Ludhiana News: ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੰਜੀਵ ਅਰੋੜਾ ਸਮੇਤ 14 ਉਮੀਦਵਾਰਾਂ ਨੂੰ ਨੋਟਿਸ ਜਾਰੀ

Ludhiana News
Ludhiana News: ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੰਜੀਵ ਅਰੋੜਾ ਸਮੇਤ 14 ਉਮੀਦਵਾਰਾਂ ਨੂੰ ਨੋਟਿਸ ਜਾਰੀ

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਇੱਕ ਮਹੱਤਵਪੂਰਨ ਘਟਨਾਕ੍ਰਮ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੇਤੂ ਸੰਜੀਵ ਅਰੋੜਾ ਸਣੇ 14 ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਕੋਰਟ ਵੱਲੋਂ ਇਹ ਹੁਕਮ ਡਾ. ਜਸਵਿੰਦਰ ਸਿੰਘ ਮੱਲ੍ਹੀ ਦੁਆਰਾ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਗਏ ਹਨ। ਡਾ. ਮੱਲ੍ਹੀ ਵੱਲੋਂ ਲੰਘੇ ਮਹੀਨੇ ਦੀ 6 ਅਗਸਤ ਨੂੰ ਦਾਇਰ ਕੀਤੀ ਪਟੀਸ਼ਨ ਵਿੱਚ ਦੋਸ਼ ਲਾਇਆ ਸੀ ਕਿ ਸੰਜੀਵ ਅਰੋੜਾ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਭਾਰਤੀ ਚੋਣ ਕਮਿਸ਼ਨਾਂ ਵੱਲੋਂ ਨਿਰਧਾਰਿਤ ਕੀਤੀ 40 ਲੱਖ ਰੁਪਏ ਦੀ ਸੀਮਾ ਤੋਂ ਕਈ ਗੁਣਾ ਵੱਧ ਖਰਚ ਕੀਤਾ ਗਿਆ।

ਇਹ ਖਬਰ ਵੀ ਪੜ੍ਹੋ : Meri Saheli App: ਹੁਣ ਟਰੇਨ ’ਚ ਔਰਤਾਂ ਲਈ ਪੂਰੀ ਸੁਰੱਖਿਆ, ਰੇਲਵੇ ਪੁਲਿਸ ਨੇ ਲਾਂਚ ਕੀਤਾ ‘ਮੇਰੀ ਸਹੇਲੀ’ ਐਪ

ਇਸ ਤੋਂ ਇਲਾਵਾ ਉਨ੍ਹਾਂ ਅਰੋੜਾ ’ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ, ਧਾਰਮਿਕ ਅਪੀਲਾਂ ਕਰਨ ਤੇ ਜੂਨ 2025 ਦੀ ਉਪ-ਚੋਣ ਨੂੰ ਗਲਤ ਢੰਗ ਨਾਲ ਪ੍ਰਭਾਵਿਤ ਕਰਨ ਲਈ ਭੁਗਤਾਨ ਕੀਤੇ ਮੀਡੀਆ ਕਵਰੇਜ ਦਾ ਲਾਭ ਉਠਾਉਣ ਦਾ ਵੀ ਦੋਸ਼ ਲਾਇਆ ਹੈ। ਸੁਣਵਾਈ ਦੀ ਅਗਲੀ ਮਿਤੀ 13 ਅਕਤੂਬਰ ਨਿਰਧਾਰਿਤ ਕੀਤੀ ਗਈ ਹੈ। ਲੁਧਿਆਣਾ ਪੱਛਮੀ ਉਪ-ਚੋਣ 19 ਜੂਨ ਨੂੰ ਹੋਈ ਸੀ, ਜਿਸ ਦੇ ਨਤੀਜੇ 23 ਜੂਨ ਨੂੰ ਐਲਾਨੇ ਗਏ ਸਨ, ਜਿਸ ’ਚ ਸੰਜੀਵ ਅਰੋੜਾ ਨੂੰ ਜੇਤੂ ਐਲਾਨਿਆ ਗਿਆ ਸੀ। ਪਟੀਸ਼ਨ ਵਿੱਚ ਡਾ. ਮੱਲ੍ਹੀ ਵੱਲੋਂ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 100 ਦੇ ਤਹਿਤ ਖਰਚੇ ਨੂੰ ਛੁਪਾਉਣ, ਸਰਕਾਰੀ ਅਹੁਦੇ ਦੀ ਦੁਰਵਰਤੋਂ ਤੇ ਭ੍ਰਿਸ਼ਟ ਅਭਿਆਸਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਚੋਣ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। Ludhiana News

ਡਾ. ਮੱਲ੍ਹੀ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਨੇ ਕਿਹਾ ਕਿ ਅਦਾਲਤ ਵੱਲੋਂ ਨੋਟਿਸ ਜਾਰੀ ਕਰਨਾ ਜਾਂਚ ਤੋਂ ਬਾਅਦ ਪਹਿਲਾ ਰਸਮੀ ਕਦਮ ਹੈ। ਜਿਸ ਤਹਿਤ ਉਨ੍ਹਾਂ ਕੋਲ ਹੁਣ ਪੂਰੇ ਸਬੂਤ ਤੇ ਦਲੀਲਾਂ ਨੂੰ ਰਿਕਾਰਡ ’ਤੇ ਰੱਖਣ ਦਾ ਮੌਕਾ ਹੋਵੇਗਾ। ਐਡਵੋਕੇਟ ਪਰਮਿੰਦਰ ਸਿੰਘ ਵਿਜ ਨੇ ਅੱਗੇ ਕਿਹਾ ਕਿ ਇਹ ਪਾਰਦਰਸ਼ਤਾ ਲਈ ਮਹੱਤਵਪੂਰਨ ਹੈ। ਜਵਾਬ ’ਚ ਜੇਤੂ ਉਮੀਦਵਾਰ ਨੂੰ ਅਦਾਲਤ ਦੇ ਸਾਹਮਣੇ ਆਪਣੇ ਚੋਣ ਪ੍ਰਚਾਰ ਬਾਰੇ ਵਿਆਖਿਆ ਕਰਨੀ ਪਵੇਗੀ। ਇਸ ਦੇ ਨਾਲ ਹੀ ਬਾਕੀ ਉਮੀਦਵਾਰਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਕਾਨੂੰਨੀ ਪ੍ਰਕਿਰਿਆ ਕੀਤੀਆਂ ਗਈਆਂ ਉਲੰਘਣਾਵਾਂ ਦਾ ਪਰਦਾਫਾਸ਼ ਕਰੇਗੀ। Ludhiana News