ਮੋਦੀ ਵਾਂਗ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਗਰੁੱਪਾਂ ਦਾ ਕੀਤਾ ਗਠਨ
ਚੰਡੀਗੜ੍ਹ(ਅਸ਼ਵਨੀ ਚਾਵਲਾ)। ਸਿਆਸੀ ਤੌਰ ‘ਤੇ ਨਰਿੰਦਰ ਮੋਦੀ ਦਾ ਹਰ ਥਾਂ ‘ਤੇ ਵਿਰੋਧ ਕਰਨ ਤੇ ਮੋਦੀ ਸਰਕਾਰ ਦੀ ਨੀਤੀਆਂ ਨੂੰ ਕੋਸਣ ਵਾਲੀ ਕਾਂਗਰਸ ਹੀ ਪੰਜਾਬ ਵਿੱਚ ਨਰਿੰਦਰ ਮੋਦੀ ਦੇ ਫ਼ਾਰਮੂਲੇ ਨੂੰ ਲਾਗੂ ਕਰਨ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਰਿੰਦਰ ਮੋਦੀ ਵੱਲੋਂ ਸਾਲ 2015 ਵਿੱਚ ਨੀਤੀ ਆਯੋਗ ਲਈ ਤਿਆਰ ਕੀਤੇ ਗਏ ਉਪ ਗਰੁੱਪ ਦੇ ਫ਼ਾਰਮੂਲੇ ਨੂੰ ਪੰਜਾਬ ਵਿੱਚ ਲਾਗੂ ਕਰ ਦਿੱਤਾ ਹੈ। ਕੇਂਦਰ ਦੇ ਉਪ ਗਰੁੱਪ ਵਾਂਗ ਪੰਜਾਬ ਦੇ 8 ਵਿਭਾਗਾਂ ਵਿੱਚ ਸਲਾਹਕਾਰ ਗਰੁੱਪਾਂ ਦਾ ਗਠਨ ਕੀਤਾ ਗਿਆ ਹੈ, ਜਿਹੜੇ ਕਿ ਉਕਤ ਵਿਭਾਗ ਜਾਂ ਫਿਰ ਸਕੀਮਾਂ ਬਾਰੇ ਆਪਣੀ ਸਲਾਹਾਂ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੇ ਨਾਲ ਕੰਮ ਕਰਨ ਲਈ 3 ਉਪ ਗਰੁੱਪਾਂ ਦਾ ਗਠਨ ਕੀਤਾ ਸੀ।
ਨੀਤੀ ਆਯੋਗ ਵਿੱਚ ਵੀ ਇੱਕ ਉਪ ਗਰੁੱਪ ਇਹੋ ਜਿਹਾ ਵੀ ਹੈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼ਾਮਲ ਸਨ ਤੇ ਉਹ ਨੀਤੀ ਆਯੋਗ ਦੇ ਉਪ ਗਰੁੱਪ ਵਿੱਚ ਆਪਣੀ ਸਲਾਹ ਦਿੰਦੇ ਹਨ। ਨਰਿੰਦਰ ਮੋਦੀ ਵੱਲੋਂ 8 ਫਰਵਰੀ 2015 ਨੂੰ ਨੀਤੀ ਆਯੋਗ ਵਿੱਚ ਮੁੱਖ ਮੰਤਰੀਆਂ ਦੇ 3 ਉਪ ਗਰੁੱਪਾਂ ਦਾ ਗਠਨ ਕੀਤਾ ਸੀ, ਜਿਨ੍ਹਾਂ ‘ਚ ਪਹਿਲੇ ਗਰੁੱਪ ਨੇ 66 ਫੀਸਦੀ ਸਕੀਮਾਂ ਨੂੰ ਚੈੱਕ ਕਰਦੇ ਹੋਏ ਖ਼ਾਮੀਆਂ ਬਾਰੇ ਸਲਾਹ ਦੇਣੀ ਹੈ ਤੇ ਦੂਜੇ ਗਰੁੱਪ ਨੇ ਸਕਿੱਲ ਡਿਵੈਲਪਮੈਂਟ ਨੂੰ ਦੇਸ਼ ਭਰ ‘ਚ ਲਾਗੂ ਕਰਵਾਉਣ ਲਈ ਸਿਫ਼ਾਰਸ਼ਾਂ ਕਰਨੀਆਂ ਹਨ ਤਾਂ ਤੀਜੇ ਗਰੁੱਪ ਨੇ ਸਵੱਛ ਭਾਰਤ ਲਈ ਕੰਮ ਕਰਦੇ ਹੋਏ ਸਲਾਹਾਂ ਦੇਣੀਆਂ ਸੀ।
ਨਰਿੰਦਰ ਮੋਦੀ ਦੇ ਇਸੇ ਫ਼ਾਰਮੂਲੇ ਨੂੰ ਪੰਜਾਬ ਵਿੱਚ ਲਾਗੂ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮਹੱਤਵਪੂਰਨ ਪ੍ਰੋਗਰਾਮਾਂ ਤੇ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਤੇ ਇਨ੍ਹਾਂ ‘ਚ ਲੋੜੀਂਦੀਆਂ ਸੋਧਾਂ ਲਈ 8 ਸਲਾਹਕਾਰੀ ਗਰੁੱਪਾਂ ਦਾ ਗਠਨ ਕਰ ਦਿੱਤਾ ਹੈ। ਇਹ ਗਰੁੱਪ ਪ੍ਰੋਗਰਾਮਾਂ/ਸਕੀਮਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਇਨ੍ਹਾਂ ਸਬੰਧੀ ਅਨੁਮਾਨ ਵੀ ਲਾਉਣਗੇ ਤਾਂ ਜੋ ਇਨ੍ਹਾਂ ਵਿਚ ਅੱਗੇ ਹੋਰ ਸੁਧਾਰ ਲਈ ਸਿਫਾਰਸ਼ਾਂ ਕੀਤੀਆਂ ਜਾ ਸਕਣ। ਇਹ ਗਰੁੱਪ ਲੋੜ ਅਨੁਸਾਰ ਆਪਣੀਆਂ ਮੀਟਿੰਗਾਂ ਕਰਨਗੇ ਤੇ ਇਹ ਦਿੱਤੇ ਗਏ ਕਾਰਜ ਨੂੰ ਚਾਰ ਹਫਤਿਆਂ ‘ਚ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣਗੇ। ਇਸ ਤੋਂ ਬਾਅਦ ਇਹ ਆਪਣੀਆਂ ਰਿਪੋਰਟਾਂ ਮੁੱਖ ਮੰਤਰੀ ਕੋਲ ਪੇਸ਼ ਕਰਨਗੇ। ਮੁੱਖ ਮੰਤਰੀ ਸ਼ਹਿਰੀ ਕਾਇਆ ਪਲਟ ਤੇ ਸੁਧਾਰ ਸਬੰਧੀ ਸਲਾਹਕਾਰੀ ਗਰੁੱਪ ਦੇ ਮੁਖੀ ਹੋਣਗੇ। ਇਸ ‘ਚ ਸਮਾਰਟ ਸਿਟੀ, ਅਮਰੂਤ, ਯੂਈਆਈਪੀ ਅਤੇ ਹੁਡਕੋ ਸ਼ਾਮਲ ਹਨ। ਮੁੱਖ ਮੰਤਰੀ ਇਸ ਗਰੁੱਪ ਦੇ ਚੇਅਰਮੈਨ ਹੋਣਗੇ ਜਦਕਿ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਪਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਸੁਨੀਲ ਦੱਤੀ, ਅੰਮ੍ਰਿਤ ਵਿੱਜ, ਗੁਰਕੀਰਤ ਸਿੰਘ ਕੋਟਲੀ, ਸੁਰਿੰਦਰ ਕੁਮਾਰ ਡਾਵਰ ਤੇ ਡਾ. ਹਰਜੋਤ ਕਮਲ ਸਿੰਘ ਇਸ ਦੇ ਮੈਂਬਰ ਹੋਣਗੇ। ਨਸ਼ਿਆਂ ਸਬੰਧੀ ਸਲਾਹਕਾਰੀ ਗਰੁੱਪ ਦੇ ਵੀ ਮੁੱਖ ਮੰਤਰੀ ਮੁਖੀ ਹੋਣਗੇ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਡੀ.ਜੀ.ਪੀ. ਦਿਨਕਰ ਗੁਪਤਾ ਤੇ ਏ.ਡੀ.ਜੀ.ਪੀ./ਐਸ.ਟੀ.ਐਫ. ਗੁਰਪ੍ਰੀਤ ਕੌਰ ਦਿਓ ਇਸ ਦੇ ਮੈਂਬਰ ਹੋਣਗੇ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫੀ ਸਬੰਧੀ ਸਲਾਹਕਾਰੀ ਗਰੁੱਪ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਅਰਮੈਨ ਜਦਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੈਂਬਰ ਬਣਾਇਆ ਗਿਆ ਹੈ। ਵਿਆਪਕ ਸਿਹਤ ਬੀਮਾ ਸਬੰਧੀ ਗਰੁੱਪ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਚੇਅਰਮੈਨ ਹੋਣਗੇ ਜਦਕਿ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਇਸ ਦੇ ਮੈਂਬਰ ਹੋਣਗੇ। ਅਜਿਹੇ ਗਰੁੱਪ ਹੋਰ ਵਿਭਾਗਾਂ ਨਾਲ ਸਬੰਧਿਤ ਬਣਾਏ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ