ਟੋਲ ਪਲਾਜੇ ‘ਤੇ ਫਾਸਟੈਗ ਗੇਟਾਂ ‘ਤੇ ਸੁੰਨ ਪਸਰੀ
ਸੁਖਜੀਤ ਮਾਨ/ਜਗਤਾਰ ਜੱਗਾ(ਬਠਿੰਡਾ/ਗੋਨਿਆਣਾ ਮੰਡੀ) ਫਾਸਟੈਗ ਦੀ ਨੀਤੀ ਆਮ ਲੋਕਾਂ ਨੂੰ ਹਾਲੇ ਨਹੀਂ ਭਾਅ ਰਹੀ ਨੀਤੀ ਦਾ ਪ੍ਰਚਾਰ-ਪ੍ਰਸਾਰ ਘੱਟ ਹੋਣ ਕਾਰਨ ਟੋਲ ਪਲਾਜਿਆਂ ‘ਤੇ ਲੜਾਈ-ਝਗੜੇ ਦੀ ਵੀ ਨੌਬਤ ਆ ਰਹੀ ਹੈ ਬਠਿੰਡਾ-ਅੰਮ੍ਰਿਤਸਰ ਰੋਡ ‘ਤੇ ਪਿੰਡ ਜੀਦਾ ‘ਚ ਲੱਗੇ ਟੋਲ ਪਲਾਜੇ ‘ਤੇ ਤਾਂ ਕੱਲ੍ਹ ਪੁਲਿਸ ਵੀ ਤਾਇਨਾਤ ਕਰਨੀ ਪਈ ਇਹ ਨੀਤੀ ਲਾਗੂ ਹੋਣ ਤੋਂ ਬਾਅਦ ਅੱਜ ਦੂਜੇ ਦਿਨ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਟੋਲ ਪਲਾਜੇ ‘ਤੇ ਲੱਗੀਆਂ ਵੇਖੀਆਂ ਗਈਆਂ ਜਦੋਂਕਿ ਫਾਸਟੈਗ ਗੇਟਾਂ ‘ਚੋਂ ਦੀ ਟਾਵੇਂ-ਟਾਵੇਂ ਵਾਹਨ ਹੀ ਲੰਘ ਰਹੇ ਸਨ।
ਟੋਲ ਪਲਾਜੇ ‘ਤੇ ਜਾ ਕੇ ਹਾਸਲ ਕੀਤੇ ਵੇਰਵਿਆਂ ਮੁਤਾਬਿਕ ਪਲਾਜੇ ਦੇ ਪੰਜ ਗੇਟਾਂ ਵਿੱਚੋਂ ਇੱਕ ਐਮਰਜੈਂਸੀ ਗੇਟ, ਇੱਕ ਕੈਸ਼ ਗੇਟ ਅਤੇ ਬਾਕੀ ਦੇ ਤਿੰਨ ਫਾਸਟੈਗ ਲਈ ਖੋਲ੍ਹੇ ਹੋਏ ਸਨ ਫਾਸਟੈਗ ਵਾਲੇ ਗੇਟਾਂ ‘ਤੇ ਲਗਭਗ ਸੁੰਨ ਪਸਰੀ ਹੋਈ ਸੀ ਅਤੇ ਜੋ ਇੱਕ ਗੇਟ ਕੈਸ਼ ਲਈ ਖੋਲ੍ਹਿਆ ਗਿਆ ਸੀ ਉਸ ‘ਤੇ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਲੋਕਾਂ ਦਾ ਫਾਸਟੈਗ ਵੱਲ ਕੋਈ ਬਹੁਤਾ ਰੁਝਾਨ ਨਹੀਂ ਹੈ ਤੇ ਕੈਸ਼ ਵਾਲੀ ਲਾਈਨ ਵਿੱਚੋਂ ਹੀ ਗੱਡੀਆਂ ਲੰਘ ਰਹੀਆਂ ਸਨ ਸਰਕਾਰ ਵੱਲੋਂ ਭਾਵੇਂ ਕੈਸ਼ ਵਾਲੀ ਲਾਈਨ ਵਿੱਚ ਡਬਲ ਟੋਲ ਪਲਾਜਾ ਲੈਣ ਦੀ ਗੱਲ ਕਹੀ ਜਾ ਰਹੀ ਹੈ ਪਰ ਉਸ ਤੋਂ ਛੋਟ ਦਿੱਤੀ ਹੋਈ ਹੈ ਜਦੋਂਕਿ ਛੋਟ ਦੀ ਅੰਤਿਮ ਮਿਤੀ ਬਾਰੇ ਮੈਨੇਜਰ ਉੱਤਮ ਸਿੰਘ ਪੰਨੂੰ ਨੇ ਕਿਹਾ ਕਿ ਸਰਕਾਰ ਨੇ ਇਸ ਦੀ ਅੰਤਿਮ ਮਿਤੀ ਹਾਲੇ ਤੈਅ ਨਹੀਂ ਕੀਤੀ ।
ਲੋਕਾਂ ਨੇ ਕਿਹਾ ਕਿ ਖੱਜਲ-ਖੁਆਰੀ ਤੋਂ ਬਿਨਾਂ ਫਾਸਟੈਗ ਨਾਂਅ ਦਾ ਸਿਸਟਮ ਹੋਰ ਕੋਈ ਬਹੁਤਾ ਵੱਡਾ ਮਾਅਰਕਾ ਨਹੀਂ ਮਾਰਨ ਵਾਲਾ ਹੈ ਪੇਟੀਐੱਮ ਕੰਪਨੀ ਦੇ ਫਾਸਟੈਗ ਚਿੱਪ ਵੇਚਣ ਵਾਲੇ ਜਗਤਾਰ ਸਿੰਘ ਨੇ ਦੱਸਿਆ ਕਿ ਪਹਿਲਾਂ ਸ਼ੁਰੂ-ਸ਼ੁਰੂ ਵਿੱਚ ਉਹ ਰੋਜ਼ਾਨਾ ਇੱਕ ਸੌ ਫਾਸਟੈਗ ਕਾਰਡ ਵੇਚਦੇ ਸਨ ਪਰ ਹੁਣ ਕੱਲ੍ਹ ਤੋਂ ਲੈ ਕੇ ਉਹ 120 ਦੇ ਕਰੀਬ ਫਾਸਟੈਗ ਵੇਚ ਰਹੇ ਹਨ ਉਨ੍ਹਾਂ ਕਿਹਾ ਕਿ ਲੋਕਾਂ ‘ਚ ਇਸ ਦਾ ਬਹੁਤਾ ਉਤਸ਼ਾਹ ਵੇਖਣ ਨੂੰ ਨਹੀਂ ਮਿਲ ਰਿਹਾ ਏਅਰਟੈੱਲ ਕੰਪਨੀ ਵੱਲੋਂ ਲਾਏ ਕਾਊਂਟਰ ‘ਤੇ ਜਸਵੀਰ ਸਿੰਘ ਨਾਂਅ ਦੇ ਕਰਮਚਾਰੀ ਨੇ ਦੱਸਿਆ ਕਿ ਉਹ ਸਿਰਫ਼ ਦਸ ਤੋਂ ਪੰਦਰਾਂ ਫਾਸਟੈਗ ਚਿਪ ਵੇਚ ਰਹੇ ਹਨ ਵਾਹਨ ਚਾਲਕਾਂ ਨਾਲ ਜਦੋਂ ਫਾਸਟੈਗ ਦੀ ਜਾਣਕਾਰੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਫਾਸਟੈਗ ਨਾਂਅ ਦੀ ਚਿੱਪ ਬਾਰੇ ਕੋਈ ਬਹੁਤੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਚਲਾਉਣ ਲਈ ਕੋਈ ਸੁਖਾਲੇ ਢੰਗ ਲੱਭਣੇ ਪੈਣਗੇ ਤਾਂ ਜੋ ਪ੍ਰਕਿਰਿਆ ਨੂੰ ਸੱਚਮੁੱਚ ਹੀ ਲੋਕਾਂ ਲਈ ਫਾਇਦੇਮੰਦ ਬਣਾਇਆ ਜਾ ਸਕੇ ਪਿੰਡ ਗੋਨਿਆਣਾ ਕਲਾਂ ਦੇ ਵਾਸੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਤਾਂ ਇਹ ਫਾਸਟੈਗ ਸਿਰਫ ਸਿਰਦਰਦੀ ਹੀ ਬਣਿਆ ਹੋਇਆ ਹੈ ਜਦੋਂ ਇਸ ਦੇ ਕੋਈ ਬਿਹਤਰ ਨਤੀਜੇ ਸਾਹਮਣੇ ਆਉਣਗੇ ਫਿਰ ਹੀ ਇਸ ਦੇ ਫਾਇਦਿਆਂ ਬਾਰੇ ਜਾਣਿਆ ਜਾ ਸਕਦਾ ਹੈ
ਕੀ ਹੈ ਫਾਸਟੈਗ
ਆਮ ਲੋਕ ਹਾਲੇ ਫਾਸਟੈਗ ਪ੍ਰਤੀ ਪੂਰੀ ਤਰ੍ਹਾਂ ਜਾਣੂੰ ਹੀ ਨਹੀਂ ਹਨ ਫਾਸਟੈਗ ਇੱਕ ਅਜਿਹੀ ਚਿੱਪ ਹੈ ਜਿਸ ਨੂੰ ਵਾਹਨ ਦੇ ਸ਼ੀਸੇ ‘ਤੇ ਲਾਇਆ ਜਾਂਦਾ ਹੈ ਟੋਲ ਪਲਾਜਿਆਂ ‘ਤੇ ਲੱਗੇ ਵਾਇਰਲੈਸ ਸਿਸਟਮ ਨਾਲ ਹੀ ਫੀਸ ਕੱਟੀ ਜਾਂਦੀ ਹੈ ਜਿਸ ਲਈ ਉੱਥੇ ਰੁਕਣ ਦੀ ਵੀ ਜ਼ਰੂਰਤ ਨਹੀਂ ਪਵੇਗੀ
ਫਾਸਟੈਗ ਨਾ ਹੋਣ ‘ਤੇ ਇਹ ਹੋਣਗੇ ਨੁਕਸਾਨ
ਭਾਵੇਂ ਫਾਸਟੈਗ ਸਬੰਧੀ ਹਾਲੇ ਕੋਈ ਆਖਰੀ ਤਰੀਕ ਦੀ ਮੁਕੰਮਲ ਜਾਣਕਾਰੀ ਲੋਕਾਂ ਨੂੰ ਨਹੀਂ ਦਿੱਤੀ ਗਈ ਪਰ ਇਸ ਤਰੀਕ ਤੋਂ ਫਾਸਟੈਗ ਨਾ ਹੋਣ ‘ਤੇ ਫਾਸਟੈਗ ਵਾਲੀ ਲੇਨ ‘ਚ ਦਾਖਲ ਹੋਣ ‘ਤੇ ਨਿਸ਼ਚਿਤ ਟੋਲ ਫੀਸ ਦੀ ਦੁੱਗਣੀ ਰਕਮ ਦੇਣੀ ਪਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।