ਵਾਅਦਿਆਂ ਵੱਲ ਖ਼ਿਆਲ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ’ (Old Pension)
- ਗੁਰਜੰਟ ਸਿੰਘ ਕੋਕਰੀ ਸੂਬਾਈ ਕਨਵੀਨਰ , ਰਣਦੀਪ ਸਿੰਘ ਤੇ ਟਹਿਲ ਸਿੰਘ ਸਰਾਭਾ ਕੋ ਕਨਵੀਨਰ , ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਮੀਡੀਆ ਇੰਚਾਰਜ ਦੀ ਅਗਵਾਈ ਹੇਠ 31 ਮੈਂਬਰੀ ਕਮੇਟੀ ਦਾ ਗਠਨ
- 14 ਮਈ ਤੋੰ 4 ਜੂਨ ਤੱਕ ਅੰਮ੍ਰਿਤਸਰ, ਸੰਗਰੂਰ , ਜਲੰਧਰ ਤੇ ਫਰੀਦਕੋਟ ਵਿਖੇ ਚਾਰ ਜ਼ੋਨਲ ਕਨਵੈਨਸ਼ਨਾਂ ਕਰਨ ਦਾ ਫ਼ੈਸਲਾ
ਮੋਗਾ , (ਸੁਭਾਸ਼ ਸ਼ਰਮਾ)। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਬੋਰਡਾਂ ਅਧੀਨ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨਾਲ ਹੁਕਮਰਾਨ ਸਰਕਾਰਾਂ ਕਾਂਗਰਸ ਪਾਰਟੀ ਤੇ ਅਕਾਲੀ-ਭਾਜਪਾ ਗੱਠਜੋੜ ਨੇ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਲਾਗੂ ਕਰਕੇ ਨੌਜਵਾਨ ਪੀੜ੍ਹੀ ਦਾ ਵੱਡੇ ਪੱਧਰ ’ਤੇ ਆਰਥਿਕ ਸ਼ੋਸ਼ਣ ਕੀਤਾ ਹੈ । ਹੁਣ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਹੋਂਦ ਵਿੱਚ ਆਈ ਸਰਕਾਰ ਨੇ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਮੁਲਾਜ਼ਮਾਂ ਲਈ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਰੱਦ ਕਰਕੇ ‘ ਪੁਰਾਣੀ ਪੈਨਸ਼ਨ ਸਕੀਮ ‘ ਲਾਗੂ ਕਰਨ ਦਾ ਚੋਣ ਵਾਅਦਾ ਕੀਤਾ ਸੀ ।
ਅੱਜ ਪੰਜਾਬ ਦੇ ਮੁਲਾਜ਼ਮਾਂ ਵੱਲੋਂ ‘ ਵਾਅਦਿਆਂ ਵੱਲ ਖਿਆਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ‘ ਦੇ ਨਾਅਰੇ ਨੂੰ ਬੁਲੰਦ ਕਰਦੇ ਹੋਏ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਵਿਖੇ ਸੂਬਾ ਪੱਧਰ ਦੀ ਕਨਵੈਨਸ਼ਨ ਕੀਤੀ ਗਈ । ਇਸ ਕਨਵੈਨਸ਼ਨ ਵਿੱਚ ਸਿੱਖਿਆ ਵਿਭਾਗ , ਸਿਹਤ ਵਿਭਾਗ , ਦਰਜਾ ਚਾਰ ਕਾਮੇ , ਪੀ.ਡਬਲਯੂ. ਡੀ. ਵਿਭਾਗ , ਪੰਜਾਬ ਰੋਡਵੇਜ਼ , ਪੰਜਾਬ ਰਾਜ ਬਿਜਲੀ ਬੋਰਡ ਤੇ ਪੀ.ਆਰ.ਟੀ.ਸੀ. ਕਾਮਿਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ।
ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਚਰਨ ਸਿੰਘ ਸਰਾਭਾ , ਦਰਸ਼ਨ ਸਿੰਘ ਲੁਬਾਣਾ ,ਰਣਜੀਤ ਸਿੰਘ ਰਾਣਵਾਂ , ਬਲਕਾਰ ਵਲਟੋਹਾ , ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਤੋੰ ਇਲਾਵਾ ਸਿੱਖਿਆ ਵਿਭਾਗ ਦੇ ਟਹਿਲ ਸਿੰਘ ਸਰਾਭਾ , ਸਿਹਤ ਵਿਭਾਗ ਦੇ ਰਣਦੀਪ ਫਤਹਿਗਡ਼੍ਹ ਸਾਹਿਬ, ਦਰਜਾ ਚਾਰ ਆਗੂ ਦਰਸ਼ੀ ਕਾਂਤ , ਬਿਜਲੀ ਬੋਰਡ ਦੇ ਤਰਸੇਮ ਸਿੰਘ , ਪੀ. ਡਬਲਯੂ. ਡੀ. ਵਿਭਾਗ ਦੇ ਗੁਰਜੀਤ ਸਿੰਘ , ਪੂੀ.ਆਰ ਟੀ ਸੀ ਦੇ ਹਰਪ੍ਰੀਤ ਸਿੰਘ ਅਤੇ ਪੰਜਾਬ ਰੋਡਵੇਜ਼ ਦੇ ਗੁਰਜੰਟ ਸਿੰਘ ਕੋਕਰੀ ਨੇ ਭਾਗ ਲਿਆ ।
ਕਨਵੈਨਸ਼ਨ ਦੌਰਾਨ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀ ਮੁ੍ੱਖ ਮੰਗ ਦੀ ਪ੍ਰਾਪਤੀ ਲਈ ‘ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ’ ਦੀ ਅਗਵਾਈ ਹੇਠ ਜੱਥੇਬੰਦੀ ਦੀ ਸਥਾਪਨਾ ਕੀਤੀ ਗਈ। ਇਸ ਮੋਰਚੇ ਦੇ ਸੂਬਾਈ ਕਨਵੀਨਰ ਦੀ ਜ਼ਿੰਮੇਵਾਰੀ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੇ ਆਗੂ ਗੁਰਜੰਟ ਸਿੰਘ ਕੋਕਰੀ, ਕੋ-ਕਨਵੀਨਰ ਦੀ ਜ਼ਿੰਮੇਵਾਰੀ ਰਣਦੀਪ ਫਤਹਿਗਡ਼੍ਹ ਸਾਹਿਬ ਅਤੇ ਅਧਿਆਪਕ ਆਗੂ ਟਹਿਲ ਸਿੰਘ ਸਰਾਭਾ ਅਤੇ ਮੀਡੀਆ ਇੰਚਾਰਜ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਸੌੰਪਦੇ ਹੋਏ 31 ਮੈੰਬਰੀ ਸੂਬਾ ਕਮੇਟੀ ਦੀ ਵੀ ਚੋਣ ਕੀਤੀ ਗਈ।
-
3 ਮਈ ਨੂੰ ਧੂਰੀ ਵਿਖੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਸਮੂਹਿਕ ਵਫ਼ਦ ਮਿਲ ਕੇ ਚੋਣ ਵਾਅਦਾ ਪੂਰਾ ਕਰਨ ਦੀ ਕਰੇਗਾ ਮੰਗ
ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮਿਤੀ 14 ਮਈ ਨੂੰ ਅੰਮ੍ਰਿਤਸਰ , 21 ਮਈ ਨੂੰ ਸੰਗਰੂਰ , 28 ਮਈ ਨੂੰ ਜਲੰਧਰ ਅਤੇ 3 ਜੂਨ ਨੂੰ ਫਰੀਦਕੋਟ ਵਿਖੇ ਜ਼ੋਨਲ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਪਹਿਲਾਂ 3 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕਾ ਧੂਰੀ ਵਿਖੇ ਸਮੂਹਿਕ ਵਫ਼ਦ ਦੇ ਰੂਪ ਵਿੱਚ ਮੰਗ ਪੱਤਰ ਦਿੱਤਾ ਜਾਵੇਗਾ । ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਐਲਾਨ ਅਮਲ ਵਿਚ ਲਿਆਂਦਾ ਜਾਵੇ ।
ਕਨਵੈਨਸ਼ਨ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਆਗੂਆਂ ਤੋਂ ਇਲਾਵਾ ਅਧਿਆਪਕ ਆਗੂ ਗੁਰਪ੍ਰੀਤ ਸਿੰਘ ਮਾੜੀਮੇਘਾ ,ਟਹਿਲ ਸਿੰਘ ਸਰਾਭਾ ਤੇ ਕਈ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਪਿਛਲੀਆਂ ਹੁਕਮਰਾਨ ਸਰਕਾਰਾਂ ਨੇ ਸੰਸਾਰ ਬੈਂਕ ਦੇ ਦਬਾਅ ਹੇਠ ਪੁਰਾਣੀ ਪੈਨਸ਼ਨ ਸਕੀਮ ਨੂੰ ਖਤਮ ਕਰਕੇ , ਠੇਕੇ ਅਤੇ ਆਊਟਸੋਰਸਿੰਗ ਦੇ ਆਧਾਰ ਤੇ ਘੱਟ ਤਨਖ਼ਾਹਾਂ ਦਿੰਦੇ ਹੋਏ ਭਰਤੀਆਂ ਕਰਕੇ ਨੌਜਵਾਨ ਪੀੜ੍ਹੀ ਦਾ ਵੱਡੇ ਪੱਧਰ ’ਤੇ ਆਰਥਿਕ ਸ਼ੋਸ਼ਣ ਕੀਤਾ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਕੂਚ ਕਰਨ ਲਈ ਮਜਬੂਰ ਕਰਨ ਵਾਸਤੇ ਸਾਡੇ ਦੇਸ਼ ਅਤੇ ਪੰਜਾਬ ਰਾਜ ਵਿਚ ਕਾਬਜ਼ ਰਾਜਨੀਤਕ ਪਾਰਟੀਆਂ ਦੇ ਮੁੱਖ ਆਗੂ ਜ਼ਿੰਮੇਵਾਰ ਹਨ । ਇਸ ਮੌਕੇ’ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਪ੍ਰਵੀਨ ਕੁਮਾਰ ਲੁਧਿਆਣਾ , ਨਵੀਨ ਸੱਚਦੇਵਾ , ਕਾਰਜ ਸਿੰਘ ਕੈਰੋਂ , ਬਾਜ ਸਿੰਘ ਭੁੱਲਰ , ਪੈਨਸ਼ਨਰ ਆਗੂ ਮਨਜੀਤ ਸਿੰਘ ਗਿੱਲ ,ਭੁਪਿੰਦਰ ਸਿੰਘ ਸੇਖੋਂ , ਪੋਹਲਾ ਸਿੰਘ ਬਰਾੜ , ਜਿੰਦਰ ਪਾਇਲਟ , ਕੁਲਦੀਪ ਸਿੰਘ ਸਹਿਦੇਵ , ਮੇਘ ਇੰਦਰ ਸਿੰਘ ਬਰਾੜ , ਜਿੰਦਰ ਪਾਇਲਟ , ਜਗਤਾਰ ਲਾਲ ਪਟਿਆਲਾ ਤੇ ਨਛੱਤਰ ਸਿੰਘ ਭਾਣਾ ਆਦਿ ਸ਼ਾਮਲ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ