Punjab Farmer Leader: ਕਿਹਾ, ਡੱਲੇਵਾਲ ਨੂੰ ਤੁਰੰਤ ਮੈਡੀਕਲ ਮੱਦਦ ਦੀ ਲੋੜ, ਦਿਲ ’ਤੇ ਦਬਾਅ ਵਧਣ ਲੱਗਿਆ
- ਸਰੀਰ ਹੋਰ ਹੋਇਆ ਕਮਜ਼ੋਰ, ਡਿੱਗਦੇ-ਡਿੱਗਦੇ ਬਚੇ | Punjab Farmer Leader
- ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਲਿਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ
Punjab Farmer Leader: ਖਨੌਰੀ/ਸੰਗਰੂਰ (ਗੁਰਪ੍ਰੀਤ ਸਿੰਘ)। ਭਾਰਤੀ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਸਬੰਧੀ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ 17ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਡੱਲੇਵਾਲ ਦੀ ਸਿਹਤ ਦਿਨੋਂ-ਦਿਨ ਘਟਦੀ ਜਾ ਰਹੀ ਹੈ ਬੁੱਧਵਾਰ ਨੂੰ ਉਨ੍ਹਾਂ ਦਾ ਭਾਰ 16 ਕਿੱਲੋ ਦੇ ਕਰੀਬ ਘਟਣ ਬਾਰੇ ਦੱਸਿਆ ਗਿਆ ਸੀ, ਉੱਥੇ ਅੱਜ ਵੀ ਉਨ੍ਹਾਂ ਦਾ ਸਰੀਰ ਹੋਰ ਵੀ ਕਮਜ਼ੋਰ ਹੋ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਏਨੀ ਜ਼ਿਆਦਾ ਕਮਜ਼ੋਰੀ ਹੋ ਚੁੱਕੀ ਹੈ ਕਿ ਰਾਤੀਂ ਉਹ ਡਿੱਗਦੇ ਡਿੱਗਦੇ ਬਚੇ ਹਨ।
Read Also : Municipal Corporation Elections 2024: ਚੋਣ ਆਬਜ਼ਰਵਰ ਅਨੰਦਿਤਾ ਮਿੱਤਰਾ ਵੱਲੋਂ ਈ.ਐਮ.ਐਮਜ਼ ਦੇ ਸਟਰਾਂਗ ਰੂਮ ਦਾ ਨਿਰੀਖਣ
ਅੱਜ ਉਨ੍ਹਾਂ ਦੇ ਸਰੀਰ ਦੀ ਜਾਂਚ ਕਰਨ ਲਈ ਅਮਰੀਕਾ ਤੋਂ ਡਾ. ਕਰਨ ਚਟਵਾਨੀ ਵਿਸ਼ੇਸ਼ ਤੌਰ ’ਤੇ ਖਨੌਰੀ ਬਾਰਡਰ ਪੁੱਜੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਵਜ਼ਨ ਕਾਫ਼ੀ ਜ਼ਿਆਦਾ ਘਟ ਚੁੱਕਿਆ ਹੈ। ਗੁਰਦਿਆਂ ’ਤੇ ਬਹੁਤ ਜ਼ਿਆਦਾ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਲਤ ਏਨੀ ਜ਼ਿਆਦਾ ਖਰਾਬ ਹੈ ਕਿਸੇ ਵੀ ਸਮੇਂ ਦਿਲ ’ਤੇ ਦਬਾਅ ਵਧ ਕੇ ਦੌਰਾ ਪੈ ਸਕਦਾ ਹੈ। ਉਨ੍ਹਾਂ ਦੀ ਸਰੀਰਕ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਫੌਰੀ ਮੈਡੀਕਲ ਮੱਦਦ ਦੀ ਲੋੜ ਹੈ।
Punjab Farmer Leader
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੌਕੇ ਨੂੰ ਸੰਭਾਲਣਾ ਚਾਹੀਦਾ ਹੈ, ਨਹੀਂ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਦਾ ਚੌਵੀ ਘੰਟੇ ਮੌਨੀਟਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਖੂਨ ਵਿਚਲੇ ਆਕਸੀਜ਼ਨ ਪੱਧਰ ’ਤੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ, ਨਿਰੰਤਰ ਬਲੱਡ ਪ੍ਰੈਸ਼ਰ ’ਤੇ ਨਿਗ੍ਹਾ ਰੱਖੀ ਜਾ ਰਹੀ ਹੈ, ਖੂਨ ਵਿੱਚ ਗਲੂਕੋਜ਼ ਦੇ ਪੱਧਰ ਦੇ ਵਾਰ-ਵਾਰ ਨਮੂਨੇ ਲਏ ਜਾ ਰਹੇ ਹਨ। 17ਵੇਂ ਦਿਨ ਵੀ ਉਹ ਸਟੇਜ ਤੋਂ ਸੰਬੋਧਨ ਨਹੀਂ ਕਰ ਸਕੇ ਅਤੇ ਬਿਸਤਰ ’ਤੇ ਪਏ ਰਹੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੀਨੀਅਰ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ ਜਗਜੀਤ ਸਿੰਘ ਡੱਲੇਵਾਲ ਵੱਲੋਂ ਬੇਹੱਦ ਕਮਜ਼ੋਰ ਹਾਲਤ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਖੂਨ ਨਾਲ ਦਸਤਖਤ ਕਰਕੇ ਇੱਕ ਭਾਵੁਕ ਚਿੱਠੀ ਵੀ ਲਿਖੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਸਿਲਸਿਲੇਵਾਰ ਬਿਆਨ ਕਰਦਿਆਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਦੇ ਸਾਰੇ ਇਲਾਕਿਆਂ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਫੋਟੋ ਲਾ ਕੇ ਸਮੁੱਚੇ ਦੇਸ਼ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 18 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਵਿੱਢਿਆ ਜਾਵੇਗਾ। ਰੇਲ ਰੋਕੋ ਅੰਦੋਲਨ ਪੰਜਾਬ ਵਿੱਚ ਨਹੀਂ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਅਤੇ ਸਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਹੈ।
ਉਨ੍ਹਾਂ ਹੋਰ ਵੀ ਦੱਸਿਆ ਕਿ 13 ਦਸੰਬਰ ਨੂੰ ਕਿਸਾਨਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ, ਉਸ ਸਮੇਂ ਤੱਕ ਕਿਸਾਨ ਵੱਲੋਂ ਇਹ ਸੰਘਰਸ਼ ਏਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।
14 ਦਸੰਬਰ ਨੂੰ ਮੁੜ ਦਿੱਲੀ ਪੈਦਲ ਕੂਚ ਕਰਨਗੇ ਕਿਸਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਿਸਾਨੀ ਮੰਗਾਂ ਸਬੰਧੀ ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਨੂੰ 13 ਦਸੰਬਰ ਨੂੰ ਪੂਰੇ 10 ਮਹੀਨੇ ਪੂਰੇ ਹੋ ਜਾਣਗੇ ਅਤੇ ਕਿਸਾਨਾਂ ਵੱਲੋਂ ਕੱਲ੍ਹ ਨੂੰ ਇੱਥੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਇੱਧਰ 14 ਦਸੰਬਰ ਨੂੰ 101 ਮਰਜ਼ੀਵੜੇ ਕਿਸਾਨਾਂ ਦਾ ਤੀਜਾ ਜੱਥਾ ਪੈਦਲ ਦਿੱਲੀ ਕੂਚ ਲਈ ਰਵਾਨਾ ਹੋਵੇਗਾ।