ਇੰਡੀਅਨ ਆਇਲ ਵੱਲੋਂ ਪੀਆਰਟੀਸੀ ਨਾਲ ਡੀਜ਼ਲ ਕੀਮਤਾਂ ‘ਤੇ ਸਮਝੌਤਾ | PRTC
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲਗਾਤਾਰ ਵੱਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪੀਆਰਟੀਸੀ ਵੱਲੋਂ ਸਰਕਾਰ ਨੂੰ 6 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਉਣ ਦੀ ਮੰਗ ਕੀਤੀ ਹੈ। ਜੇਕਰ ਸਰਕਾਰ ਵੱਲੋਂ ਪੀਆਰਟੀਸੀ ਦੀ ਇਸ ਮੰਗ ਨੂੰ ਮਨਜੂਰ ਕਰ ਲਿਆ ਜਾਂਦਾ ਹੈ, ਤਾਂ ਆਮ ਲੋਕਾਂ ਦੀ ਜੇਬ ‘ਤੇ ਹੋਰ ਭਾਰ ਪਵੇਗਾ। ਉਂਜ ਦੂਜੇ ਬੰਨੇ ਪੀਆਰਟੀਸੀ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅੱਜ ਡੀਜ਼ਲ ਦੀ ਖ਼ਰੀਦ ‘ਤੇ 23 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਹੋਰ ਡਿਸਕਾਊਂਟ ਦੇਣ ਦਾ ਇਕਰਾਰ ਕੀਤਾ ਹੈ ਜਿਸ ਨਾਲ ਪੀਆਰਟੀਸੀ ਨੂੰ ਸਲਾਨਾ 5 ਕਰੋੜ ਦਾ ਫਾਇਦਾ ਹੋਵੇਗਾ। (PRTC)
ਜਾਣਕਾਰੀ ਅਨੁਸਾਰ ਡੀਜ਼ਲ ਦੀਆਂ ਕੀਮਤਾਂ ਦੇ ਰੋਜਾਨਾ ਵੱਧ ਰਹੇ ਰੇਟਾਂ ਨੂੰ ਲੈ ਕੇ ਪੀਆਰਟੀਸੀ ਵੱਲੋਂ ਕਿਰਾਇਆ ਵਧਾਉਣ ਦੀ ਵਿਊਂਤਬੰਦੀ ਉਲੀਕੀ ਗਈ ਹੈ। ਜਿਸ ਸਬੰਧੀ ਪੀਆਰਟੀਸੀ ਵੱਲੋਂ ਸਰਕਾਰ ਨੂੰ ਪ੍ਰਤੀ ਕਿਲੋਮੀਟਰ 6 ਪੈਸੇ ਕਿਰਾਇਆ ਵਧਾਉਣ ਦੀ ਮੰਗ ਕੀਤੀ ਗਈ ਹੈ। ਉਂਜ ਅਜੇ 17 ਫਰਵਰੀ ਨੂੰ ਹੀ ਪੀਆਰਟੀਸੀ ਵੱਲੋਂ 2 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਵਿੱਚ ਵਾਧਾ ਕੀਤਾ ਗਿਆ ਸੀ। ਪੀਆਰਟੀਸੀ ਦਾ ਤਰਕ ਹੈ ਕਿ ਰੋਜਾਨਾ ਵੱਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਅਤੇ ਸਟਰੱਕਰਚ (ਢਾਂਚੇ) ਦੀ ਬਿਹਤਰੀ ਲਈ ਕਿਰਾਏ ਵਿੱਚ ਵਾਧਾ ਕਰਨ ਦੀ ਲੋੜ ਹੈ। (PRTC)
ਇਹ ਵੀ ਪੜ੍ਹੋ : ਦਿਨ ਦਿਹਾੜੇ ਸਰਕਾਰੀ ਹਸਪਤਾਲ ‘ਚੋਂ ਸਕੂਟਰੀ ਚੋਰੀ
ਇਸ ਤੋਂ ਇਲਾਵਾ ਦੂਜੇ ਪਾਸੇ ਪੀਆਰਟੀਸੀ ਵੱਲੋਂ ਇੰਡੀਅਨ ਆਇਲ ਨਾਲ ਕੀਤੇ ਸਮਝੌਤੇ ਤਹਿਤ ਪੀਆਰਟੀਸੀ ਨੂੰ ਹੁਣ 1 ਮਈ 2018 ਤੋਂ 30 ਅਪ੍ਰੈਲ 2023 ਤੱਕ ਡੀਜ਼ਲ ਦੀ ਖ਼ਰੀਦ ‘ਤੇ ਕੁੱਲ 1.55 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਡਿਸਕਾਊਂਟ ਪ੍ਰਾਪਤ ਹੋਵੇਗਾ ਜਿਸ ਨਾਲ ਪੀ.ਆਰ.ਟੀ.ਸੀ. ਨੂੰ 1.39 ਲੱਖ ਰੁਪਏ ਰੋਜ਼ਾਨਾ, 41.70 ਲੱਖ ਰੁਪਏ ਪ੍ਰਤੀ ਮਹੀਨਾ ਅਤੇ 5.00 ਕਰੋੜ ਰੁਪਏ ਸਲਾਨਾ ਦਾ ਵਿੱਤੀ ਲਾਭ ਹੋਵੇਗਾ।
ਪੀਆਰਟੀਸੀ ਦੇ ਐਮਡੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਪੰਜ ਡਿਪੂਆਂ ਨੂੰ ਆਟੋਮਿਸ਼ਨ ਤਹਿਤ ਲਿਆਉਣ ਦਾ ਕੰਮ ਆਈ.ਓ.ਸੀ. ਵੱਲੋਂ 2017-18 ਦੌਰਾਨ ਸ਼ੁਰੂ ਕੀਤਾ ਗਿਆ ਸੀ ਜੋ ਕਿ ਜਲਦੀ ਮੁਕੰਮਲ ਹੋਣ ਜਾ ਰਿਹਾ ਹੈ। ਬਾਕੀ ਚਾਰ ਡਿਪੂਆਂ ਨੂੰ ਆਟੋਮਿਸ਼ਨ ਤਹਿਤ ਲਿਆਉਣ ਦਾ ਕੰਮ ਵੀ ਇਸ ਵਿੱਤੀ ਸਾਲ ਵਿੱਚ ਸ਼ੁਰੂ ਹੋ ਜਾਣ ਦੀ ਉਮੀਦ ਹੈ। ਉਨ੍ਹਾਂ ਕਿਰਾਏ ਵਿੱਚ ਵਾਧੇ ਲਈ ਸਰਕਾਰ ਨੂੰ ਭੇਜੀ ਗਈ ਮੰਗ ਦੀ ਪੁਸਟੀ ਕੀਤੀ ਹੈ।ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਕੇ.ਕੇ.ਸ਼ਰਮਾ ਦੀ ਹਾਜ਼ਰੀ ਵਿੱਚ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਅਤੇ ਆਈ.À.ਸੀ. ਦੇ ਚੀਫ਼ ਡਵੀਜ਼ਨਲ ਇੰਸਟੀਚਿਊਸਨਲ ਬਿਜ਼ਨਸ ਦੇ ਜਨਰਲ ਮੈਨੇਜਰ ਕਪਿਲ ਭੱਟ ਵੱਲੋਂ ਇਕ ਸਮਝੌਤੇ ‘ਤੇ ਹਸਤਾਖ਼ਰ ਕੀਤੇ ਗਏ। (PRTC)