਗ ਸਾਰੀ ਕਮੇਟੀਆਂ ਦੀ ਰਿਪੋਰਟ ਵੀ ਪੇਸ਼ ਕਰ ਦਿੱਤੀ ਗਈ ਸੀ। ਜਿਸ ਕਾਰਨ ਹੁਣ ਕਿਸੇ ਵੀ ਕਮੇਟੀ ਕੋਲ ਕੋਈ ਕੰਮ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।