ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼, ਤੁਰੰਤ ਕੀਤੀ ਜਾਵੇ ਅਧਿਆਪਕਾਂ ਖ਼ਿਲਾਫ਼ ਕਾਰਵਾਈ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦੇ ਬਾਹਰ ਧਰਨਾ ਦੇਣਾ ਹੁਣ ਅਧਿਆਪਕਾਂ ਨੂੰ ਮਹਿੰਗਾ ਪੈਣ ਜਾ ਰਿਹਾ ਹੈ, ਕਿਉਂਕਿ ਅਧਿਆਪਕਾਂ ਦੀ ਮਸਲੇ ਹਲ਼ ਕਰਨ ਦੀ ਥਾਂ ’ਤੇ ਸਿੱਖਿਆ ਵਿਭਾਗ ਵੱਲੋਂ ਉਨਾਂ ਅਧਿਆਪਕਾਂ ਦੇ ਖ਼ਿਲਾਫ਼ ਹੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਥੇ ਹੈਰਾਨੀਵਾਲੀ ਗੱਲ ਇਹ ਹੈ ਕਿ ਧਰਨਾ ਦੇਣ ਵਾਲੇ ਸਾਰੇ ਅਧਿਆਪਕ ਆਪਣੇ-ਆਪਣੇ ਸਕੂਲਾਂ ਵਿੱਚੋਂ ਛੁੱਟੀ ਲੈ ਕੇ ਗਏ ਸਨ ਤਾਂ ਕਿ ਧਰਨਾ ਦੇਣ ਮੌਕੇ ਵਿਭਾਗੀ ਤੌਰ ’ਤੇ ਕੋਈ ਪਰੇਸ਼ਾਨੀ ਨਾ ਆਵੇ ਪਰ ਸਿੱਖਿਆ ਵਿਭਾਗ ਵੱਲੋਂ ਇਨਾਂ ਅਧਿਆਪਕਾਂ ਦੀ ਛੁੱਟੀ ਨੂੰ ਰੱਦ ਕਰਦੇ ਹੋਏ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਇਨਾਂ ਆਦੇਸ਼ਾਂ ਦੇ ਜਾਰੀ ਹੋਣ ਤੋਂ ਬਾਅਦ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਉਹ ਧਰਨਾ ਛੁੱਟੀ ਲੈ ਕੇ ਦੇਣ ਗਏ ਸਨ ਤਾਂ ਇਸ ਵਿੱਚ ਵਿਭਾਗ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ ਪਰ ਸਿੱਖਿਆ ਵਿਭਾਗ ਉਨਾਂ ਦੀ ਛੁੱਟੀ ਹੀ ਰੱਦ ਕਰਕੇ ਕਾਰਵਾਈ ਕਰਨ ਜਾ ਰਿਹਾ ਹੈ।
ਤੁਰੰਤ ਕੀਤੀ ਜਾਵੇ ਅਧਿਆਪਕਾਂ ਖ਼ਿਲਾਫ਼ ਕਾਰਵਾਈ
ਜਾਣਕਾਰੀ ਅਨੁਸਾਰ 4 ਅਪਰੈਲ ਨੂੰ ਵੱਡੇ ਪੱਧਰ ’ਤੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਵੱਲੋਂ ਬਰਨਾਲਾ ਸਥਿਤ ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲੇ ਵਿੱਚੋਂ ਅਧਿਆਪਕਾਂ ਨੇ ਬਕਾਇਦਾ ਆਪਣੇ ਆਪਣੇ ਸਕੂਲਾਂ ਵਿੱਚ ਛੁੱਟੀ ਲਈ ਗਈ ਸੀ ਪਰ ਧਰਨਾ ਦੇਣ ਪੁੱਜੇ ਅਧਿਆਪਕਾਂ ਤੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਇੰਨੇ ਜਿਆਦਾ ਪਰੇਸ਼ਾਨ ਹੋ ਗਏ ਕਿ ਉਨਾਂ ਦੇ ਇਸ਼ਾਰੇ ’ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਸਖ਼ਤ ਕਾਰਵਾਈ ਕਰਨ ਲਈ ਪੱਤਰ ਹੀ ਜਾਰੀ ਕਰ ਦਿੱਤਾ ਗਿਆ।
ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਅਮਲਾ-2 ਵਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਸਾਰੇ ਜਿਲਾ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ 4 ਅਪਰੈਲ ਨੂੰ ਆਪ ਦੇ ਜਿਲੇ ਨਾਲ ਸਬੰਧਿਤ ਜਿਹੜੇ ਅਧਿਆਪਕ ਜਰੂਰੀ ਕੰਮ ਜਾਂ ਫਿਰ ਘਰੇਲੂ ਕੰਮ ਲਈ ਛੁੱਟੀ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ ਦੇ ਸਾਹਮਣੇ ਧਰਨੇ ਵਿੱਚ ਸ਼ਾਮਲ ਹੋਏ ਹਨ, ਉਨਾਂ ਦੀ ਛੁੱਟੀ ਰੱਦ ਕਰਦੇ ਹੋਏ ਬਤੌਰ ਨਿਯੁਕਤੀ ਅਧਿਕਾਰੀ ਹੋਣ ਕਰਕੇ ਸਬੰਧਤਾਂ ਵਿਰੁੱਧ ਨਿਯਮਾਂ/ਹਦਾਇਤਾਂ ਅਨੁਸਾਰ ਤੁਰੰਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਕਿਸੇ ਕਿਸਮ ਦੀ ਅਣਗਹਿਲੀ ਦੀ ਸੂਰਤ ਵਿੱਚ ਜਿੰਮੇਵਾਰੀ ਆਪ ਦੀ ਨਿੱਜੀ ਹੋਏਗੀ। ਇਸ ਤਰਾਂ ਦੀ ਕਾਰਵਾਈ ਕਰਨ ਤੋਂ ਬਾਅਦ ਦਫ਼ਤਰ ਨੂੰ ਵੀ ਸੂਚਿਤ ਕੀਤਾ ਜਾਵੇ।
ਪਹਿਲਾਂ ਹੱਕ ਵਿੱਚ ਬਿਆਨ ਤਾਂ ਹੁਣ ਕਾਰਵਾਈ ਦੇ ਨੋਟਿਸ ਜਾਰੀ ਕਰ ਰਹੀ ਐ ਆਪ
ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਧਿਆਪਕ ਯੂਨੀਅਨਾਂ ਵਲੋਂ ਦਿੱਤੇ ਜਾਣ ਵਾਲੇ ਇਨਾਂ ਧਰਨੀਆਂ ਨੂੰ ਜਾਇਜ਼ ਕਰਾਰ ਦੇਣ ਦੇ ਨਾਲ ਹੀ ਉਨਾਂ ਦੇ ਮਸਲੇ ਹਲ਼ ਕਰਨ ਲਈ ਸਰਕਾਰ ਗੁਹਾਰ ਤੱਕ ਲਾਉਂਦੀ ਆਈ ਹੈ। ਸੱਤਾ ਤੋਂ ਬਾਹਰ ਰਹਿੰਦੇ ਹੋਏ ਆਮ ਆਦਮੀ ਪਾਰਟੀ ਇਨਾਂ ਅਧਿਆਪਕਾਂ ਲਈ ਕਾਫ਼ੀ ਜਿਆਦਾ ਬਿਆਨ ਜਾਰੀ ਕਰਦੀ ਸੀ ਤਾਂ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਬਿਆਨ ਦੀ ਥਾਂ ’ਤੇ ਸਖ਼ਤ ਕਾਰਵਾਈ ਦੇ ਨੋਟਿਸ ਜਾਰੀ ਕਰਦੀ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ