ਪ੍ਰਸ਼ਾਸ਼ਨ ਨੇ ਮੰਗਾਂ ਸਬੰਧੀ ਲਿਆ ਮੰਗਾ, ਜਲਦ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਪਟਿਆਲਾ ਦੇ ਸੱਦੇ ਤੇ ਪੀ ਆਰ ਟੀ ਸੀ ਦੇ ਸੈਕੜੇ ਕਰਮਚਾਰੀਆਂ ਵੱਲੋਂ ਬਸ ਸਟੈਂਡ ਦੇ ਨੇੜੇ ਰੋਹ ਭਰਪੂਰ ਰੈਲੀ ਕੀਤੀ ਗਈ ਅਤੇ ਆਪਣੀਆਂ ਮੰਗਾਂ ਨੂੰ ਪੰਜਾਬ ਸਰਕਾਰ ਦਾ ਜੰਮ ਕੇ ਪਿੱਟ ਸਿਆਪਾ ਕੀਤਾ। ਇਸ ਤੋਂ ਇਨ੍ਹਾਂ ਕਰਚਮਾਰੀਆਂ ਵੱਲੋਂ ਮੁੱਖ ਮੰਤਰੀ ਦੇ ਮੋਤੀ ਮਹਿਲਾ ਵੱਲ ਚਾਲੇ ਪਾ ਦਿੱਤੇ ਜਿੱਥੇ ਭਾਰੀ ਪੁਲਿਸ ਫੋਰਸ ਨੇ ਇਨ੍ਹਾਂ ਨੂੰ ਰਸਤੇ ਵਿੱਚ ਰੋਕਦਿਆ ਇਨ੍ਹਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਪ੍ਰਸ਼ਾਸ਼ਨ ਵੱਲੋਂ ਲਿਆ ਗਿਆ ਅਤੇ ਜਲਦ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ।
ਇਸ ਰੈਲੀ ਅਗਵਾਈ ਕਰਦਿਆਂ ਐਕਸ਼ਨ ਕਮੇਟੀ ਵੱਲੋਂ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਮੈਂਬਰਾਨ ਜਰਨੈਲ ਸਿੰਘ, ਸੋਹਣ ਲਾਲ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਕਿਹਾ ਕਿ ਪੀ ਆਰ ਟੀ ਸੀ ਦੀ ਮੈਨੇਜਮੈਂਟ ਵੱਲੋਂ ਜਨਰਲ ਮੈਨੇਜਰ (ਪ੍ਰਬੰਧ) ਵੱਲੋਂ ਆ ਕੇ ਮੰਗ ਪੱਤਰ ਵਸੂਲ ਕੀਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਮੰਗ ਪੱਤਰ ਦੇ ਸਬੰਧ ਵਿੱਚ ਮੈਨੇਜਿੰਗ ਡਾਇਰੈਕਟਰ ਪੀ ਆਰ ਟੀ ਸੀ 12 ਅਕਤੂਬਰ ਨੂੰ ਐਕਸ਼ਨ ਕਮੇਟੀ ਦੇ ਨੁਮਾਇੰਦਿਆ ਨਾਲ ਵਿਸਥਾਰ ਵਿੱਚ ਚਰਚਾ ਕਰਕੇ ਮਸਲੇ ਹੱਲ ਕਰਨਗੇ।
ਐਕਸ਼ਨ ਕਮੇਟੀ ਵੱਲੋਂ ਐਜੀਟੇਸ਼ਨ ਦੇ ਅਗਲੇ ਪੜਾਅ ਦਾ ਐਲਾਨ ਕਰਦਿਆ ਦੱਸਿਆ ਗਿਆ ਕਿ ਜੇਕਰ ਵਰਕਰਾਂ ਦੀਆਂ ਮੰਗਾਂ ਦਾ ਸਹੀ ਸਹੀ ਨਿਪਟਾਰਾ ਨਾ ਕੀਤਾ ਗਿਆ ਤਾਂ 20 ਅਕਤੂਬਰ ਨੂੰ ਸਾਰੇ ਡਿਪੂਆਂ ਦੇ ਗੇਟਾਂ ਤੇ ਧਰਨੇ ਦਿੱਤੇ ਜਾਣਗੇ ਅਤੇ 3 ਨਵੰਬਰ ਤੋਂ ਮੁੱਖ ਦਫਤਰ ਪੀ ਆਰ ਟੀ ਸੀ ਪਟਿਆਲਾ ਦੇ ਸਾਹਮਣੇ ਲਗਾਤਾਰ ਪੱਕਾ ਮੋਰਚਾ ਲਾਇਆ ਜਾਵੇਗਾ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵ ਜਰਨੈਲ ਸਿੰਘ, ਸੋਹਨ ਲਾਲ, ਇੰਦਰਪਾਲ, ਮੁਹੰਮਦ ਖਲੀਲ ਨੇ ਕਿਹਾ ਕਿ ਪੀ ਆਰ ਟੀ ਸੀ ਦੀ ਮੈਨੇਜਮੈਂਟ, ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮਨਿਸਟਰ ਨੂੰ ਤਿੰਨ ਮਹੀਨੇ ਪਹਿਲਾਂ ਦਿੱਤੇ ਗਏ ਮੰਗ ਪੱਤਰਾਂ ਦੇ ਬਾਵਜ਼ੂਦ ਐਕਸ਼ਨ ਕਮੇਟੀ ਨਾਲ ਵਰਕਰਾਂ ਦੀਆਂ ਮੰਗਾਂ ਸਬੰਧੀ ਕੋਈ ਗੱਲਬਾਤ ਦਾ ਰਸਤਾ ਅਖਤਿਆਰ ਨਹੀਂ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਵਰਕਰਾਂ ਵਿੱਚ ਮੈਨੇਜਮੈਂਟ ਪ੍ਰਤੀ ਅਤੇ ਸਰਕਾਰ ਪ੍ਰਤੀ ਰੋਸ ਦੀ ਭਾਵਨਾ ਵਧੀ ਹੈ। ਆਗੂਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆ ਪੀ ਆਰ ਟੀ ਸੀ ਨੂੰ ਲਗਭਗ 200 ਕਰੋੜ ਰੁਪਏ ਦਾ ਘਾਟਾ ਪੈ ਚੁੱਕਾ ਹੈ।
ਪਰ ਪੰਜਾਬ ਸਰਕਾਰ ਨੇ ਇਸ ਘਾਟੇ ਦੀ ਭਰਪਾਈ ਕਰਨ ਲਈ ਪੀ ਆਰ ਟੀ ਸੀ ਦੀ ਕੋਈ ਵਿੱਤੀ ਮਦਦ ਨਹੀਂ ਕੀਤੀ। ਜਿਸ ਦਾ ਸਿੱਟਾ ਹੈ ਕਿ ਵਰਕਰਾਂ ਨੂੰ ਤਨਖਾਹ ਅਤੇ ਪੈਨਸ਼ਨ ਸਮੇਂ ਸਿਰ ਨਹੀਂ ਮਿਲ ਰਹੀ, ਸੇਵਾ ਮੁਕਤੀ ਬਕਾਏ ਅਤੇ ਵਰਕਰਾਂ ਦੇ ਹੋਰ ਬਕਾਏ 70 ਕਰੋੜ ਰੁਪਏ ਪੈਂਡਿੰਗ ਪੈ ਚੁੱਕੇ ਹਨ, ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਉਲਟਾ ਉਨ੍ਹਾਂ ਦੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਵਰਕਰਾਂ ਨੂੰ ਪੈਨਸ਼ਨ ਸਕੀਮ ਦੇ ਘੇਰੇ ਵਿੱਚ ਨਹੀਂ ਲਿਆਦਾ ਜਾ ਰਿਹਾ। ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ ਪਨਬਸ ਦੀ ਤਰ੍ਹਾਂ 2500 ਰੁਪਏ ਦਾ ਵਾਧਾ ਨਹੀਂ ਕੀਤਾ ਜਾ ਰਿਹਾ, ਵਰਕਰਾਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ,
ਅਦਾਲਤੀ ਫੈਸਲੇ ਲਾਗੂ ਨਹੀਂ ਕੀਤੇ ਜਾਂਦੇ, ਵਰਕਰਾਂ ਨਾਲ ਵਿਤਕਰੇਬਾਜੀ ਵਧਦੀ ਜਾ ਰਹੀ ਹੈ। ਅਦਾਲਤ ਵਿੱਚੋਂ ਰੈਗੂਲਰ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਦਾ ਅਜੇ ਤੱਕ ਮੈਂਬਰ ਨਹੀਂ ਬਣਾਇਆ ਗਿਆ। ਪੰਜਾਬ ਰੋਡਵੇਜ ਅਤੇ ਪਨਬਸ ਦਾ ਪੀ ਆਰ ਟੀ ਸੀ ਵਿੱਚ ਰਲੇਵਾ ਕਰਨ ਦੀਆਂ ਗੋਦਾਂ ਗੁੰਦੀਆਂ ਜਾ ਰਹੀਆਂ ਹਨ ਆਦਿ 23 ਮੰਗਾਂ ਦਾ ਮੰਗ ਪੱਤਰ ਬੜਾ ਹੀ ਵਾਜਬ ਅਤੇ ਕਾਨੂੰਨੀ ਮੰਗਾਂ ਵਾਲਾ ਮੰਗ ਪੱਤਰ ਹੈ। ਜਿਨ੍ਹਾਂ ਨੂੰ ਲੈ ਕੇ ਪੀ ਆਰ ਟੀ ਸੀ ਦੇ ਕਰਮਚਾਰੀ ਐਜੀਟੇਸ਼ਨ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਏ ਹਨ। ਜਿਹੜੇ ਹੋਰ ਆਗੂਆਂ ਨੇ ਅੱਜ ਦੀ ਰੈਲੀ ਵਿੱਚ ਸਿਰਕਤ ਕੀਤੀ ਉਨ੍ਹਾਂ ਵਿੱਚ ਸੁਖਦੇਵ ਰਾਮ ਸੁੱਖੀ, ਉਤਮ ਸਿੰਘ ਬਾਗੜੀ, ਸੁੱਚਾ ਸਿੰਘ, ਸਰਬਜੀਤ ਸਿੰਘ, ਤਰਲੋਚਨ ਸਿੰਘ ਲਿਬੜਾ, ਨਸੀਬ ਚੰਦ, ਸੁਰਿੰਦਰ ਕੁਮਾਰ, ਗੁਰਜੰਟ ਸਿੰਘ, ਗੁਰਵਿੰਦਰ ਸਿੰਘ ਗੋਲਡੀ ਆਦਿ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.