ਪੀਆਰਟੀਸੀ ਵੱਲੋਂ ਦਿੱਲੀ ਜਾਣ ਵਾਲੀਆਂ ਬੱਸਾਂ ਲਈ ਰੇਸਤਰਾਂ ਤੇੇ ਢਾਬੇ ਤੈਅ

PRTC

PRTC ਦੇ ਡਰਾਇਵਰ, ਕੰਡਕਟਰ ਇਨ੍ਹਾਂ ਹੋਟਲਾਂ ਤੋਂ ਬਿਨਾਂ ਨਹੀਂ ਰੋਕ ਸਕਣਗੇ ਕਿਤੇ ਹੋਰ ਬੱਸਾਂ

  • PRTC ਨੂੰ ਪ੍ਰਤੀ ਚੱਕਰ ਇਨ੍ਹਾਂ ਹੋਟਲਾਂ/ਢਾਬਿਆਂ ਤੋਂ ਹੋਵੇਗੀ ਆਮਦਨੀ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ (PRTC) ਵੱਲੋਂ ਦਿੱਲੀ ਅਤੇ ਅੰਬਾਲਾ ਸਾਈਡ ਚੱਲ ਰਹੀਆਂ ਆਪਣੀਆਂ ਬੱਸਾਂ ਲਈ ਸਵਾਰੀਆਂ ਦੇ ਖਾਣ-ਪੀਣ ਲਈ ਹੋਟਲ ਅਤੇ ਢਾਬੇ ਤੈਅ ਕੀਤੇ ਗਏ ਹਨ। ਦਿੱਲੀ ਜਾਣ ਵਾਲੀ ਕਿਸੇ ਵੀ ਬੱਸ ਦਾ ਡਰਾਇਵਰ ਇਨ੍ਹਾਂ ਤੈਅ ਕੀਤੇ ਹੋਟਲਾਂ ਤੋਂ ਬਗੈਰ ਕਿਸੇ ਵੀ ਹੋਟਲ ਜਾਂ ਢਾਬੇ ’ਤੇ ਬੱਸ ਨਹੀਂ ਰੋਕ ਸਕੇਗਾ। ਇਨ੍ਹਾਂ ਹੋਟਲਾਂ ਤੋਂ ਪੀਆਰਟੀਸੀ ਨੂੰ ਹਰ ਗੇੜਾ ਦੀ ਆਮਦਨ ਵੀ ਹਾਸਲ ਹੋਵੇਗੀ।

ਜਾਣਕਾਰੀ ਅਨੁਸਾਰ ਪੀਆਰਟੀਸੀ ਦੀਆਂ ਦਿੱਲੀ ਏਅਰਪੋਰਟ ਵੱਲ ਸਧਾਰਨ, ਐੱਚਵੀਏਸੀ ਅਤੇ ਇੰਟੈਗਰਲ ਕੋਚ ਬੱਸਾਂ ਚੱਲ ਰਹੀਆਂ ਹਨ। ਲੰਮਾ ਸਫ਼ਰ ਹੋਣ ਕਾਰਨ ਸਵਾਰੀਆਂ ਦੀ ਸਹੂਲਤ ਲਈ ਪੀਆਰਟੀਸੀ ਮੈਨੇਜ਼ਮੈਂਟ ਵੱਲੋਂ ਵੱਖ-ਵੱਖ ਹੋਟਲਾਂ ਤੇ ਢਾਬਿਆਂ ਨਾਲ ਇਕਰਾਰਨਾਮਾ ਕੀਤਾ ਗਿਆ ਹੈ, ਜਿਸ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਦੀਆਂ ਬੱਸਾਂ ਉਕਤ ਹੋਟਲਾਂ/ਢਾਬਿਆਂ ’ਤੇ ਹੀ ਰੁਕਣਗੀਆਂ ਤਾ ਜੋਂ ਸਵਾਰੀਆਂ ਖਾਣ-ਪੀਣ ਸਮੇਤ ਹੋਰ ਜ਼ਰੂਰੀ ਸਹੂਲਤਾਂ ਲੈ ਸਕਣ।

ਕਾਲੇਜੀਅਮ : ਕੇਂਦਰ ਖਿਲਾਫ਼ ਸਖ਼ਤ ਹੋਈ Supreme Court

ਇਨ੍ਹਾਂ ਹੋਟਲਾਂ ਵੱਲੋਂ ਪੀਆਰਟੀਸੀ ਨੂੰ ਹਰ ਚੱਕਰ ਪਿੱਛੇ ਪੈਸੇ ਵੀ ਦਿੱਤੇ ਜਾਣਗੇ। ਪੀਆਰਟੀਸੀ ਵੱਲੋਂ ਇਨ੍ਹਾਂ ਸਧਾਰਨ ਬੱਸਾਂ ਲਈ ਜੰਨਤ ਹਵੇਲੀ ਨਾਲ ਇਕਰਾਰਨਾਮਾ ਕੀਤਾ ਗਿਆ ਹੈ ਅਤੇ ਇਹ ਬੱਸਾਂ ਇੱਥੇ ਹੀ ਰੁਕਣਗੀਆਂ ਅਤੇ ਪੀਆਰਟੀਸੀ ਨੂੰ ਇਸ ਹਵੇਲੀ ਵੱਲੋਂ ਹਰ ਚੱਕਰ ਲਈ 100 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਐੱਚਵੀਏਸੀ ਅਤੇ ਇੰਟੈਗਰਲ ਕੋਚ ਬੱਸਾਂ ਲਈ ਈਗਲ ਮੋਟਰ ਰਾਜਪੁਰਾ, 70 ਮਾਈਲ ਸਟੋਨ, ਹਵੇਲੀ ਪਾਣੀਪਤ, ਮੂਰਥਲ ਸਮਾਲਖਾਂ ਤੈਅ ਕੀਤੇ ਗਏ ਹਨ। ਦਿੱਲੀ ਜਾਣ ਵਾਲੀਆਂ ਇਹ ਬੱਸਾਂ ਇਨ੍ਹਾਂ ਹੋਟਲਾਂ ਤੋਂ ਬਗੈਰ ਹੋਰ ਕਿਸੇ ਵੀ ਹੋਟਲ ਜਾਂ ਰੇਸਤਰਾਂ ’ਤੇ ਨਹੀਂ ਰੁਕਣਗੀਆਂ।

ਇਹ ਹੋਟਲ ਐੱਚਵੀਏਸੀ ਬੱਸ ਦੇ ਪਰ ਚੱਕਰ ਲਈ 160 ਰੁਪਏ ਜਦੋਂ ਕਿ ਇੰਟੈਗਰਲ ਕੋਚ ਬੱਸ ਦੇ ਪਰ ਚੱਕਰ ਲਈ 225 ਰੁਪਏ ਪੀਆਰਟੀਸੀ ਨੂੰ ਦੇਣਗੇ। ਉਂਜ ਪਹਿਲਾਂ ਡਰਾਇਵਰ ਕੰਡਕਟਰ ਆਪਣੀ ਮਰਜ਼ੀ ਅਨੁਸਾਰ ਹੀ ਵੱਖ-ਵੱਖ ਢਾਬਿਆਂ ’ਤੇ ਬੱਸਾਂ ਰੋਕਦੇ ਸਨ, ਪਰ ਪੀਆਰਟੀਸੀ ਵੱਲੋਂ ਟੈਂਡਰ ਕੱਢਣ ਤੋਂ ਬਾਅਦ ਉਕਤ ਰੇਸਤਰਾਂ ਤੇ ਢਾਬੇ ਤੈਅ ਕੀਤੇ ਗਏ ਹਨ। ਇਨ੍ਹਾਂ ਰੇਸਤਰਾਂ, ਢਾਬਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਰੋਜ਼ਾਨਾ ਮੇਨਟੇਨ ਕੀਤੇ ਜਾਂਦੇ ਰਜਿਸਟਰ ਵਿੱਚ ਡਰਾਇਵਰ, ਕੰਡਕਟਰ ਦਾ ਸਾਰਾ ਵੇਰਵਾ ਇੰਦਰਾਜ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਹਰ ਮਹੀਨੇ ਬਣਦੀ ਗੇੜਿਆਂ ਦੀ ਰਕਮ 7 ਤਾਰੀਖ ਤੋਂ ਪਹਿਲਾਂ ਪੀਆਰਟੀਸੀ ਦੇ ਮੁੱਖ ਦਫ਼ਤਰ ਜਮ੍ਹਾਂ ਕਰਵਾਈ ਜਾਵੇ। ਇੱਧਰ ਜਥੇਬੰਦੀਆਂ ਦਾ ਆਖਣਾ ਹੈ ਕਿ ਪੀਆਰਟੀਸੀ ਵੱਲੋਂ ਜੋ ਪੈਸੇ ਵਸੂਲੇ ਜਾਣਗੇ, ਇਸ ਦਾ ਭਾਰ ਰੇਸਤਰਾਂ ਵਾਲੇ ਸਵਾਰੀਆਂ ’ਤੇ ਹੀ ਪਾਉਣਗੇ।

ਡਰਾਇਵਰ/ਕੰਡਕਟਰ ਨੂੰ ਹੋਵੇਗਾ ਜ਼ੁਰਮਾਨਾ

ਪੀਆਰਟੀਸੀ ਵੱਲੋਂ ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਕੰਡਕਟਰ, ਡਰਾਇਵਰ ਬੱਸ ਨੂੰ ਇਨ੍ਹਾਂ ਹੋਟਲਾਂ ਤੇ ਢਾਬਿਆਂ ਤੋਂ ਬਿਨਾਂ ਕਿਸੇ ਹੋਰ ਥਾਂ ’ਤੇ ਰੋਕੇਗਾ ਤਾਂ ਪਹਿਲੀ ਵਾਰ 100 ਗੁਣਾ ਜ਼ੁਰਮਾਨਾ ਕੀਤਾ ਜਾਵੇਗਾ। ਜੇਕਰ ਫਿਰ ਅਜਿਹੀ ਗਲਤੀ ਕੀਤੀ ਗਈ ਤਾਂ ਉਸ ਖਿਲਾਫ਼ ਬਣਦੀ ਮਹਿਕਮਾ ਕਰਵਾਈ ਕੀਤੀ ਜਾਵੇਗੀ। ਡਰਾਇਵਰਾਂ, ਕੰਡਕਟਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਹੋਟਲਾਂ ਦੇ ਰੋਜਾਨਾ ਮੇਨਟੇਨ ਕੀਤੇ ਜਾਂਦੇ ਰਜਿਸਟਰ ਤੇ ਇੰਦਰਾਜ਼ ਕਰਨਾ ਯਕੀਨੀ ਬਣਾਉਣ।

ਸਵਾਰੀਆਂ ਦੀ ਸਹੂਲਤ ਲਈ ਚੁੱਕਿਆ ਕਦਮ: ਰਣਜੋਧ ਸਿੰਘ ਹਡਾਣਾ

ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਕਹਿਣਾ ਹੈ ਕਿ ਇਹ ਸਭ ਸਵਾਰੀਆਂ ਦੀ ਸਹੂਲਤ ਲਈ ਹੀ ਤੈਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅਜਿਹੇ ਢਾਬਿਆਂ ’ਤੇ ਬੱਸਾਂ ਰੋਕੀਆਂ ਜਾ ਰਹੀਆਂ ਸਨ, ਜਿਨ੍ਹਾਂ ਦਾ ਕੋਈ ਨਾਂਅ ਹੀ ਨਹੀਂ ਹੁੰਦਾ ਸੀ ਅਤੇ ਖਾਣ-ਪੀਣ ਵੀ ਚੰਗਾ ਨਹੀਂ ਸੀ। ਇਸ ਤੋਂ ਬਾਅਦ ਪੀਆਰਟੀਸੀ ਵੱਲੋਂ ਬਕਾਇਦਾ ਟੈਂਡਰ ਕੱਢ ਕੇ ਅਤੇ ਇਨ੍ਹਾਂ ਢਾਬਿਆਂ ਦਾ ਖਾਣ-ਪੀਣ ਚੈੱਕ ਕਰਨ ਤੋਂ ਬਾਅਦ ਚੋਣ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਹੋਟਲਾਂ ਪ੍ਰਤੀ ਵੀ ਖਾਣ-ਪੀਣ ਸਬੰਧੀ ਕੋਈ ਸ਼ਿਕਾਇਤ ਮਿਲੇਗੀ ਤਾਂ ਸਾਡੇ ਵੱਲੋਂ ਐਕਸ਼ਨ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੂਜਾ ਪੀਆਰਟੀਸੀ ਨੂੰ ਹਰ ਮਹੀਨੇ ਚਾਰ-ਪੰਜ ਲੱਖ ਰੁਪਏ ਦੀ ਆਮਦਨ ਵੀ ਵਧੇਗੀ।