ਰੇਤ ਖੱਡ ਮਾਮਲੇ ‘ਚ ਪੰਜਾਬ ਸਰਕਾਰ ਨੂੰ ਘੇਰਨਗੀਆਂ ਦੋਵੇਂ ਵਿਰੋਧੀ ਧਿਰਾਂ
- ਕਾਂਗਰਸ ਨੂੰ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਸਬੰਧੀ ਵੀ ਦੇਣਾ ਪਵੇਗਾ ਜਵਾਬ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦਾ ਪਹਿਲਾ ਬਜਟ ਸੈਸ਼ਨ 14 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਸਿਰਫ਼ 9 ਦਿਨਾਂ ਦੇ ਇਸ ਬਜਟ ਸੈਸ਼ਨ ਵਿੱਚ ਹੰਗਾਮਾ ਹੋਣ ਦੇ ਅਸਾਰ ਪੈਦਾ ਹੋ ਗਏ ਹਨ, ਕਿਉਂਕਿ ਇਸ ਵਾਰ ਸੱਤਾ ਧਿਰ ਨੂੰ ਇੱਕ ਨਹੀਂ ਸਗੋਂ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਰੂਪ ‘ਚ ਦੋ ਵਿਰੋਧੀ ਧਿਰਾਂ ਦਾ ਸਾਹਮਣਾ ਕਰਨਾ ਪਵੇਗਾ ਦੋਵੇਂ ਵਿਰੋਧੀ ਧਿਰਾਂ ਆਪਣੇ-ਆਪਣੇ ਮੁੱਦਿਆਂ ਰਾਹੀਂ ਸਰਕਾਰ ਨੂੰ ਘੇਰਨ ਦੀ ਤਿਆਰੀ ਵਿੱਚ ਜੁੱਟ ਗਈਆਂ ਹਨ।
ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਵਿੱਚ ਅਮਰਿੰਦਰ ਸਰਕਾਰ ਨੂੰ ਰਾਣਾ ਗੁਰਜੀਤ ਸਿੰਘ ਦੇ ਮਾਮਲੇ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਣੇ ਆਮ ਆਦਮੀ ਪਾਰਟੀ ਨਾ ਸਿਰਫ਼ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਮੰਗ ਰਹੀਆਂ ਹਨ, ਸਗੋਂ ਰੇਤ ਦੀ ਖੱਡ ਠੇਕੇ ‘ਤੇ ਲੈਣ ਦੇ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਰਾਣਾ ਗੁਰਜੀਤ ਸਿੰਘ ਦੇ ਮਾਮਲੇ ਵਿੱਚ ਸਰਕਾਰ ਵਲੋਂ ਸਫ਼ਾਈ ਨਹੀਂ ਆਉਣ ਦੇ ਕਾਰਨ ਵਿਰੋਧੀ ਧਿਰਾਂ ਕਾਫ਼ੀ ਹੰਗਾਮਾ ਕਰ ਸਕਦੀਆਂ ਹਨ। ਇਸ ਨਾਲ ਹੀ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਮਾਮਲੇ ਵਿੱਚ ਹੁਣ ਤੱਕ ਸਿਰਫ਼ ਅਖ਼ਬਾਰੀ ਬਿਆਨਬਾਜ਼ੀ ਜਾਂ ਫਿਰ ਮੀਟਿੰਗਾਂ ਦੇ ਦੌਰ ਵਿੱਚ ਹੀ ਰੁੱਝੀ ਪੰਜਾਬ ਸਰਕਾਰ ਨੂੰ ਸਦਨ ਵਿੱਚ ਜੁਆਬ ਦੇਣਾ ਪਵੇਗਾ, ਕਿਉਂਕਿ ਅਮਰਿੰਦਰ ਸਿੰਘ ਦੇ ਚੋਣ ਮਨੋਰਥ ਅਤੇ ਚੋਣਾਂ ਤੋਂ ਪਹਿਲਾਂ ਦਿੱਤੇ ਗਏ ਬਿਆਨਾ ਅਨੁਸਾਰ ਕਿਸਾਨਾਂ ਨੂੰ ਸਿਰਫ਼ ਮਾਰਚ ਮਹੀਨੇ ਤੱਕ ਹੀ ਰੁਕਣ ਲਈ ਕਿਹਾ ਗਿਆ ਸੀ ਜਦੋਂ ਕਿ ਹੁਣ ਜੂਨ ਮਹੀਨਾ ਵੀ ਅੱਧ ਤੱਕ ਬੀਤ ਚੁੱਕਾ ਹੈ ਪਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਕੋਈ ਵੀ ਨੀਤੀ ਸਾਹਮਣੇ ਨਹੀਂ ਆ ਸਕੀ ਹੈ। ਬਜਟ ਸੈਸ਼ਨ ਦੇ ਅੱਜ ਪਹਿਲੇ ਦਿਨ ਸਿਰਫ਼ ਸਰਧਾਂਜਲੀ ਸਮਾਰੋਹ ਹੋਣ ਦੇ ਕਾਰਨ ਕੋਈ ਜਿਆਦਾ ਹੰਗਾਮਾ ਨਹੀਂ ਹੋਵੇਗਾ, ਜਦੋਂ ਕਿ ਵੀਰਵਾਰ ਨੂੰ ਸ਼ੁਰੂਆਤੀ ਘੰਟੇ ਵਿੱਚ ਹੀ ਹੰਗਾਮਾ ਹੋਣ ਦੇ ਪੂਰੇ ਆਸਾਰ ਹਨ।
ਭੁੱਖੇ ਸ਼ੇਰ ਵਾਂਗ ਟੁੱਟ ਕੇ ਪੈ ਗਏ ਹਨ ਕਾਂਗਰਸੀ : ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸੀ ਤਾਂ ਸੱਤਾ ਵਿੱਚ ਆਉਣ ਤੋਂ ਬਾਅਦ ਭੁੱਖੇ ਸ਼ੇਰ ਵਾਂਗ ਹੀ ਟੁੱਟ ਕੇ ਪੈ ਗਏ ਹਨ। ਜਿਸ ਤਰੀਕੇ ਨਾਲ ਰਾਣਾ ਗੁਰਜੀਤ ਸਿੰਘ ਨੇ ਰੇਤ-ਖੱਡ ਆਪਣੇ ਨੌਕਰ ਰਾਹੀਂ ਲਈ ਹੈ, ਇਸ ਤਰੀਕੇ ਨਾਲ ਸਾਫ਼ ਜ਼ਾਹਿਰ ਹੋ ਚੁੱਕਾ ਹੈ ਕਿ ਇਹ ਕਾਂਗਰਸੀ ਸਿਰਫ਼ ਕਮਾਈ ਕਰਨ ਲਈ ਹੀ ਸੱਤਾ ਵਿੱਚ ਆਏ ਹਨ, ਜਦੋਂਕਿ ਸੇਵਾ ਕਰਨ ਦਾ ਵਾਅਦਾ ਕਰਨਾ ਤਾਂ ਸਿਰਫ਼ ਵੋਟਾਂ ਲੈਣ ਤੱਕ ਹੀ ਸੀਮਤ ਸੀ।ਸੁਖਬੀਰ ਬਾਦਲ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੇ ਮਾਮਲੇ ਵਿੱਚ ਅਕਾਲੀ ਦਲ ਤੇ ਭਾਜਪਾ ਚੁੱਪ ਨਹੀਂ ਰਹੇਗੀ, ਵਿਧਾਨ ਸਭਾ ਦੇ ਅੰਦਰ ਕਾਂਗਰਸ ਸਰਕਾਰ ਤੋਂ ਜੁਆਬ ਮੰਗਿਆ ਜਾਵੇਗਾ, ਜੇਕਰ ਅਮਰਿੰਦਰ ਸਿੰਘ ਨੇ ਜੁਆਬ ਨਹੀਂ ਦਿੱਤਾ ਤਾਂ ਸੈਸ਼ਨ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ।