ਕਿਸਾਨਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਲਾਏ ਪਰਾਲੀ ਦੇ ਢੇਰ

Pulley, Laid, Farmers, District, Administrative, Complex

ਮਾਮਲਾ ਪਰਾਲੀ ਦੇ ਹੱਲ ਦਾ

ਸੰਗਰੂਰ, ਗੁਰਪ੍ਰੀਤ ਸਿੰਘ। ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਠੋਸ ਹੱਲ ਨਾ ਕੱਢਣ ਤੇ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਕਵਾਇਦ ਤੋਂ ਖਫਾ ਕਿਸਾਨਾਂ ਨੇ ਅੱਜ ਆਪਣਾ ਰੋਸ ਜਾਹਿਰ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪਰਾਲੀ ਦੇ ਢੇਰ ਲਾ ਦਿੱਤੇ ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ‘ਚੋਂ ਆਏ ਵੱਡੀ ਗਿਣਤੀ ਕਿਸਾਨਾਂ ਨੇ ਟਰਾਲੀਆਂ ਭਰ ਕੇ ਡੀਸੀ ਦਫਤਰ ਅੱਗੇ ਢੇਰ ਲਾ ਦਿੱਤਾ ਤੇ ਘੰਟਿਆਂਬੱਧੀ ਰੋਸ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨ ਦੇ ਮਾਮਲੇ ਵਿੱਚ ਜੇਕਰ ਕਿਸੇ ਵੀ ਨੋਡਲ ਅਫਸਰ ਨੇ ਕਿਸਾਨਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਤਾਂ ਉਕਤ ਅਫਸਰ ਦੇ ਘਰ ਅੱਗੇ ਵੀ ਏਸੇ ਤਰ੍ਹਾਂ ਪਰਾਲੀ ਦੇ ਢੇਰ ਲਾਏ ਜਾਣਗੇ ਕਿਉਂਕਿ ਅੱਗ ਲਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ ਪਰਾਲੀ ਦਾ। ਸਰਕਾਰ ਪਰਾਲੀ ਦਾ ਹੱਲ ਲੱਭਣ ਦੀ ਥਾਂ ਕਿਸਾਨਾਂ ਦਾ ਗਲਾ ਘੁਟ ਰਹੀ ਹੈ। ਸਰਕਾਰ ਵੱਲੋਂ ਫਸਲਾਂ ਦੇ ਭਾਅ ‘ਚ ਨਿਗੂਣਾ ਵਾਧਾ ਕੀਤਾ ਗਿਆ ਹੈ ਜਦਕਿ ਖਾਦਾਂ ਤੇ ਸਪਰੇਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ, ਜਿਸ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਅਜਿਹੇ ‘ਚ ਕਿਸਾਨਾਂ ਕੋਲ ਪਰਾਲੀ ਦੇ ਹੱਲ ਕਰਨ ਲਈ ਅੱਗ ਲਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ ਜਾਂ ਸਰਕਾਰ ਝੋਨੇ ਦੀ ਫਸਲ ਤੇ ਦੋ ਸੋ ਰੁਪਏ ਪ੍ਰਤੀ ਕੁਇੰਟਲ ਬੋਨਸ ਜਾਰੀ ਕਰੇ।

ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਝੂਠ ਕਿਹਾ ਜਾ ਰਿਹਾ ਹੈ ਕਿ ਕਿਸਾਨ ਪ੍ਰਦੂਸ਼ਣ ਕਰਦਾ ਹੈ ਜਦਕਿ ਸੱਚਾਈ ਇਹ ਹੈ ਕਿ 92 ਫੀਸਦੀ ਪ੍ਰਦੂਸ਼ਣ ਆਵਾਜਾਈ ਦੇ ਸਾਧਨਾਂ ਤੇ ਫੈਕਟਰੀਆਂ ਕਾਰਨ ਹੁੰਦਾ ਹੈ ਤੇ ਕਿਸਾਨਾਂ ਵੱਲੋਂ ਲਾਈ ਪਰਾਲੀ ਦੀ ਅੱਗ ਦੇ ਬਹਾਨੇ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਮਸਲੇ ਦੇ ਹੱਲ ਲਈ ਗੰਭੀਰ ਹੈ ਤਾਂ ਬਦਲਵੀਆਂ ਫਸਲਾਂ ਦੇ ਯੋਗ ਭਾਅ ਨਿਸਚਿਤ ਕਰਕੇ ਸਹੀ ਮੰਡੀਕਰਨ ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨ ਝੋਨੇ ਦੀ ਫਸਲ ਤੋਂ ਪਿੱਛੇ ਹਟ ਸਕੇ। ਇਸ ਮੌਕੇ ਬਲਵੀਰ ਸਿੰਘ ਜਲੂਰ ਸੁੱਖ ਸਿੰਘ ਸਾਹੋਕੇ ਤੇਜਿੰਦਰ ਸਿੰਘ ਢੱਡਰੀਆਂ, ਹਰਦੇਵ ਸਿੰਘ ਦੁਲੱਟ, ਬਲਕਾਰ ਸਿੰਘ ਰਤੋਕੇ, ਰਾਮ ਸਿੰਘ, ਬਲਵੀਰ ਸਿੰਘ ਕੁੰਨਰਾਂ ਗੁਰਪ੍ਰੀਤ ਸਿੰਘ ਬਡਰੁੱਖਾਂ ਨੇ ਵੀ ਸੰਬੋਧਨ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।