ਵਿਜੀਲੈਂਸ ਤੋਂ ਘਬਰਾਏ ਪ੍ਰਾਈਵੇਟ ਬੱਸ ਅਪਰੇਟਰ

ਸੜਕਾਂ ਤੋਂ ਗਾਇਬ ਔਰਬਿਟ, ਸ਼ਨਿੱਚਰਵਾਰ ਨੂੰ ਸੜਕਾਂ ‘ਤੇ ਨਹੀਂ ਉੱਤਰੀਆਂ ਬਿਨਾਂ ਪਰਮਿਟ ਦੀਆਂ ਬੱਸਾਂ

  • ਵਿਜੀਲੈਸ ਦੀ ਚੈਕਿੰਗ ਤੋਂ ਬਾਅਦ ਖ਼ੌਫ ‘ਚ ਬੱਸ ਅਪਰੇਟਰ, ਸੜਕਾਂ ‘ਤੇ ਦੌੜ ਵੀ ਘਟੀ

ਚੰਡੀਗੜ, (ਅਸ਼ਵਨੀ ਚਾਵਲਾ) । ਵਿਜੀਲੈਂਸ ਵਲੋਂ ਬੀਤੇ ਦਿਨੀਂ ਪੰਜਾਬ ਭਰ ਵਿੱਚ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਦਰਮਿਆਨ ਕਸੇ ਗਏ ਸ਼ਿਕੰਜੇ ਤੋਂ ਬਾਅਦ ਪ੍ਰਾਈਵੇਟ ਬੱਸ ਅਪਰੇਟਰ ਕਾਫ਼ੀ ਜਿਆਦਾ ਘਬਰਾਏ ਨਜ਼ਰ ਆ ਰਹੇ ਹਨ, ਜਿਸ ਕਾਰਨ ਸ਼ਨੀਵਾਰ ਨੂੰ ਸੜਕਾਂ ‘ਤੇ ਪ੍ਰਾਈਵੇਟ ਬੱਸਾਂ ਬਹੁਤ ਹੀ ਘੱਟ ਦੌੜਦੀਆਂ ਨਜ਼ਰ ਆਇਆ, ਜਦੋਂ ਕਿ ਪੰਜਾਬ ਤੋਂ ਚੰਡੀਗੜ ਅਤੇ ਚੰਡੀਗੜ ਤੋਂ ਹਰ ਘੰਟੇ ਪੰਜਾਬ ਵਲ ਦੌੜ ਲਗਾਉਣ ਵਾਲੀ ਔਰਬਿਟ ਬੱਸਾਂ ਵੀ ਜਿਆਦਾ ਨਜ਼ਰ ਨਹੀਂ ਆਈਆਂ। ਜਿਹੜੀਆਂ ਕੁਝ ਬੱਸਾਂ ਆਪਣੇ ਤੈਅ ਰੂਟ ‘ਤੇ ਚਲ ਰਹੀਆਂ ਸਨ, ਉਹ ਵੀ ਆਪਣੇ ਕੋਲ ਪੂਰੇ ਕਾਗ਼ਜ਼ਾਤ ਲੈ ਕੇ ਹੀ ਚਲ ਰਹੇ ਸਨ ਤਾਂ ਕਿ ਚੈਕਿੰਗ ਦਰਮਿਆਨ ਕੋਈ ਦਿੱਕਤ ਨਾ ਆਏ।

ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਵਿਜੀਲੈਂਸ ਨੇ ਬੀਤੇ ਦਿਨੀਂ ਸ਼ੁੱਕਰਵਾਰ ਨੂੰ ਪੰਜਾਬ ਦੇ ਚਾਰ ਜ਼ਿਲੇ ਦੀਆਂ ਮੁੱਖ ਸੜਕਾਂ ‘ਤੇ ਨਾਕਾਬੰਦੀ ਕਰਦੇ ਹੋਏ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਸ਼ੁਰੂ ਕੀਤੀ ਸੀ। ਜਿਸ ਦਰਮਿਆਨ ਹਰ ਚੌਥੀ ਬਸ ਨਾਜਾਇਜ਼ ਤੌਰ ‘ਤੇ ਸੜਕ ‘ਤੇ ਦੌੜਨ ਦੇ ਕਾਰਨ ਵਿਜੀਨੈਂਸ ਨੇ ਆਪਣੀ ਇਸ ਚੈਕਿੰਗ ਨੂੰ ਇੱਥੇ ਹੀ ਖ਼ਤਮ ਕਰਨ ਦੀ ਥਾਂ ‘ਤੇ ਹੁਣ ਰੈਗੂਲਰ ਹੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ ਤਾਂ ਕਿ ਪੰਜਾਬ ਦੀਆਂ ਸੜਕਾਂ ‘ਤੇ ਦੌੜਦੀਆਂ ਇਨਾਂ ਨਾਜਾਇਜ਼ ਪ੍ਰਾਈਵੇਟ ਬੱਸਾਂ ਨੂੰ ਥਾਣਿਆਂ ਵਿੱਚ ਡੱਕਦੇ ਹੋਏ ਇਨਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਜਾ ਸਕੇ।

ਪੰਜਾਬ ਵਿਜੀਲੈਂਸ ਦੇ ਇਸ ਐਲਾਨ ਤੋਂ ਬਾਅਦ ਸ਼ਨੀਵਾਰ ਨੂੰ ਸਵੇਰ ਤੋਂ ਹੀ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਆਪਣੀ ਨਾਜਾਇਜ਼ ਬੱਸਾਂ ਤਾਂ ਦੂਰ ਉਨਾਂ ਜਾਇਜ਼ ਬੱਸਾਂ ਨੂੰ ਵੀ ਸੜਕ ‘ਤੇ ਦੌੜਨ ਤੋਂ ਰੋਕ ਦਿੱਤਾ, ਜਿਨਾਂ ‘ਚ ਕੋਈ ਨਾ ਕੋਈ ਕਾਗਜ਼ੀ ਘਾਟ ਸੀ। ਜਿਸ ਕਾਰਨ ਸ਼ਨੀਵਾਰ ਨੂੰ ਪਹਿਲਾਂ ਨਾਲੋਂ 25 ਤੋਂ 40 ਫੀਸਦੀ ਤੱਕ ਪ੍ਰਾਈਵੇਟ ਬੱਸਾਂ ਸੜਕਾਂ ‘ਤੇ ਦੌੜ ਹੀ ਨਹੀਂ ਰਹੀਆਂ ਸਨ। ਇਥੇ ਹੀ ਵਿਜੀਲੈਂਸ ਦੇ ਡਰ ਤੋਂ ਜਿਹੜੀ ਪ੍ਰਾਈਵੇਟ ਬੱਸਾਂ ਸੜਕਾਂ ‘ਤੇ ਦੌੜ ਰਹੀਆਂ ਸਨ, ਉਨਾਂ ਦੀ ਸਪੀਡ ਇੰਨੀ ਕੁ ਜਿਆਦਾ ਘੱਟ ਹੋ ਚੁੱਕੀ ਸੀ ਕਿ ਹਰ ਕੋਈ ਹੈਰਾਨ ਸੀ ਕਿ ਇਹ ਉਹੋ ਹੀ ਪ੍ਰਾਈਵੇਟ ਬੱਸਾਂ ਹਨ, ਜਿਹੜੀਆਂ ਕਿ ਸਾਰੇ ਨਿਯਮਾਂ ਨੂੰ ਤੋੜਦੇ ਹੋਏ ਓਵਰ ਸਪੀਡ ‘ਤੇ ਹਮੇਸ਼ਾ ਚਲੀ ਕਰਦੀ ਸਨ।