ਦੋਸ਼ੀ ਨੂੰ ਗ੍ਰਿਫਤਾਰ ਅਤੇ ਪੰਜਾਬ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਕੀਤੀ ਮੰਗ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ ਦਿਨੀਂ ਇੱਕ ਸੜਕ ਹਾਦਸੇ ਵਿੱਚ ਮਜ਼ਦੂਰ ਔਰਤ ਦੀ ਮੌਤ ਹੋ ਗਈ ਸੀ, ਹੁਣ ਔਰਤ ਦੇ ਪਰਿਵਾਰ ਅਤੇ ਮਜ਼ਦੂਰ ਜਥੇਬੰਦੀ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਨਾ ਕਰਨ ਨੂੰ ਲੈ ਕੇ ਥਾਣਾ ਚੀਮਾ ਦੇ ਅੱਗੇ ਪੱਕਾ ਧਰਨਾ ਲਗਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪਿਛਲੇ ਦਿਨੀਂ ਸੁਨਾਮ ਸ਼ਹਿਰ ਦੀ ਮਜ਼ਦੂਰ ਔਰਤ ਮੇਲੋ ਕੌਰ ਪਤਨੀ ਕਾਲਾ ਸਿੰਘ ਲੱਕੜਾਂ ਲੈਣ ਗਈ ਸੀ ਜਿਸ ਦੀ 24 ਜਨਵਰੀ ਨੂੰ ਕਾਰ ਵਾਲੇ ਨੇ ਫੇਟ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਪਰ ਇੱਕ ਹਫਤਾ ਬੀਤ ਜਾਣ ’ਤੇ ਥਾਣਾ ਚੀਮਾ ਦੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: Government School News: ਮਾਪੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ : ਨੌਹਰਾ
ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਸ਼ਹਿਰੀ ਕਮੇਟੀ ਵੱਲੋਂ ਸਦਰ ਥਾਣਾ ਚੀਮਾ ਅੱਗੇ ਰੋਸ ਧਰਨਾ ਪੱਕੇ ਤੌਰ ’ਤੇ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਮਜ਼ਦੂਰ ਮੁਕਤੀ ਮੋਰਚਾ ਦੇ ਬਲਾਕ ਆਗੂ ਧਰਮਾ ਸਿੰਘ ਸੁਨਾਮ, ਲਖਵਿੰਦਰ ਸਿੰਘ ਪੰਜਾਬ ਖੇਤ ਮਜ਼ਦੂਰ ਸਭਾ ਦੇ ਨਿਰੰਜਣ ਸਿੰਘ ਅਤੇ ਹੋਰ ਮਜ਼ਦੂਰ ਆਗੂਆਂ ਨੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਮਜ਼ਦੂਰ ਜਥੇਬੰਦੀ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਪੀੜਤ ਪਰਿਵਾਰ ਅਤੇ ਘੁਮੰਡ ਸਿੰਘ ਖਾਲਸਾ, ਜੋਨੀਂ ਸਿੰਘ, ਜੈਲੋ ਕੋਰ, ਜੱਗਾ ਸਿੰਘ ਆਦਿ ਹਾਜ਼ਰ ਸਨ।













