9 ਜੂਨ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ ਮੰਗ ਪੱਤਰ
- ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੀ ਫਰੀਦਕੋਟ ਵਿਖੇ ਹੋਈ ਜ਼ੋਨਲ ਕਨਵੈਨਸ਼ਨ
ਫਰੀਦਕੋਟ, (ਸੁਭਾਸ਼ ਸ਼ਰਮਾ)। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮ ਜੋ ਕਿ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਦਾ ਸੰਤਾਪ ਹੰਢਾਅ ਰਹੇ ਹਨ , ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ (Old Pension Scheme) ਕਰਨ ਦਾ ਚੋਣ ਵਾਅਦਾ ਕੀਤਾ ਸੀ । ਪੰਜਾਬ ਸਰਕਾਰ ਨੂੰ ਇਹ ਚੋਣ ਵਾਅਦਾ ਯਾਦ ਕਰਵਾਉਣ ਲਈ ਤੇ ਇਸ ਅਹਿਮ ਮੰਗ ਦੀ ਪ੍ਰਾਪਤੀ ਵਾਸਤੇ ‘ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ’ ਦੇ ਸੱਦੇ ‘ਤੇ ਅੱਜ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਰੀਦਕੋਟ ਜ਼ੋਨ ਦੀ ਜ਼ੋਨਲ ਕਨਵੈਨਸ਼ਨ ਕੀਤੀ ਗਈ।
ਇਸ ਜ਼ੋਨਲ ਕਨਵੈਨਸ਼ਨ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਮੋਰਚੇ ਦੇ ਸੂਬਾਈ ਕਨਵੀਨਰ ਗੁਰਜੰਟ ਸਿੰਘ ਕੋਕਰੀ ਕਲਾਂ ,ਕੋ ਕਨਵੀਨਰ ਰਣਦੀਪ ਸਿੰਘ ਫਤਹਿਗੜ੍ਹ ਸਾਹਿਬ, ਮੀਡੀਆ ਇੰਚਾਰਜ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਨਵੀਨ ਸੱਚਦੇਵਾ, ਮੇਘਇੰਦਰ ਸਿੰਘ ਬਰਾੜ, ਬਾਜ ਸਿੰਘ ਭੁੱਲਰ, ਸੁਖਜਿੰਦਰ ਸਿੰਘ ਖਾਨਪੁਰ ਜਿੰਦਰ ਪਾਇਲਟ , ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਆਗੂ ਬਲਕਾਰ ਵਲਟੋਹਾ , ਅਸ਼ੋਕ ਕੌਸ਼ਲ , ਪ੍ਰਦੀਪ ਸਿੰਘ ਬਰਾੜ ,ਹਰਵਿੰਦਰ ਸ਼ਰਮਾ,
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਆਗੂ ਉਂਕਾਰ ਸਿੰਘ ਤੇ ਸੁਰਿੰਦਰ ਸਿੰਘ ਬਰਾੜ , ਦਿ ਕਲਾਸ ਫ਼ੋਰਥ ਗੌਰਮਿੰਟ ਇਮਪਲੋਈ ਯੂਨੀਅਨ ਦੇ ਆਗੂ ਨਛੱਤਰ ਸਿੰਘ ਭਾਣਾ, ਸਿਹਤ ਵਿਭਾਗ ਦੇ ਆਗੂ ਜਸਮੱਤ ਸਿੰਘ ਢਿੱਲੋਂ ਤੇ ਮਨਦੀਪ ਸਿੰਘ, ਪੰਜਾਬ ਪੈਨਸ਼ਨਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਚਾਨੀ ਤੇ ਸੋਮ ਨਾਥ ਅਰੋਡ਼ਾ, ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੇ ਪ੍ਰਧਾਨ ਚਮਕੌਰ ਸਿੰਘ ਤੇ ਹਰਪ੍ਰੀਤ ਸਿੰਘ ਤੇ ਪੰਜਾਬ ਪੈਨਸ਼ਨਰ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਗਗੜਾ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ-ਅਕਾਲੀ ਗੱਠਜੋੜ ਅਤੇ ਕਾਂਗਰਸ ਪਾਰਟੀ ਦੀਆਂ ਹੁਕਮਰਾਨ ਸਰਕਾਰਾਂ ਨੇ ਸੰਸਾਰ ਬੈੰਕ ਅਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਜਨਵਰੀ 2004 ਤੋਂ ਪਹਿਲਾਂ ਲਾਗੂ ਪੁਰਾਣੀ ਪੈਨਸ਼ਨ ਸਕੀਮ ਖਤਮ ਕਰਕੇ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ।
ਆਗੂਆਂ ਨੇ ਕਿਹਾ ਕਿ ਪੰਜਾਬ ਦਾ ਐਮ.ਐਲ.ਏ. ਇੱਕ ਵਾਰ ਸਹੁੰ ਚੁੱਕਣ ਤੋਂ ਬਾਅਦ 70000 ਰੁਪਏ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ ਪਰ ਮੁਲਾਜ਼ਮ 30 ਸਾਲ ਦੀ ਸੇਵਾ ਤੋਂ ਬਾਅਦ ਵੀ ਪ੍ਰਾਈਵੇਟ ਸ਼ੇਅਰ ਕੰਪਨੀਆਂ ਤੋਂ 3000-4000 ਰੁਪਏ ਮਹੀਨਾ ਪੈਨਸ਼ਨ ਪ੍ਰਾਪਤ ਕਰਦਾ ਹੈ, ਜਿਸ ਨਾਲ ਉਸਦਾ ਮਹਿੰਗਾਈ ਤੇ ਬੁਢਾਪੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਹੁਕਮਰਾਨ ਸਰਕਾਰ ਨੇ ਆਪਣੇ ਦੋ ਮਹੀਨਿਆਂ ਦੇ ਕਾਰਜਕਾਲ ਦੌਰਾਨ ਇਹ ਮੰਗ ਪ੍ਰਵਾਨ ਤਾਂ ਕੀ ਕਰਨੀ ਸੀ, ਇੱਕ ਵਾਰ ਮੂੰਹ ਵੀ ਨਹੀਂ ਖੋਲ੍ਹਿਆ ।
ਬੁਲਾਰਿਆਂ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲਮਕ ਅਵਸਥਾ ਵਿੱਚ ਪਈਆਂ ਮੰਗਾਂ ਜਿਵੇਂ ਸਮੂਹ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ ,ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ ,ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਪੈਦਾ ਕੀਤੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਅਨਾਮਲੀ ਕਮੇਟੀ ਦਾ ਗਠਨ ਕਰਨਾ ,ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਰੈਸ਼ਨੇ ਲਾਈਜੇਸ਼ਨ ਦੇ ਨਾਂ ਤੇ ਮੁਲਾਜ਼ਮਾਂ ਦੇ ਬੰਦ ਕੀਤੇ ਗਏ 37 ਭੱਤਿਆਂ ਨੂੰ ਬਹਾਲ ਕਰਨ ਲਈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇੀਆਂ ਜਥੇਬੰਦੀਆਂ ਨਾਲ ਇੱਕ ਵਾਰ ਵੀ ਮੀਟਿੰਗ ਕਰਨਾ ਯੋਗ ਨਹੀਂ ਸਮਝਿਆ ।
ਮੋਰਚੇ ਦੇ ਸੂਬਾਈ ਕਨਵੀਨਰ ਗੁਰਜੰਟ ਸਿੰਘ ਕੋਕਰੀ ਕਲਾਂ ਨੇ ਆਪਣੇ ਸੰਬੋਧਨ ਦੌਰਾਨ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 9 ਜੂਨ ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਵਰਿਆਮ ਸਿੰਘ ਘੁੱਲਾ, ਕੁਲਦੀਪ ਸਿੰਘ ਸਹਿਦੇਵ , ਧਰਮਿੰਦਰ ਸਿੰਘ ਲੈਕਚਰਾਰ ,ਨਿਰਮਲ ਸਿੰਘ , ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ, ਸੁਖਚੈਨ ਸਿੰਘ ਥਾਂਦੇਵਾਲਾ ,ਜਸਕਰਨ ਸਿੰਘ ਫਿੱਡੇ ਕਲਾਂ , ਵਿਕਰਮਜੀਤ ਕੌਸ਼ਲ , ਮਹੇਸ਼ ਜੈਨ ‘ਅਮਨਦੀਪ ਸ਼ਰਮਾ, ਨਵਲ ਕਿਸ਼ੋਰ ‘ਸੁਖਵਿੰਦਰ ਸਾਰੰਗ , ਅਮਨਦੀਪ ਸਿੰਘ ,ਜਤਿੰਦਰ ਕੁਮਾਰ ਮੋਗਾ ,ਯੋਗੇਸ਼ ਰਾਜਪੂਤ ,ਨੀਰਜ ਦੇਵਗਨ ,ਰਮੇਸ਼ ਕੁਮਾਰ ਲੈਕਚਰਾਰ, ਦਵਿੰਦਰ ਸਿੰਘ ਗਿੱਲ ,ਰੇਸ਼ਮ ਸਿੰਘ , ਅਮਨਦੀਪ ਸਿੰਘ , ਸੇਵਾ ਮੁਕਤ ਪ੍ਰਿੰਸੀਪਲ ਗੁਰਦੀਪ ਕੌਰ ਬਰਾੜ ਨਰਸਿੰਗ ਕਾਲਜ ਆਦਿ ਸ਼ਾਮਲ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ