ਅੱਜ ਅਤੇ ਭਲਕੇ ਪੰਜਾਬ ਦੇ ਸਮੁੱਚੇ ਬਿਜਲੀ ਦਫਤਰਾਂ ਅੱਗੇ ਰੋਸ ਰੈਲੀਆਂ ਕਰਨ ਦਾ ਐਲਾਨ
-
ਪਾਵਰਕੌਮ ਤੇ ਟਰਾਂਸਕੋ ਦੇ ਬਿਜਲੀ ਕਾਮੇ ਯੂ.ਟੀ. ਵਿਖੇ ਮੁਲਾਜਮਾਂ ਦੀ ਹੜਤਾਲ ਦੌਰਾਨ ਚੰਡੀਗੜ੍ਹ ਵਿਖੇ ਡਿਊਟੀਆਂ ਨਹੀਂ ਦੇਣਗੇ-ਆਗੂ
(ਸੱਚ ਕਹੂੰ ਨਿਊਜ) ਪਟਿਆਲਾ। ਪੀ.ਐਸ.ਈ.ਬੀ. ਇੰਪਲਾਈਜ਼ (PSEB Employees) ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਕਾਮਿਆਂ ਵੱਲੋਂ ਅੱਜ ਹੈਡ ਆਫਿਸ ਪਟਿਆਲਾ ਅੱਗੇ ਜੋਰਦਾਰ ਰੋਸ ਰੈਲੀ ਕਰਕੇ ਯੂ.ਟੀ. ਪਾਵਰਮੈਨ ਯੂਨੀਅਨ ਦੇ ਕਾਮਿਆਂ ਦੇ ਸੰਘਰਸ਼ ਦਾ ਪੁਰਜੋਰ ਸਮਰਥਨ ਕਰਦਿਆਂ ਕੇਂਦਰ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਮੁਲਾਜਮ ਅਤੇ ਲੋਕ ਵਿਰੋਧੀ ਨੀਤੀ ਦੀ ਸਖਤ ਨਿੰਦਾ ਕੀਤੀ ਅਤੇ ਯੂ.ਟੀ. ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਜੁਆਇੰਟ ਫੋਰਮ ਦੇ ਆਗੂਆਂ ਸਰਵ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਲਦੇਵ ਸਿੰਘ ਮੰਢਾਲੀ, ਹਰਮੇਸ਼ ਧੀਮਾਨ, ਹਰਪਾਲ ਸਿੰਘ, ਅਵਤਾਰ ਸਿੰਘ ਕੈਂਥ, ਰਾਮ ਲੁਭਾਇਆ ਅਤੇ ਜਗਜੀਤ ਸਿੰਘ ਕੰਡਾ ਨੇ ਸੰਬੋਧਨ ਕਰਦਿਆਂ ਪਾਵਰਮੈਨ ਯੂਨੀਅਨ ਵੱਲੋਂ 23,24 ਫਰਵਰੀ ਨੂੰ ਕੀਤੀ ਜਾ ਰਹੀ ਹੜਤਾਲ ਵਿੱਚ ਪੂਰਨ ਸਹਿਯੋਗ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਪੰਜ ਸਾਲਾਂ ਤੋਂ 150 ਕਰੋੜ ਤੋਂ 350 ਕਰੋੜ ਦਾ ਮੁਨਾਫਾ ਕਮਾ ਰਹੇ ਬਿਜਲੀ ਵਿਭਾਗ ਨੂੰ ਕੋਲਕੱਤਾ ਦੀ ਇੱਕ ਨਿਜੀ ਕੰਪਨੀ ਨੂੰ ਵੇਚਣ ’ਤੇ ਤੁਲੀ ਹੋਈ ਹੈ, ਉੱਥੋਂ ਦੇ ਲਾਈਨ ਲਾਸਿਜ ਕੇਂਦਰ ਦੇ ਮਾਣਕ ਅਨੁਸਾਰ 15# ਦੀ ਥਾਂ 10# ਹੀ ਹਨ। ਬਿਜਲੀ ਦਰਾਂ ਵਿੱਚ ਪਿਛਲੇ ਪੰਜ ਸਾਲਾਂ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ। ਬਿਜਲੀ ਦੀ ਦਰ 150 ਯੂਨਿਟ ਤੱਕ 2.50 ਰੁਪਏ ਅਤੇ ਵੱਧ ਤੋਂ ਵੱਧ 4.50 ਰੁਪਏ ਹੈ। ਜਦੋਂ ਕਿ ਜਿਸ ਨਿਜੀ ਕੰਪਨੀ ਨੂੰ ਇਹ ਅਦਾਰਾ ਵੇਚਿਆ ਜਾ ਰਿਹਾ ਹੈ ਉੱਥੇ ਬਿਜਲੀ ਦਾ ਰੇਟ 7.16 ਰੁਪਏ 8.92 ਰੁਪਏ ਪ੍ਰਤੀ ਯੂਨਿਟ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਅਦਾਰੇ ਦੀ 2000-2500 ਕਰੋੜ ਰੁਪਏ ਦੀ ਅਨੁਮਾਨਤ ਸੰਪਤੀ ਸਿਰਫ 871 ਕਰੋੜ ਰੁਪਏ ਵਿੱਚ ਵੇਚ ਰਹੀ ਹੈ। ਜਦੋਂ ਕਿ 2.5 ਲੱਖ ਕੁਨੈਕਸ਼ਨਾਂ ਅਤੇ 19 ਸਬਸਟੇਸ਼ਨਾਂ ਅਤੇ 2500 ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਨੂੰ ਸਿਰਫ 1000 ਕਰਮਚਾਰੀ ਹੀ ਸੰਭਾਲ ਰਹੇ ਹਨ ਅਤੇ ਵਧੀਆ ਸੇਵਾ ਸਹੂਲਤਾਂ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਯੂ.ਟੀ. ਪ੍ਰਸ਼ਾਸ਼ਨ ਇਹ ਮੁਲਾਜਮ ਅਤੇ ਲੋਕ ਵਿਰੋਧੀ ਫੈਸਲਾ ਵਾਪਸ ਲਵੇ। ਉਨ੍ਹਾਂ ਕਿਹਾ ਕਿ ਪਾਵਰਕੌਮ ਅਤੇ ਟਰਾਂਸਕੋ ਦੇ ਮੁਲਾਜਮ ਅਤੇ ਇੰਜੀਨੀਅਰ ਚੰਡੀਗੜ੍ਹ ਵਿਖੇ ਹੜਤਾਲ ਦੌਰਾਨ ਕੋਈ ਡਿਊਟੀ ਨਹੀਂ ਦੇਣਗੇ ਅਤੇ ਪਾਵਰ ਮੈਨੇਜਮੈਂਟਾਂ ਨੂੰ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਹੈ। ਜੇਕਰ ਪਾਵਰ ਮੈਨੇਜਮੈਂਟ ਨੇ ਮੁਲਾਜਮਾਂ ਤੋਂ ਉੱਥੇ ਡਿਊਟੀ ਲੈਣ ਲਈ ਦਬਾਅ ਪਾਇਆ ਗਿਆ ਅਤੇ ਮੁਲਾਜਮ ਵਿਰੁੱਧ ਕੋਈ ਕਾਰਵਾਈ ਕੀਤੀ ਤਾਂ ਇਸ ਦਾ ਡਟਵਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਸਮੁੱਚੇ ਮੁਲਾਜਮਾਂ ਨੂੰ 23, 24 ਫਰਵਰੀ ਨੂੰ ਸਥਾਨਕ ਬਿਜਲੀ ਦਫਤਰਾਂ ਅੱਗੇ ਰੋਹ ਭਰਪੁੂਰ ਰੈਲੀਆਂ ਕਰਕੇ ਹੜਤਾਲੀ ਕਾਮਿਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ