ਅਮਰਿੰਦਰ ਵੀ ਪਏ ਬਾਦਲ ਵਾਲੇ ਰਾਹ, ਜੰਗੀ ਵਿਧਵਾਵਾਂ ਨੂੰ ਮਿਲੇਗੀ ਨਗਦੀ

Sports University

ਬਾਦਲ ਸਰਕਾਰ ਨੇ ਕੀਤਾ 50 ਲੱਖ ਰੁਪਏ ਦੇਣ ਦਾ ਐਲਾਨ, ਅਮਰਿੰਦਰ ਸਿੰਘ ਨੇ ਕੀਤਾ ਸੀ ਵਿਰੋਧ

ਅਸ਼ਵਨੀ ਚਾਵਲਾ, ਚੰਡੀਗੜ੍ਹ: ਸੱਤਾ ਵਿੱਚ ਆਉਂਦੇ ਸਾਰ ਹੀ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਕੁਝ ਬਦਲੇ-ਬਦਲੇ ਜਿਹੇ ਨਜ਼ਰ ਆ ਰਹੇ ਹਨ, ਸਗੋਂ ਜਿਹੜੇ ਬਾਦਲ ਸਰਕਾਰ ਦੇ ਐਲਾਨ ਖ਼ਿਲਾਫ਼  ਅਵਾਜ਼ ਬੁਲੰਦ ਕਰਨ ਵਾਲੇ ਅਮਰਿੰਦਰ ਸਿੰਘ ਹੁਣ ਖ਼ੁਦ ਉਨ੍ਹਾਂ ਐਲਾਨ ਨੂੰ ਖ਼ੁਦ ਹੀ ਦੁਹਰਾਉਂਦੇ ਹੋਏ ਉਨ੍ਹਾਂ ‘ਤੇ ਅਮਲੀਜਾਮਾ ਪਹਿਨਾਉਣ ਲੱਗੇ ਹੋਏ ਹਨ।

ਮੰਗਲਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਜੰਗੀ ਵਿਧਵਾਵਾਂ ਨੂੰ ਜ਼ਮੀਨ ਦੀ ਥਾਂ ‘ਤੇ ਨਗਦ ਰਾਸ਼ੀ ਦੇਣ ਦੀ ਪ੍ਰਵਾਨਗੀ ਦੇ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਕਿ 10 ਏਕੜ ਜ਼ਮੀਨ ਦੇ ਬਦਲੇ 50 ਲੱਖ ਰੁਪਏ ਨਗਦ ਹੀ ਮਿਲਣਗੇ, ਜਦੋਂ ਪਿਛਲੇ ਸਾਲ ਅਕਤੂਬਰ ਵਿੱਚ ਜੰਗੀ ਵਿਧਵਾਵਾਂ ਨੂੰ 50 ਲੱਖ ਰੁਪਏ ਨਗਦ ਦੇਣ ਦਾ ਵਿਰੋਧ ਖੁਦ ਅਮਰਿੰਦਰ ਸਿੰਘ ਨੇ ਕੀਤਾ ਸੀ।

ਹੁਣ ਅਮਰਿੰਦਰ ਨੇ ਹੀ ਜ਼ਮੀਨ ਦੇਣ ਦੀ ਥਾਂ ‘ਤੇ ਬਾਦਲ ਸਰਕਾਰ ਦੇ ਐਲਾਨ ਨੂੰ ਦੁਹਰਾਇਆ

ਜਾਣਕਾਰੀ ਅਨੁਸਾਰ 1962 ਦੀ ਭਾਰਤ-ਚੀਨ ਜੰਗ ਅਤੇ 1965 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਦੀਆਂ ਵਿਧਵਾਵਾਂ ਤੇ ਉਹਨਾਂ ਦੇ ਆਸ਼ਰਿਤਾਂ ਅਤੇ ਪੂਰੀ ਤਰ੍ਹਾਂ ਨਾਕਾਰਾ ਹੋ ਚੁੱਕੇ ਸੈਨਿਕਾਂ ਤੋਂ ਇਲਾਵਾ 1971 ਦੀ ਭਾਰਤ-ਪਾਕਿ ਜੰਗ ਦੀਆਂ ਵਿਧਵਾਵਾਂ ਨੂੰ ਮੌਕੇ ਦੀ ਸਰਕਾਰ ਵੱਲੋਂ 10 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ

ਪਰ 100 ਦੇ ਲਗਭਗ ਇਹੋ ਜਿਹੇ ਪਰਿਵਾਰਾਂ ਨੇ ਅਰਜ਼ੀ ਦੇਣ ਵਿੱਚ ਦੇਰੀ ਕਰ ਦਿੱਤੀ ਸੀ, ਜਿਨ੍ਹਾਂ ਨੂੰ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਅਲਾਟ ਨਹੀਂ ਕੀਤੀ ਗਈ ਸੀ, ਜਿਸ ਕਾਰਨ ਕਾਫ਼ੀ ਵਾਰ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਜਦੋਂ ਗੱਲ ਨਹੀਂ ਬਣੀ ਤਾਂ ਪਿਛਲੇ ਸਾਲ ਸਤੰਬਰ 2016 ਵਿੱਚ ਇਨ੍ਹਾਂ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਨੇ ਮੌਕੇ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਦਿੱਤਾ ਸੀ, ਜਿਹੜਾ ਕਾਫ਼ੀ ਦਿਨ ਚੱਲਣ ਤੋਂ ਬਾਅਦ ਬਾਦਲ ਸਰਕਾਰ ਨੇ ਇਨ੍ਹਾਂ ਜੰਗੀ ਸ਼ਹੀਦਾਂ ਦੇ  ਪਰਿਵਾਰਾਂ ਨੂੰ 10 ਏਕੜ ਜ਼ਮੀਨ ਦੀ ਥਾਂ ‘ਤੇ 50 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਬਾਦਲ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਅਮਰਿੰਦਰ ਸਿੰਘ ਨੇ ਇਨ੍ਹਾਂ ਜੰਗੀ ਸ਼ਹੀਦਾਂ ਕੋਲ ਪੁੱਜ ਕੇ ਵਾਅਦਾ ਕੀਤਾ ਸੀ ਕਿ ਉਹ ਇਹ ਮਾਮਲਾ ਕੇਂਦਰੀ ਰੱਖਿਆ ਮੰਤਰੀ ਕੋਲ ਚੁੱਕਣਗੇ।

ਇੱਥੇ ਹੀ ਕਿਹਾ ਸੀ ਕਿ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਹੈ, ਇਸ ਲਈ ਬਾਦਲ ਸਰਕਾਰ 10 ਏਕੜ ਜ਼ਮੀਨ ਜਾਂ ਫਿਰ ਇਸ ਦੇ ਬਰਾਬਰ ਪੈਸਾ ਦਿੱਤਾ ਜਾਵੇ। ਹੁਣ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬੰਨਣ ਤੋਂ ਬਾਅਦ 10 ਏਕੜ ਜ਼ਮੀਨ ਜਾਂ ਫਿਰ ਉਸ ਦੇ ਬਰਾਬਰ ਪੈਸਾ ਦੇਣ ਦੀ ਥਾਂ ‘ਤੇ 50 ਲੱਖ ਰੁਪਏ ਹੀ ਦੇਣ ਦਾ ਐਲਾਨ ਕਰ ਦਿੱਤਾ ਹੈ।

ਹੁਣ ਕਿਉਂ ਨਹੀਂ ਦਿੰਦੇ 10 ਏਕੜ ਜ਼ਮੀਨ, ਜੁਆਬ ਦੇਵੇ ਅਮਰਿੰਦਰ : ਚੀਮਾ

ਸਾਬਕਾ ਕੈਬਨਿਟ ਮੰਤਰੀ ਦਲਜੀਤ ਚੀਮਾ ਨੇ ਆਪਣੀ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਅਮਰਿੰਦਰ ਸਿੰਘ ਨੂੰ ਕੀ ਹੋ ਗਿਆ ਹੈ, ਪਿਛਲੀ ਸਰਕਾਰ ਸਮੇਂ ਤਾਂ ਉਹ ਵਿਰੋਧ ਕਰਨ ਪੁੱਜ ਗਏ ਸਨ ਪਰ ਹੁਣ ਸੱਤਾ ਵਿੱਚ ਆਉਂਦੇ ਸਾਰ ਹੀ ਕਿਉਂ ਬਦਲ ਗਏ ਹਨ। ਉਨਾਂ ਕਿਹਾ ਕਿ ਇਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੈ। ਕਾਂਗਰਸ ਹਮੇਸ਼ਾ ਹੀ ਸੱਤਾ ਵਿੱਚੋਂ ਬਾਹਰ ਰਹਿ ਕੇ ਵਿਰੋਧ ਕਰਦੀ ਆਈ ਹੈ, ਜਦੋਂ ਕਿ ਸੱਤਾ ਵਿੱਚ ਆਉਂਦੇ ਸਾਰ ਹੀ ਬਾਦਲ ਸਰਕਾਰ ਦੇ ਫੈਸਲੇ ਲਾਗੂ ਕਰਕੇ ਕੰਮ ਚਲਾਉਂਦੀ ਆਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।