ਕਿਹਾ : ਦੇਸ਼ ਦੀ ਤਰੱਕੀ ਲਈ ਹਰ ਖੇਤਰ ਵਿੱਚ ਅੱਗੇ ਵਧਣਾ ਜ਼ਰੂਰੀ | Punjab News
Punjab News: (ਸੁਖਜੀਤ ਮਾਨ) ਬਠਿੰਡਾ। ਬਠਿੰਡਾ ਏਮਜ਼ ’ਚ ਪੁੱਜੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਪੰਜਾਬ ਦੀਆਂ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਰਾਜਪਾਲ ਅੱਜ ਇੱਥੇ ਏਮਜ਼ ਵਿਖੇ ਯੂਰੋਲੋਜੀ ਦੀ ਨੈਸ਼ਨਲ ਸੁਸਾਇਟੀ ਦੀ ਦੋ ਰੋਜਾ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਦੋ ਰੋਜ਼ਾ ਵਰਕਸ਼ਾਪ ’ਚ ਦੇਸ਼ ਵਿਦੇਸ਼ਾਂ ’ਚੋਂ ਕਰੀਬ 350 ਡਾਕਟਰਾਂ ਵੱਲੋਂ 22 ਮਰੀਜ਼ਾਂ ਦੀ ਪੱਥਰੀ ਕੱਢਣ ਦੀ ਆਧੁਨਿਕ ਵਿਧੀ ਤੇ ਟੈਕਨਾਲੋਜੀ ਰਾਹੀਂ ਬਿਨਾਂ ਕਿਸੇ ਖਰਚ ਦੇ ਅਪ੍ਰੇਸ਼ਨ ਕੀਤੇ ਜਾਣਗੇ।
ਇਸ ਮੌਕੇ ਰਾਜਪਾਲ ਨੇ ਸੰਬੋਧਨ ਕਰਦਿਆਂ ਪੰਜਾਬ ਲਈ ਇੱਕ ਮਾਣ ਵਾਲਾ ਪਲ ਦੱਸਿਆ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਭਰ ਦੇ ਪ੍ਰਸਿੱਧ ਯੂਰੋਲੋਜੀਕਲ ਮਾਹਿਰ ਗੁਰਦੇ ਦੀ ਪੱਥਰੀ ਦੀ ਸਰਜਰੀ ਵਿੱਚ ਮਹੱਤਵਪੂਰਨ ਪ੍ਰਗਤੀ ’ਤੇ ਵਿਚਾਰ- ਵਟਾਂਦਰਾ ਕਰਨ ਲਈ ਇਕੱਠੇ ਹੋਏ ਹਨ। ਉਹਨਾਂ ਏਮਜ਼ ਬਠਿੰਡਾ ਦੇ ਯੂਰੋਲੋਜੀ ਵਿਭਾਗ ਦੀ ਸ਼ਲਾਘਾ ਕਰਦਿਆਂ ਪੰਜਾਬ ਵਿੱਚ ਸਰਕਾਰੀ ਖੇਤਰ ਵਿੱਚ ਗੁਰਦਾ ਟਰਾਂਸਪਲਾਂਟੇਸ਼ਨ ਸੇਵਾਵਾਂ ਸ਼ੁਰੂ ਕਰਨ ਵਿੱਚ ਉਨ੍ਹਾਂ ਨੂੰ ਮੋਹਰੀ ਦੱਸਦਿਆਂ ਕਿਹਾ ਕਿ ਇੱਥੇ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਵੱਡੀ ਗਿਣਤੀ ਵਿੱਚ ਮਰੀਜ਼ ਲਾਹਾ ਲੈ ਰਹੇ ਹਨ।
ਇਹ ਵੀ ਪੜ੍ਹੋ: Punjab Health News: ਸੂਬੇ ਦੇ ਨਸ਼ਾ ਛੁਡਾਊ ਕੇਂਦਰਾਂ ’ਚ 5 ਹਜ਼ਾਰ ਵਾਧੂ ਬਿਸਤਰਿਆਂ ਦਾ ਕੀਤਾ ਪ੍ਰਬੰਧ : ਸਿਹਤ ਮੰਤਰੀ
ਉਹਨਾਂ ਨਸ਼ਾ ਮੁਕਤ ਪੰਜਾਬ ਲਈ ਸਮੂਹਿਕ ਤੌਰ ’ਤੇ ਯਤਨ ਕਰਨ ਦਾ ਸੱਦਾ ਦਿੱਤਾ ਅਤੇ ਨੌਜਵਾਨਾਂ ਦੀ ਰੱਖਿਆ ਅਤੇ ਪਾਲਣ-ਪੋਸ਼ਣ ਦੀ ਤੁਰੰਤ ਲੋੜ ਦਾ ਸੁਨੇਹਾ ਦਿੱਤਾ। ਉਨ੍ਹਾਂ ਡਾਕਟਰੀ ਭਾਈਚਾਰੇ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਪੀੜ੍ਹੀਆਂ ਨੂੰ ਇੱਕ ਸਿਹਤਮੰਦ, ਮਜ਼ਬੂਤ ਭਵਿੱਖ ਸੁਰੱਖਿਅਤ ਕਰਨ ਲਈ ਗਿਆਨ, ਹੁਨਰ ਅਤੇ ਨੈਤਿਕ ਕਦਰਾਂ-ਕੀਮਤਾਂ ਪ੍ਰਦਾਨ ਕਰਨ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਰਾਸ਼ਟਰ ਨਿਰਮਾਣ ਲਈ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਦੀ ਮਹੱਤਤਾ ਲਈ ਜਾਗਰੂਕ ਹੋਣ ਲਈ ਕਿਹਾ। ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਐਨਐਸਡੀਸੀ ਦੇ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਨੇ ਸਵੈ-ਨਿਰਭਰ ਭਾਰਤ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਲਈ ਹੁਨਰ ਵਿਕਾਸ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। Punjab News
ਏਮਜ ਬਠਿੰਡਾ ’ਚ ਯੂਰੋਲੋਜੀ ਦੋ ਰੋਜਾ ਵਰਕਸ਼ਾਪ ਦਾ ਕੀਤਾ ਉਦਘਾਟਨ
ਇਸ ਮੌਕੇ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ. ਮੀਨੂੰ ਸਿੰਘ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੇ ਵਾਈਸ ਚਾਂਸਲਰ ਪ੍ਰੋ. ਰਾਜੀਵ ਸੂਦ, ਯੂਰੋਲੋਜੀਕਲ ਸੁਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਡਾ. ਏ. ਕੇ. ਸਾਂਗਵਾਨ; ਸਕੱਤਰ ਡਾ. ਰਿਸ਼ੀ ਨਈਅਰ ਅਤੇ ਏਮਜ਼ ਬਠਿੰਡਾ ਦੇ ਡੀਨ ਅਕਾਦਮਿਕ ਡਾ. ਅਖਿਲੇਸ਼ ਪਾਠਕ ਆਦਿ ਨੇ ਵੀ ਸੰਬੋਧਨ ਕੀਤਾ। Punjab News