ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਭਲਾਈ ਕਾਰਜਾਂ ਰਾਹੀਂ ਹਰ ਵਰਗ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਲਗਾਤਾਰ ਦੁਹਰਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ, ਜੋ ਲੋਕਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਸਰਪੰਚ ਦਲਜੀਤ ਸਿੰਘ ਅਵਾਨ, ਸਾਬਕਾ ਚੇਅਰਮੈਨ ਬਲਰਾਜ ਸਿੰਘ ਬੋਟੀਆਂ ਵਾਲਾ, ਸਰਪੰਚ ਮਨਪ੍ਰੀਤ ਸਿੰਘ ਸੇਖੋਂ ਤੇ ਸਰਪੰਚ ਰਾਮ ਸਿੰਘ ਗਿੱਲ ਲੌਂਗੋਡੇਵਾ ਨੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਬੀਜ ਬਿੱਲ-2025’ ਲਿਆਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਤੇ ਇਤਿਹਾਸਕ ਫੈਸਲਾ ਹੈ। ਇਸ ਬਿੱਲ ਦਾ ਮੁੱਖ ਉਦੇਸ਼ ਘਟੀਆ ਤੇ ਮਿਲਾਵਟੀ ਬੀਜ ਵੇਚਣ ਵਾਲੇ ਧੋਖੇਬਾਜ਼ਾਂ ’ਤੇ ਸ਼ਿਕੰਜਾ ਕੱਸਣਾ ਹੈ।
ਇਹ ਖਬਰ ਵੀ ਪੜ੍ਹੋ : IND vs ENG: ਜਾਣੋ ਓਵਲ ਸਟੇਡੀਅਮ ’ਚ ਭਾਰਤੀ ਟੀਮ ਦਾ ਇਤਿਹਾਸ, ਇੱਥੇ ਹੀ ਆਖਿਰੀ ਮੈਚ, ਜੇਕਰ ਜਿੱਤੇ ਤਾਂ ਸੀਰੀਜ਼ ਹੋਵੇਗੀ …
ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਅਕਸਰ ਕਿਸਾਨ ਬਾਜ਼ਾਰ ਤੋਂ ਬੀਜ ਖਰੀਦ ਕੇ ਬੀਜਦੇ ਸਨ, ਪਰ ਮਾੜੀ ਗੁਣਵੱਤਾ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਸੀ। ਇੱਕ ਪਾਸੇ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਸਨ, ਦੂਜੇ ਪਾਸੇ ਉਨ੍ਹਾਂ ਨੂੰ ਵਿੱਤੀ ਨੁਕਸਾਨ ਵੀ ਝੱਲਣਾ ਪੈਂਦਾ ਸੀ। ਮੌਜ਼ੂਦਾ ਪੰਜਾਬ ਸਰਕਾਰ ਕਿਸਾਨ-ਪੱਖੀ ਸਰਕਾਰ ਹੈ, ਅਤੇ ਇਸੇ ਲਈ ਇਸਨੇ ਘਟੀਆ ਬੀਜ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ‘ਬੀਜ ਬਿੱਲ-2025’ ਪੇਸ਼ ਕੀਤਾ ਹੈ। ਇਸ ਨਵੇਂ ਬਿੱਲ ਦੇ ਲਾਗੂ ਹੋਣ ਤੋਂ ਬਾਅਦ, ਘਟੀਆ ਬੀਜ ਵੇਚਣ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ।
ਬਿੱਲ ਤਹਿਤ, ਅਜਿਹੇ ਲੋਕਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੈ ਤੇ 50 ਲੱਖ ਰੁਪਏ ਤੱਕ ਦਾ ਭਾਰੀ ਜੁਰਮਾਨਾ ਵੀ ਲਾਇਆ ਜਾਵੇਗਾ। ਇਸ ਨਾਲ ਕਿਸਾਨਾਂ ਦੀ ਲੁੱਟ ਰੁਕ ਜਾਵੇਗੀ ਤੇ ਘਟੀਆ ਗੁਣਵੱਤਾ ਵਾਲੇ ਬੀਜ ਵੇਚਣ ਵਾਲੇ ਕਾਨੂੰਨੀ ਕਾਰਵਾਈ ਦੇ ਡਰੋਂ ਅਜਿਹਾ ਕਰਨ ਤੋਂ ਗੁਰੇਜ਼ ਕਰਨਗੇ। ਇਹ ਕਦਮ ਇਹ ਯਕੀਨੀ ਬਣਾਏਗਾ ਕਿ ਬਾਜ਼ਾਰ ’ਚ ਸਿਰਫ਼ ਚੰਗੀ ਗੁਣਵੱਤਾ ਵਾਲੇ ਬੀਜ ਹੀ ਉਪਲਬਧ ਹੋਣ, ਤਾਂ ਜੋ ਕਿਸਾਨ ਚੰਗੀ ਪੈਦਾਵਾਰ ਹਾਸਲ ਕਰ ਸਕਣ। ਇਹ ਬਿੱਲ ਧੋਖੇਬਾਜ਼ਾਂ ਨੂੰ ਸਬਕ ਸਿਖਾਏਗਾ ਤੇ ਉਹ ਬਾਜ਼ਾਰ ’ਚ ਘਟੀਆ ਬੀਜ ਲਿਆਉਣ ਤੇ ਵੇਚਣ ਦੀ ਹਿੰਮਤ ਨਹੀਂ ਕਰਨਗੇ। ਇਹ ਕਿਸਾਨਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗਾ ਤੇ ਖੇਤੀਬਾੜੀ ਖੇਤਰ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰੇਗਾ।