ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਵਿਖੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਸਟਰਾਂ ਦੀਆਂ ਤਨਖਾਹਾਂ ਘਟਾਉਣ ਸਰਕਾਰ ਦਾ ਨਾਦਰਸ਼ਾਹੀ ਫੈਸਲਾ ਹੈ ਉਹ ਸੰਗਰੂਰ ਵਿਖੇ ਰੇਲ ਗੱਡੀ ਰਾਹੀਂ ਸੰਗਰੂਰ ਰੇਲਵੇ ਸਟੇਸ਼ਨ ‘ਤੇ ਪੁੱਜੇ ਤੇ ਅੱਗੇ ਹਲਕਾ ਬਠਿੰਡਾ ਦਿਹਾਤੀ ਤੋਂ ਪਾਰਟੀ ਦੀ ਵਿਧਾਇਕਾ ਰੁਪਿੰਦਰ ਰੂਬੀ ਦੇ ਵਿਆਹ ਸਮਾਗਮ ‘ਚ ਸ਼ਿਰਕਤ ਕਰਨ ਲਈ ਜਾਣਾ ਸੀ ਉਨ੍ਹਾਂ ਕਿਹਾ ਕਿ ਜੇਕਰ ਇੱਕ ਅਧਿਆਪਕ ਨੂੰ ਗੁਜਾਰੇ ਜੋਗੀ ਤਨਖਾਹ ਨਹੀਂ ਮਿਲੇਗੀ ਤਾਂ ਉਨ੍ਹਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਸਹੀ ਨਹੀਂ ਹੋਵੇਗਾ ਤੇ ਸਰਕਾਰ ਦੇ ਇਸ ਫੈਸਲੇ ਦਾ ਸਿੱਖਿਆ ਪ੍ਰਣਾਲੀ ‘ਤੇ ਮਾਰੂ ਪ੍ਰਭਾਵ ਪਵੇਗਾ ਇਸ ਮੌਕੇ ਉਨ੍ਹਾਂ ਨਾਲ ਮੌਜੂਦ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਨੂੰ ਪੂਰੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ।
ਪੰਜਾਬ ਤੇ ਹਰਿਆਣਾ ‘ਚ ਝੋਨੇ ਦੀ ਰਹਿੰਦ ਖੂੰਹਦ ਦੇ ਪ੍ਰਬੰਧ ਸਬੰਧੀ ਕੇਜਰੀਵਾਲ ਨੇ ਦੱਸਿਆ ਕਿ ਉਹ ਪਰਾਲੀ ਸਾੜਨ ਦੇ ਮੁੱਦੇ ‘ਤੇ ਗੱਲਬਾਤ ਕਰਨ ਲਈ ਕੇਂਦਰੀ ਮੰਤਰੀ ਹਰਸ਼ਵਰਧਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਮਿਲੇ ਸਨ। ਇਸ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਸੀ ਕਿ ਅਸੀਂ ਜੋ ਕਿਸਾਨ ਪਰਾਲੀ ਸਾੜ ਰਹੇ ਹਨ, ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਮੁਆਵਜ਼ਾ ਦੇਵਾਂਗੇ ਪਰ ਦੋਵਾਂ ਨੇ ਅਜੇ ਤੱਕ ਕੁਝ ਨਹੀਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੋਂ ਇਲਾਵਾ ਹੋਰ ਵੀ ਆਗੂ ਵੱਡੀ ਗਿਣਤੀ ‘ਚ ਮੌਜ਼ੂਦ ਸਨ।