ਕਿਹਾ, ਕੂੜੇ ਦੀ ਡੰਪਿੰਗ ਨੂੰ ਰੋਕਣ ਅਤੇ ਕੀਮਤੀ ਜਲ ਸਰੋਤਾਂ ਦੀ ਰਾਖੀ ਲਈ ਅਪਣਾਈ ਜਾ ਰਹੀ ਹੈ ਵਿਆਪਕ ਰਣਨੀਤੀ
Punjab News: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਨਹਿਰੀ ਪ੍ਰਦੂਸ਼ਣ ਦੇ ਗੰਭੀਰ ਮੁੱਦੇ ’ਤੇ ਬੋਲਦਿਆਂ ਸੂਬੇ ਦੀਆਂ ਨਹਿਰੀ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਵਾਤਾਵਰਨ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਿਭਾਗ ਵੱਲੋਂ ਵਿੱਢੇ ਗਏ ਯਤਨਾਂ ਬਾਰੇ ਵਿਆਪਕ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: Heat Wave: ‘ਸਾਵਧਾਨ’ ਕਿਤੇ ਗਰਮੀ ਕਾਰਨ ਨਾ ਹੋ ਜਾਵੇ ਤੁਹਾਡੀ ਸਿਹਤ ਖਰਾਬ, ਐਡਵਾਈਜਰੀ ਜਾਰੀ
ਵਿਧਾਇਕ ਨਰੇਸ਼ ਪੁਰੀ ਦੇ ਸਵਾਲ ਦੇ ਜਵਾਬ ਦੌਰਾਨ ਕੂੜਾ ਡੰਪਿੰਗ ਦੀ ਵਿਆਪਕ ਸਮੱਸਿਆ ’ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਲੋਕ ਕੂੜੇ ਨੂੰ ਨਹਿਰਾਂ ਦੇ ਕੰਢਿਆਂ ’ਤੇ ਅਤੇ ਨਹਿਰੀ ਪਾਣੀਆਂ ਵਿੱਚ ਸ਼ਰੇ੍ਹਆਮ ਸੁੱਟ ਰਹੇ ਹਨ। ਇਹ ਮੁੱਦਾ ਖ਼ਾਸ ਤੌਰ ’ਤੇ ਸ਼ਹਿਰੀ ਖੇਤਰਾਂ ਅਤੇ ਕੁਝ ਪੇਂਡੂ ਖੇਤਰਾਂ ਵਿੱਚ ਦੇਖਿਆ ਗਿਆ ਹੈ, ਜੋ ਪਾਣੀ ਦੀ ਗੁਣਵੱਤਾ ਲਈ ਇੱਕ ਵੱਡਾ ਖ਼ਤਰਾ ਹੈ। ਖ਼ਾਸ ਕਰਕੇ ਉਸ ਵੇਲੇ ਜਦੋਂ ਨਹਿਰੀ ਪਾਣੀ ਦੀ ਵਰਤੋਂ ਸਿੰਜਾਈ ਅਤੇ ਪੀਣ ਲਈ ਹੋ ਰਹੀ ਹੋਵੇ।
ਸੂਬੇ ਭਰ ਵਿੱਚ ਪ੍ਰਦੂਸ਼ਣ ਦੀ ਮੁਲਾਂਕਣ ਕਾਰਵਾਈ ਤਹਿਤ 492 ਥਾਵਾਂ ਦੀ ਸ਼ਨਾਖ਼ਤ, 444 ਥਾਵਾਂ ਦਰੁਸਤ ਕੀਤੀਆਂ ਅਤੇ ਬਾਕੀ 48 ’ਤੇ ਕਾਰਵਾਈ ਪ੍ਰਗਤੀ ਅਧੀਨ
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਸਰਗਰਮ ਪਹੁੰਚ ਅਪਣਾਉਂਦਿਆਂ ਜਲ ਸਰੋਤ ਵਿਭਾਗ ਨੇ ਇਸ ਦਾ ਡੂੰਘਾਈ ਨਾਲ ਮੁਲਾਂਕਣ ਕੀਤਾ ਹੈ ਅਤੇ ਰਾਜ ਭਰ ਵਿੱਚ ਪ੍ਰਦੂਸ਼ਣ ਵਾਲੀਆਂ 492 ਥਾਵਾਂ ਦੀ ਸ਼ਨਾਖ਼ਤ ਕੀਤੀ ਹੈ। ਉਨਾਂ ਦੱਸਿਆ ਕਿ ਇਨਾਂ ਵਿੱਚੋਂ 444 ਥਾਵਾਂ ਨੂੰ ਪਹਿਲਾਂ ਹੀ ਦਰੁਸਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦਿਆਂ 48 ਥਾਵਾਂ ਨੂੰ ਵੀ ਵਿਆਪਕ ਰਣਨੀਤੀ ਰਾਹੀਂ ਹੱਲ ਕੀਤਾ ਜਾ ਰਿਹਾ ਹੈ।
ਸਰਦੂਲਗੜ੍ਹ ਹਲਕੇ ਵਿੱਚ ਨਹਿਰ ਦੀ ਸਥਿਤੀ ਸੁਚੱਜੇ ਢੰਗ ਨਾਲ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਕੀਤੀ ਪੁਸ਼ਟੀ
ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘਦੀ ਸਿੱਧਵਾਂ ਨਹਿਰ ਦੇ ਕੰਢਿਆਂ ’ਤੇ ਤਾਰਾਂ ਦੀ ਜਾਲੀ ਲਾਉਣ ਲਈ ਐਨ.ਓ.ਸੀ. ਜਾਰੀ ਕਰਨ ਤੋਂ ਬਾਅਦ ਨਗਰ ਨਿਗਮ ਲੁਧਿਆਣਾ ਨੇ ਬੈਰੀਕੇਡਿੰਗ ਦਾ ਕੰਮ ਨਬੇੜ ਦਿੱਤਾ ਹੈ ਜਿਸ ਨਾਲ ਲੋਕ ਹੁਣ ਨਹਿਰ ਵਿੱਚ ਅਤੇ ਨਹਿਰ ਨੇੜੇ ਕੂੜਾ ਨਹੀਂ ਸੁੱਟ ਸਕਣਗੇ। ਉਨਾਂ ਕਿਹਾ ਕਿ ਇਸ ਨਾਲ ਨਹਿਰ ਨੇੜੇ ਲੋਕਾਂ ਦੀ ਪਹੁੰਚ ਨੂੰ ਵੀ ਸੀਮਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸੇ ਤਰਾਂ ਵਿਭਾਗ ਰਾਜ ਭਰ ਵਿੱਚ ਉਨਾਂ ਹੋਰ ਸਾਰੀਆਂ ਥਾਵਾਂ ’ਤੇ ਹੋਰ ਐਨ.ਓ.ਸੀ. ਜਾਰੀ ਕਰੇਗਾ, ਜਿੱਥੇ ਅਜਿਹੇ ਉਪਾਅ ਕਰਨ ਦੀ ਲੋੜ ਹੈ। Punjab News
ਉਨਾਂ ਕਿਹਾ ਕਿ ਵਿਭਾਗ ਵੱਲੋਂ ਨਹਿਰਾਂ ਕੰਢੇ ਰੈਂਪ ਬਣਾਉਣ ਦੀ ਮਨਜ਼ੂਰੀ ਵੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਹ ਅਖ਼ੀਰ ਵਿੱਚ ਕੂੜਾ ਸੁੱਟਣ ਲਈ ਪਹੁੰਚ ਥਾਵਾਂ ਅਤੇ ਕਈ ਵਾਰ ਲੋਕਾਂ ਦੀ ਜਾਨ ਨੂੰ ਖ਼ਤਰਾ ਵੀ ਬਣ ਜਾਂਦੀਆਂ ਹਨ। ਇਸੇ ਤਰਾਂ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਸਰਦੂਲਗੜ੍ਹ ਹਲਕੇ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਭਾਖੜਾ ਮੇਨ ਬ੍ਰਾਂਚ ਨਹਿਰ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ 16.51 ਕਿਲੋਮੀਟਰ ਹਿੱਸੇ ਵਿੱਚ ਇਸ ਦੇ ਸਹੀ ਸੰਚਾਲਨ ਅਤੇ ਸੁਚੱਜੇ ਢੰਗ ਨਾਲ ਪੂਰੀ ਤਰਾਂ ਕਾਰਜਸ਼ੀਲ ਹੋਣ ਦੀ ਪੁਸ਼ਟੀ ਕੀਤੀ।