ਝੂਠ ਬੋਲ ਰਹੇ ਹਨ ਚਰਨਜੀਤ ਚੰਨੀ, ਬਿੱਲ 31 ਦਸੰਬਰ ਨੂੰ ਭੇਜ ਦਿੱਤਾ ਗਿਆ ਸੀ ਵਾਪਸ, 6 ਸਵਾਲਾਂ ਦਾ ਜਵਾਬ ਦੇਣ ਚੰਨੀ
- ਰਾਜਪਾਲ ਭਵਨ ਨੂੰ ਸਿਆਸਤ ਵਿੱਚ ਲੈ ਕੇ ਆਉਣ ਤੋਂ ਵੀ ਜ਼ਾਹਰ ਕੀਤੀ ਨਰਾਜ਼ਗੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ’ਤੇ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰਨ ਦੇ ਦੋਸ਼ ਲਾਉਣ ਤੋਂ ਇੱਕ ਦਿਨ ਬਾਅਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੋੜਵਾਂ ਜਵਾਬ ਦਿੱਤਾ ਗਿਆ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਾਫ ਕੀਤਾ ਗਿਆ ਕਿ ਉਨਾਂ ਕੋਲ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਬਿੱਲ ਪੈਂਡਿੰਗ ਹੀ ਨਹੀਂ ਹੈ। ਇਹ ਬਿੱਲ 31 ਦਸੰਬਰ ਦੀ ਤਾਰੀਕ ਵਿੱਚ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਸੀ ਅਤੇ ਇਸ ਬਿੱਲ ਨੂੰ ਲੈ ਕੇ 6 ਸਵਾਲ ਪੁੱਛੇ ਗਏ ਹਨ। ਜਿਨ੍ਹਾਂ ਦੇ ਜਵਾਬ ਆਉਣ ਤੋਂ ਬਾਅਦ ਰਾਜਪਾਲ ਭਵਨ ਵੱਲੋਂ ਅਗਲੀ ਕਾਰਵਾਈ ਕੀਤੀ ਜਾਏਗੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਦੋਸ਼ਾਂ ਪ੍ਰਤੀ ਵੀ ਨਰਾਜ਼ਗੀ ਜ਼ਾਹਿਰ ਕੀਤੀ ਗਈ ਹੈ ਕਿ ਰਾਜਪਾਲ ਭਵਨ ਬਾਰੇ ਇਹੋ ਜਿਹੀ ਸਿਆਸਤ ਨਹੀਂ ਹੋਣੀ ਚਾਹੀਦੀ ਹੈ।
ਬਨਵਰੀ ਲਾਲ ਪੁਰੋਹਿਤ ਵੱਲੋਂ ਕਿਹਾ ਗਿਆ ਕਿ ਚਰਨਜੀਤ ਸਿੰਘ ਚੰਨੀ ਵੱਲੋਂ 1 ਜਨਵਰੀ ਨੂੰ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਗਲਤ ਤੱਥ ਪੇਸ਼ ਕੀਤੇ ਗਏ ਹਨ, ਕਿਉਂਕਿ ਉਨਾਂ ਦੇ ਬਿਆਨ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਇਹ ਬਿੱਲ 6 ਸਵਾਲਾਂ ਨਾਲ ਪੰਜਾਬ ਸਰਕਾਰ ਕੋਲ ਵਾਪਸ ਪੁੱਜ ਗਿਆ ਸੀ। ਇਨਾਂ 6 ਸਵਾਲਾਂ ਦਾ ਜਵਾਬ ਅਜੇ ਆਉਣਾ ਬਾਕੀ ਹੈ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਹੀ ਸਵਾਲ ਖੜੇ ਕਰਦੇ ਹੋਏ ਕਿਹਾ ਗਿਆ ਕਿ 11 ਨਵੰਬਰ ਨੂੰ ਇਹ ਬਿੱਲ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ ਅਤੇ ਤੁਰੰਤ ਇਸ ਬਿੱਲ ਨੂੰ ਰਾਜਪਾਲ ਭਵਨ ਨੂੰ ਭੇਜਣ ਦੀ ਥਾਂ ’ਤੇ 20 ਦਿਨ ਬਾਅਦ 1 ਦਸੰਬਰ ਨੂੰ ਇਹ ਬਿੱਲ ਪੰਜਾਬ ਦੇ ਰਾਜਪਾਲ ਦਫ਼ਤਰ ਨੂੰ ਭੇਜਿਆ ਗਿਆ।
ਦਸੰਬਰ ਮਹੀਨੇ ਦੌਰਾਨ ਉਨਾਂ ਦੇ ਪਹਿਲਾਂ ਤੋਂ ਹੀ ਕਾਫ਼ੀ ਜਿਆਦਾ ਪ੍ਰੋਗਰਾਮ ਤੈਅ ਸਨ ਅਤੇ ਉਹ ਕੁਝ ਜ਼ਿਲ੍ਹਿਆਂ ਦੇ ਦੌਰੇ ’ਤੇ ਸਨ ਅਤੇ 21 ਦਸੰਬਰ ਨੂੰ ਚੰਡੀਗੜ੍ਹ ਰਾਜਪਾਲ ਭਵਨ ਵਿੱਚ ਵਾਪਸੀ ਕੀਤੀ ਗਈ ਸੀ। ਇਸ ਤੋਂ ਬਾਅਦ 23 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨਾਂ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਮੁਲਾਕਾਤ ਤੋਂ ਤੁਰੰਤ ਬਾਅਦ ਬਿੱਲ ਨੂੰ ਦੇਖਿਆ ਗਿਆ ਅਤੇ ਉਸ ਬਿੱਲ ਨੂੰ ਲੈ ਕੇ ਕਈ ਸੁਆਲ ਉੱਠ ਰਹੇ ਸਨ ਅਤੇ ਉਨਾਂ ਦਾ ਜਵਾਬ ਜ਼ਰੂਰੀ ਹੈ। ਇਸ ਲਈ 31 ਦਸੰਬਰ ਨੂੰ 6 ਸਵਾਲਾਂ ਦੀ ਲਿਸਟ ਨਾਲ ਲਾ ਕੇ ਪੰਜਾਬ ਸਰਕਾਰ ਨੂੰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਬਿੱਲ ਵਾਪਸ ਭੇਜ ਦਿੱਤਾ ਗਿਆ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਤਰ੍ਹਾਂ ਦੀ ਮੀਡੀਆ ’ਚ ਬਿਆਨਬਾਜ਼ੀ ਕਰਨ ਦੀ ਥਾਂ ’ਤੇ ਭੇਜੇ ਗਏ 6 ਸਵਾਲਾਂ ਦੇ ਜਵਾਬ ਨੂੰ ਤੁਰੰਤ ਰਾਜਪਾਲ ਭਵਨ ਨੂੰ ਵਾਪਸ ਭੇਜਣ ਤਾਂ ਕਿ ਰਾਜਪਾਲ ਸਕੱਤਰੇਤ ਵੱਲੋਂ ਮੁੜ ਤੋਂ ਜਾਂਚ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ