PRTC News: ਪੰਜਾਬ ਰੋਡਵੇਜ਼ ਨੂੰ ਲੱਗਿਆ ਵੱਧ ਰਗੜਾ, ਪੰਜਾਬ ਦੇ 27 ਡਿਪੂਆਂ ’ਚ ਰਹੀ ਹੜਤਾਲ
- ਜਥੇਬੰਦੀ ਦੇ ਆਗੂਆਂ ਵੱਲੋਂ 8500 ਮੁਲਾਜ਼ਮ ਹੜਤਾਲ ਦੇ ਰਹਿਣ ਦਾ ਦਾਅਵਾ | PRTC News
PRTC News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਕਾਰਨ ਪੀਆਰਟੀਸੀ ਨੂੰ ਅੱਜ ਸਵਾ ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਸਹਿਣਾ ਪਿਆ ਹੈ। ਪੰਜਾਬ ਭਰ ਦੇ 27 ਡਿਪੂਆਂ ’ਤੇ ਕੱਚੇ ਕਾਮਿਆਂ ਵੱਲੋਂ ਹੜਤਾਲ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਨੂੰ ਇਸ ਤੋਂ ਕਿਤੇ ਵੱਧ ਨੁਕਸਾਨ ਉਠਾਉਣਾ ਪਿਆ ਹੈ, ਕਿਉਂਕਿ ਪਨਬਸ ਕੱਚੇ ਮੁਲਾਜ਼ਮਾਂ ਦੇ ਸਿਰ ’ਤੇ ਹੀ ਚਲਦੀ ਹੈ। ਹੜਤਾਲ ਕਾਰਨ ਆਮ ਲੋਕਾਂ ਨੂੰ ਬੱਸ ਅੱਡਿਆਂ ’ਤੇ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ।
ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪੀਆਰਟੀਸੀ ਅੰਦਰ ਮੌਜ਼ੂਦਾ ਸਮੇਂ 1200 ਦੇ ਕਰੀਬ ਬੱਸਾਂ ਹਨ ਅਤੇ ਇੱਥੇ ਰੋਜ਼ਾਨਾ ਦੀ ਆਮਦਨ 2 ਕਰੋੜ 40 ਲੱਖ ਦੇ ਕਰੀਬ ਹੈ। ਹੜਤਾਲੀ ਆਗੂਆਂ ਦਾ ਦਾਅਵਾ ਹੈ ਕਿ ਪੰਜਾਬ ਭਰ ਅੰਦਰ ਅੱਜ 27 ਡਿਪੂਆਂ ਦੇ 8500 ਕੱਚੇ ਕਾਮੇ ਹੜਤਾਲ ’ਤੇ ਹਨ ਅਤੇ ਸਿਰਫ਼ ਕੁਝ ਫੀਸਦੀ ਹੀ ਪੱਕੇ ਕਾਮਿਆਂ ਵੱਲੋਂ ਬੱਸਾਂ ਚਲਾਈਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਅੰਦਰ 3000 ਹਜ਼ਾਰ ਦੇ ਕਰੀਬ ਬੱਸਾਂ ਦੇ ਪਹੀਏ ਰੁਕੇ ਰਹੇ ਹਨ ਅਤੇ ਪੰਜਾਬ ਅੰਦਰ ਸੈਂਕੜੇ ਰੂਟ ਪ੍ਰਭਾਵਿਤ ਰਹੇ ਹਨ।
ਇਸ ਦੇ ਨਾਲ ਹੀ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਅੰਦਰ ਵਰਕਸ਼ਾਪਾਂ ਅਤੇ ਹੋਰ ਥਾਂਈ ਕੰਮ ਕਰਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਵਿੱਚ ਸ਼ਾਮਲ ਹੋਇਆ ਗਿਆ ਹੈ। ਪਟਿਆਲਾ ਦੇ ਨਵੇਂ ਬੱਸ ਅੱਡੇ ’ਤੇ ਅੱਜ ਵੱਡੀ ਗਿਣਤੀ ਬੱਸਾਂ ਸਾਈਡ ’ਤੇ ਲਾਈਆਂ ਪਈਆਂ ਸਨ ਅਤੇ ਸਫ਼ਰ ਕਰਨ ਵਾਲੀਆਂ ਸਵਾਰੀਆਂ ਨਾਲ ਬੱਸ ਅੱਡਿਆਂ ’ਤੇ ਭੀੜਾਂ ਜੁੜੀਆਂ ਹੋਈਆਂ ਸਨ। ਪੀਆਰਟੀਸੀ ਅੰਦਰ 10 ਫੀਸਦੀ ਦੇ ਕਰੀਬ ਹੀ ਬੱਸਾਂ ਪੱਕੇ ਕਾਮਿਆਂ ਵੱਲੋਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਬੱਸਾਂ ਨਾ ਚੱਲਣ ਕਾਰਨ ਪੀਆਰਟੀਸੀ ਨੂੰ ਅੱਜ ਡੀਜ਼ਲ ਦੀ ਖਪਤ ਦੀ ਵੀ ਬੱਚਤ ਹੋਈ ਹੈ।
PRTC News
ਪੀਆਰਟੀਸੀ ਦੀਆਂ ਬੱਸਾਂ ਅੰਦਰ 80 ਲੱਖ ਤੋਂ ਵੱਧ ਦਾ ਰੋਜ਼ਾਨਾ ਡੀਜ਼ਲ ਪੈਦਾ ਹੈ। ਦੱਸਣਯੋਗ ਹੈ ਕਿ ਪੰਜਾਬ ਅੰਦਰ ਰੋਜ਼ਾਨਾ ਸਵਾ ਕਰੋੜ ਤੱਕ ਬੀਬੀਆਂ ਵੱਲੋਂ ਮੁਫ਼ਤ ਬੱਸ ਸਫ਼ਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਰਕਾਰ ਵੱਲ 600 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਸਮੇਂ ਸਿਰ ਮੁਫ਼ਤ ਬੱਸ ਸਫ਼ਰ ਦੀ ਰਾਸ਼ੀ ਨਾ ਮਿਲਣ ਕਰਕੇ ਪੀਆਰਟੀਸੀ ਦੀ ਹਾਲਤ ਚਿੰਤਾਜਨਕ ਮੋੜ ’ਤੇ ਚੱਲ ਰਹੀ ਹੈ। ਜਥੇਬੰਦੀ ਦੇ ਆਗੂਆਂ ਹਰਕੇਸ਼ ਕੁਮਾਰ ਵਿੱਕੀ, ਸੁਲਤਾਨ ਸਿੰਘ ਅਤੇ ਅਤਿੰਦਰਪਾਲ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਿਸ ਪਾਰਟੀ ਵੱਲੋਂ ਕੱਚੇ ਕਾਮਿਆਂ ਨੂੰ ਪੱਕਾ ਕਰਨ ਸਮੇਤ ਪੰਜਾਬ ਵਿੱਚ ਧਰਨੇ ਨਾ ਲੱਗਣ ਦੀ ਗੱਲ ਆਖੀ ਗਈ ਸੀ, ਉਹ ਸਭ ਝੂਠ ਸਾਬਤ ਹੋਇਆ ਹੈ।
Read Also : Haryana-Punjab Weather News: ਪੰਜਾਬ ਤੇ ਹਰਿਆਣਾ ਦੇ ਲੋਕਾਂ ਲਈ ਜ਼ਰੂਰੀ ਖਬਰ
ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਮੰਤਰੀ ਨਾਲ ਦਰਜ਼ਨ ਤੋਂ ਵੱਧ ਵਾਰ ਜਦੋਂਕਿ ਤਿੰਨ ਵਾਰ ਮੁੱਖ ਮੰਤਰੀ ਨਾਲ ਮੀਟਿੰਗ ਹੋ ਚੁੱਕੀ ਹੈ, ਪਰ ਕੋਈ ਸੁਣਵਾਈ ਨਹੀਂ ਹੋਈ ਹੈ। ਧੜੱਲੇ ਦੇ ਨਾਲ ਹੁਣ ਵੀ ਠੇਕੇਦਾਰ ਬਿਨਾਂ ਐਗਰੀਮੈਂਟ ਦੇ ਕੁਰੱਪਸ਼ਨ ਕਰਕੇ ਆਊਟ ਸੋਰਸ ਭਰਤੀ ਕਰ ਰਹੇ ਹਨ। ਇੱਥੋਂ ਤੱਕ ਕਿ ਕਾਰਪੋਰੇਟ ਘਰਾਣਿਆਂ ਦੀਆਂ ਬੱਸਾਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾ ਰਹੀਆਂ ਹਨ ਅਤੇ ਅਦਾਰੇ ਨੇ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ।
ਆਧਾਰ ਕਾਰਡ ਵਾਲੀਆਂ ਬੀਬੀਆਂ ਨੇ ਪ੍ਰਾਈਵੇਟ ਬੱਸਾਂ ’ਚ ਪਾਇਆ ਪੈਰ
ਇੱਧਰ ਅੱਜ ਬੱਸਾਂ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਬਣੀ ਰਹੀ ਅਤੇ ਆਧਾਰ ਕਾਰਡ ਵਾਲੀਆਂ ਬੀਬੀਆਂ ਨੇ ਅੱਜ ਪ੍ਰਾਈਵੇਟ ਬੱਸਾਂ ’ਚ ਪੈਰ ਪਾਇਆ। ਪ੍ਰਾਈਵੇਟ ਬੱਸਾਂ ਵਾਲਿਆਂ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਕੁਝ ਰਾਹਤ ਮਿਲੀ ਹੈ ਕਿਉਂਕਿ ਪਹਿਲਾਂ ਤਾਂ ਉਹਨਾਂ ਦੀਆਂ ਬੱਸਾਂ ਖਾਲੀ ਹੀ ਤੁਰੀਆਂ ਫਿਰਦੀਆਂ ਸਨ ਕਿਉਂਕਿ ਆਧਾਰ ਕਾਰਡ ਕਾਰਨ ਕੋਈ ਵੀ ਔਰਤ ਇਨ੍ਹਾਂ ਬੱਸਾਂ ਵੱਲ ਮੂੰਹ ਨਹੀਂ ਕਰਦੀ ਸੀ। ਉਨ੍ਹਾਂ ਕਿਹਾ ਕਿ ਇਹ ਹੜਤਾਲ ਜੇਕਰ ਦੋ-ਚਾਰ ਦਿਨ ਜਾਰੀ ਰਹੀ ਤਾਂ ਉਹਨਾਂ ਦੇ ਪਿਛਲੇ ਘਾਟੇ ਵਾਧਿਆਂ ਦੀ ਕੁਝ ਭਰਪਾਈ ਹੋ ਸਕਦੀ ਹੈ।
ਆਪਣੇ ਮੁਲਾਜ਼ਮਾਂ ਲਈ ਲਗਾਤਾਰ ਯਤਨਸ਼ੀਲ: ਚੇਅਰਮੈਨ ਹਡਾਣਾ
ਇੱਧਰ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਦੇ ਦਫਤਰ ਇੱਕ ਜਥੇਬੰਦੀ ਦੀ ਮੀਟਿੰਗ ਹੋਈ ਸੀ, ਜਿਨ੍ਹਾਂ ਦੀਆਂ ਕੁਝ ਮੰਗਾਂ ਸਨ, ਜਿਨ੍ਹਾਂ ਨੂੰ ਮੰਨ ਲਿਆ ਗਿਆ ਹੈ ਇਸ ਤੋਂ ਇਲਾਵਾ ਇੱਕ ਜਥੇਬੰਦੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਪੀਆਰਟੀਸੀ ਆਪਣੇ ਮੁਲਾਜ਼ਮਾਂ ਲਈ ਲਗਾਤਾਰ ਯਤਨਸ਼ੀਲ ਹੈ। ਜਦੋਂ ਉਨ੍ਹਾਂ ਨੂੰ ਪੀਆਰਟੀਸੀ ਦੇ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਪਾਸਾ ਵੱਟ ਲਿਆ।