ਰਾਤ 11 ਵਜੇ ਲੰਮੇ ਰੂਟਾਂ ਲਈ ਸਵਾਰੀਆਂ ਚੁੱਕ ਰਹੀਆਂ ਦੋ ਬੱਸਾਂ ਨੂੰ ਕੀਤਾ ਕਾਬੂ
ਬਿਨਾਂ ਪਰਮਿਟਾਂ ਤੋਂ ਚੱਲ ਰਹੀਆਂ ਬੱਸਾਂ ਨੂੰ ਸੜਕਾਂ ਤੇ ਉੱਤਰਨ ਦੀ ਇਜ਼ਾਜਤ ਨਹੀਂ-ਹਡਾਣਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਪੀਆਰਟੀਸੀ ਨੂੰ ਚੂਨਾ ਲਗਾਉਣ ਵਾਲੀਆਂ ਚੋਰ ਮੋਰੀਆਂ ਰਾਹੀਂ ਚੱਲ ਰਹੀਆਂ ਨਜਾਇਜ਼ ਬੱਸਾਂ ਵਾਲਿਆਂ ਖਿਲਾਫ਼ ਸਿਕੰਜ਼ਾ ਕੱਸਿਆ ਹੋਇਆ ਹੈ। ਅਜਿਹੀਆਂ ਨਜਾਇਜ਼ ਬੱਸਾਂ ਵਾਲਿਆਂ ਵਿਰੁੱਧ ਉਹ ਅੱਧੀ ਰਾਤਾਂ ਨੂੰ ਸੜਕਾਂ ’ਤੇ ਉੱਤਰ ਕੇ ਉਨ੍ਹਾਂ ਨੂੰ ਮੋਟੇ ਜੁਰਮਾਨੇ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਕਰਵਾ ਰਹੇ ਹਨ। ਇਸੇ ਤਹਿਤ ਹੀ ਲੰਘੀ ਰਾਤ 11 ਵਜੇਂ ਉਨ੍ਹਾਂ ਵੱਲੋਂ ਟਰੈਪ ਲਗਾਕੇ ਦੋਂ ਅਜਿਹੀਆਂ ਬੱਸਾਂ ਨੂੰ ਕਾਬੂ ਕੀਤਾ ਜੋਂ ਕਿ ਲੰਮੇ ਰੂਟਾਂ ਨੂੰ ਸਵਾਰੀਆਂ ਚੁੱਕ ਰਹੇ ਸਨ। (Illegal Buses)
ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਪਟਿਆਲਾ ਦੇ ਜੀ ਐਮ ਅਮਨਵੀਰ ਸਿੰਘ ਟਿਵਾਣਾ ਦੀ ਅਗਵਾਈ ਵਿੱਚ ਟੀਮ ਵੱਲੋਂ ਦੋ ਵੱਖ-ਵੱਖ ਕੰਪਨੀਆਂ ਦੀਆਂ ਬੱਸਾਂ ਜਿੰਨਾਂ ਵਿੱਚੋਂ ਇੱਕ ਚੰਡੀਗੜ੍ਹ ਤੋਂ ਬੀਕਾਨੇਰ ਅਤੇ ਇੱਕ ਚੰਡੀਗੜ੍ਹ ਤੋਂ ਜੈਪੁਰ ਨੂੰ ਜਾ ਰਹੀ ਸੀ, ਨੂੰ ਪਟਿਆਲਾ ਦੀ ਸਮਾਣਾ ਚੁੰਗੀ ਵਿਖੇ ਟਰੈਪ ਲਗਾ ਕੇ ਕਾਬੂ ਕੀਤਾ ਗਿਆ। ਜਦੋਂ ਇਨ੍ਹਾਂ ਬੱਸਾਂ ਵਾਲਿਆਂ ਤੋਂ ਕਾਗਜ਼ਾਤ ਮੰਗੇ ਤਾ ਇਨ੍ਹਾਂ ਕੋਲ ਪੂਰੇ ਕਾਗਜ਼ ਅਤੇ ਪਰਮਿਟ ਨਾ ਹੋਣ ’ਤੇ ਇਨ੍ਹਾਂ ਨੂੰ ਮੋਟਾ ਜੁਰਮਾਨਾ ਕੀਤਾ ਗਿਆ।
ਇਹ ਵੀ ਪੜ੍ਹੋ : ਸਕੂਟਰੀ ਦੀ ਡਿੱਗੀ ’ਚੋਂ ਚੋਰੀ 4 ਲੱਖ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਇਆ
ਇਸ ਸਬੰਧੀ ਚੇਅਰਮੈਨ ਹਡਾਣਾ ਨੇ ਦੱਸਿਆ ਕਿ ਹੁਣ ਪੀਆਰਟੀਸੀ ਵੱਲੋਂ ਕੁਝ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਟੀਮਾਂ ਪੰਜਾਬ ਸਰਕਾਰ ਨੂੰ ਚੂਨਾ ਲਗਾ ਕੇ ਧਨਾਢ ਬਣ ਚੁੱਕੇ ਪ੍ਰਾਈਵੇਟ ਟਰਾਂਸਪੋਟਰਾਂ ਦੀ ਧੱਕੇਸ਼ਾਹੀ ਨੂੰ ਨੱਥ ਪਾਉਣਗੇ। ਉਨਾਂ ਕਿਹਾ ਕਿ ਨਜਾਇਜ਼ ਚੱਲਣ ਵਾਲੀਆਂ ਬੱਸਾਂ ਅਦਾਰੇ ਲਈ ਸਿਰ ਦਰਦ ਬਣ ਰਹੀਆਂ ਸਨ। ਉਨਾਂ ਕਿਹਾ ਕਿ ਅਕਸਰ ਫੜੀਆਂ ਜਾ ਰਹੀਆਂ ਬੱਸਾਂ ਕੋਲ ਟੂਰਿਸਟ ਪਰਮਿਟ ਹੁੰਦਾ ਹੈ ਪਰ ਇਹ ਬੱਸਾਂ ਆਨਲਾਈਨ ਬੁਕਿੰਗ ਕਰ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚੋਂ ਸਵਾਰੀਆਂ ਨੂੰ ਅਲੱਗ-ਅਲੱਗ ਥਾਂਵਾਂ ’ਤੇ ਪਹੁੰਚਾਉਂਦੇ ਹਨ। ਇਸ ਤੋਂ ਇਲਾਵਾ ਇਹ ਬੱਸਾਂ ਕਾਫੀ ਵੱਡੀ ਤਾਦਾਦ ਵਿੱਚ ਸਾਮਾਨ ਦੀ ਢੋਆਂ ਢੋਆਈ ਵੀ ਕਰਦੀਆਂ ਹਨ। ਜਿਸ ਕਾਰਨ ਸਰਕਾਰੀ ਟਰਾਂਸਪੋਰਟ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। (Illegal Buses)
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਹੀ ਪੀਆਰਟੀਸੀ ਦੇ ਚੇਅਰਮੈਨ ਵੱਲੋਂ 20 ਨਜਾਇਜ਼ ਤੌਰ ’ਤੇ ਚੱਲ ਰਹੀਆਂ ਬੱਸਾਂ ਨੂੰ ਮੋਟੇ ਜ਼ੁਰਮਾਨੇ ਕਰਵਾਕੇ ਬੰਦ ਕੀਤਾ ਗਿਆ ਹੈ। ਰਾਤ ਨੂੰ ਕਾਰਵਾਈ ਕਰਨ ਵਾਲੀ ਟੀਮ ਵਿੱਚ ਚੀਫ ਇੰਸਪੈਕਟਰ ਕਰਮਚੰਦ, ਚੀਫ ਇੰਸਪੈਕਟਰ ਮਨੋਜ ਕੁਮਾਰ, ਇੰਸਪੈਕਟਰ ਅਮਨਦੀਪ ਸਿੰਘ, ਸਬ ਇੰਸਪੈਕਟਰ ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ,ਅਮਰਦੀਪ ਸਿੰਘ ਮੌਜੂਦ ਸਨ।
ਨਜਾਇਜ਼ ਬੱਸਾਂ ਖਿਲਾਫ਼ ਮੁਹਿੰਮ ਰਹੇਗੀ ਜਾਰੀ-ਹਡਾਣਾ (Illegal Buses)
ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪਿਛਲੇ 6 ਤੋਂ 7 ਮਹੀਨਿਆਂ ਦੌਰਾਨ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਚੱਲ ਰਹੀ ਧੱਕੇਸ਼ਾਹੀ ਨੂੰ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਰੂਟਾਂ ’ਤੇ ਚੱਲ ਰਹੀਆਂ ਨਜਾਇਜ਼ ਵਿਰੁੱਧ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਨਜਾਇਜ਼ ਟਰਾਸਪੋਰਟਰ ਨੂੰ ਬਖਸਿਆ ਨਹੀਂ ਜਾਵੇਗਾ।