ਸਰਕਾਰ ਨਾਲ ਕੱਚੇ ਅਧਿਆਪਕਾਂ ਦੀ ਇੱਕ ਦਿਨ ’ਚ ਦੋ ਮੀਟਿੰਗਾਂ, 27 ਦੀ ਐਨ.ਟੀ.ਟੀ. ਅਧਿਆਪਕ ਭਰਤੀ ਪ੍ਰੀਖਿਆ ਕੀਤੀ ਮੁਲਤਵੀ
-
ਯੂਨੀਅਨ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਮੋਹਾਲੀ, ਕੁਲਵੰਤ ਕੋਟਲੀ। ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ’ਚ ਪੱਕੇ ਕਰਨ ਦੀ ਮੰਗ ਸਬੰਧੀ ਸੰਘਰਸ਼ ਕਰ ਰਹੇ ਸਿੱਖਿਆ ਪ੍ਰੋਵਾਈਡਰ, ਈ.ਜੀ ਐਸ., ਐਸ.ਟੀ.ਆਰ., ਏ.ਆਈ.ਈ. ਅਤੇ ਆਈ.ਈ.ਵੀ. ਦੇ ਹਜ਼ਾਰਾਂ ਵਲੰਟੀਅਰ ਵੱਲੋਂ ਅੱਜ ਦੂਜੇ ਦਿਨ ਵੀ ਸਿੱਖਿਆ ਭਵਨ ਦਾ ਘਿਰਾਓ ਲਗਾਤਾਰ ਜਾਰੀ ਰਿਹਾ ਅਤੇ ਭਵਨ ਦੀ ਛੱਤ ’ਤੇ ਪੈਟਰੋਲ ਦੀਆਂ ਬੋਲਤਾਂ ਲੈ ਕੇ ਚੜ੍ਹੇ ਅਧਿਆਪਕ ਅੱਜ ਵੀ ਡਟੇ ਰਹੇ। ਅੱਜ ਪੰਜਾਬ ਸਰਕਾਰ ਨਾਲ ਦੋ ਹੋਈਆਂ ਮੀਟਿੰਗਾਂ ਵੀ ਅਧਿਆਪਕਾਂ ਨੂੰ ਸੰਤੁਸ਼ਟ ਨਾ ਕਰ ਸਕੀਆਂ, ਯੂਨੀਅਨ ਨੇ ਸਰਕਾਰੀ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਫੈਸਲਾ ਕੀਤਾ ਕਿ ਅੰਦੋਲਨ ਜਿਉਂ ਦਾ ਤਿਉਂ ਚਲਦਾ ਰਹੇਗਾ, ਉਹ ਆਪਣਾ ਪੱਕਾ ਧਰਨਾ ਉਦੋਂ ਤੱਕ ਨਹੀਂ ਚੁੱਕਣਗੇ ਜਦੋਂ ਤੱਕ ਉਨ੍ਹਾਂ ਦੀ ਪੱਕੇ ਕਰਨ ਦੀ ਮੰਗ ਨਹੀਂ ਮੰਨੀ ਜਾਂਦੀ।
ਅੱਜ ਕੱਚੇ ਅਧਿਆਪਕਾਂ ਦੀ ਪਹਿਲੀ ਮੀਟਿੰਗ ਮੁੱਖ ਮੰਤਰੀ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਤੇ ਸਿੱਖਿਆ ਮੰਤਰੀ ਪੰਜਾਬ ਨਾਲ ਦੁਪਿਹਰ 12.30 ਵਜੇ ਹੋਈ ਪਰ ਇਸ ਮੀਟਿੰਗ ’ਚ ਕੋਈ ਹੱਲ ਨਾ ਨਿਕਲਣ ਕਾਰਨ ਕੱਚੇ ਅਧਿਆਪਕਾਂ ਦੀ ਦੂਜੀ ਮੀਟਿੰਗ ਬਾਅਦ ਦੁਪਹਿਰ ਸਕੱਤਰ ਸਕੂਲ ਸਿੱਖਿਆ ਕ੍ਰਿਸਨ ਕੁਮਾਰ ਨਾਲ ਹੋਈ। ਇਸ ਮੀਟਿੰਗ ਦੇ ਖਤਮ ਹੋਣ ਤੋਂ ਮਗਰੋਂ ਕੱਚੇ ਅਧਿਆਪਕਾਂ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਨੇ ਉਨ੍ਹਾਂ ਦੀ ਪਹਿਲੀ ਮੰਗ ਨੂੰ ਮੰਨਦਿਆਂ 27 ਜੂਨ ਨੂੰ ਐਨ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਹੋਣ ਵਾਲੀ ਪ੍ਰੀਖਿਆ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ।
ਜਦਕਿ ਦੂਜੀ ਮੰਗ ਉਨ੍ਹਾਂ ਨੂੰ ਬਿਨਾਂ ਕਿਸੇ ਪ੍ਰੀਖਿਆ ਤੋਂ ਪੱਕੇ ਕੀਤਾ ਜਾਵੇ ਜਾਂ ਫਿਰ ਯੂ.ਪੀ. ਪੈਟਰਨ ’ਤੇ ਉਨ੍ਹਾਂ ਵੱਲੋਂ ਸਰਕਾਰੀ ਸਕੂਲਾਂ ਵਿਚ ਕੀਤੇ ਕੰਮ ਬਦਲੇ ਤਜਰਬੇ ਦੇ ਪ੍ਰੀਖਿਆ ਵਿਚ 25 ਅੰਕ ਦਿੱਤੇ ਜਾਣ, ਤੀਜੀ ਮੰਗ ਉਨ੍ਹਾਂ ਦੀ ਤਨਖਾਹ ਘੱਟੋ ਘੱਟ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਸਬੰਧੀ ਉਨ੍ਹਾਂ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਅਧਿਆਪਕਾਂ ਦੀ ਤਨਖਾਹ ਵਿਚ ਵਾਧਾ ਕਰਨ ਸਬੰਧੀ ਅਤੇ 25 ਅੰਕ ਦੇਣ ਸਬੰਧੀ ਫੈਸਲਾ ਮੰਤਰੀ ਮੰਡਲ ਨੇ ਕਰਨਾ ਹੈ, ਪਰ ਇਨ੍ਹਾਂ ਮੰਗਾਂ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆਂਦਾ ਜਾਵੇਗਾ। ਯੂਨੀਅਨ ਅਜਮੇਰ ਔਲਖ ਤੇ ਗਗਨ ਅਬੋਹਰ ਨੇ ਕਿਹਾ ਕਿ ਬੇਸ਼ੱਕ ਸਕੱਤਰ ਸਕੂਲ ਸਿੱਖਿਆ ਨੇ ਉਨ੍ਹਾਂ ਦੀ ਪਹਿਲੀ ਮੰਗ ਮੰਨ ਲਈ ਹੈ ਪਰ ਉਨ੍ਹਾਂ ਨੂੰ ਬਾਕੀ ਮੰਗਾਂ ਮੰਨਣ ਸਬੰਧੀ ਪੰਜਾਬ ਸਰਕਾਰ ’ਤੇ ਭਰੋਸਾ ਨਹੀਂ ਹੈ ਇਸ ਕਰਕੇ ਉਨ੍ਹਾਂ ਦਾ ਧਰਨਾ ਅਜੇ ਹਾਲੇ ਜਾਰੀ ਰਹੇਗਾ ਇਸ ਧਰਨੇ ਸਬੰਧੀ ਅਗਲੀ ਰੂਪ ਰੇਖਾ ਕੱਚੇ ਅਧਿਆਪਕਾਂ ਦੀ ਸੂਬਾ ਕਮੇਟੀ ਵੱਲੋਂ ਵਿਦਿਆ ਭਵਨ ਦੀ 7ਵੀਂ ਮੰਜਿਲ ’ਤੇ ਪੈਟਰੋਲ ਦੀਆਂ ਬੋਤਲਾਂ ਲਈ ਬੈਠੇ ਆਗੂਆਂ ਨਾਲ ਵਿਚਾਰ ਚਰਚਾ ਉਪਰੰਤ ਤਿਆਰ ਕੀਤੀ ਜਾਵੇਗੀ।
ਦੂਜੇ ਦਿਨ ਅੱਜ ਵੀ ਪੰਜਾਬ ਭਰ ਵਿਚੋਂ ਵੱਡੀ ਗਿਣਤੀ ਕੱਚੇ ਅਧਿਆਪਕ ਖਾਸ ਤੌਰ ’ਤੇ ਸੈਕੜਿਆਂ ਦੀ ਗਿਣਤੀ ’ਚ ਅਧਿਆਪਕਾਵਾਂ ਪਹੁੰਚੀਆਂ, ਨੇ ਪੰਜਾਬ ਸਰਕਾਰ ਤੇ ਸਕੱਤਰ ਸਕੂਲ ਸਿੱਖਿਆ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਅੱਜ ਧਰਨੇ ਵਿੱਚ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਕੱਚੇ ਅਧਿਆਪਕਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਪਹੁੰਚੀਆਂ ਜਿਨ੍ਹਾਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਡਾ. ਸੁਖਦੇਵ ਸਿੰਘ ਸਰਸਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਡੀਟੀਐਫ, ਐਸਐਸਏ ਰਮਸਾ, ਐਡਵਾਈਜਰੀ ਲੇਖਕ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ।
ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਨੇ ਬੀਤੇ ਦਿਨ ਧਰਨਾਕਾਰੀਆਂ ਵਲੋਂ ਸਿੱਖਿਆ ਵਿਭਾਗ ਤੇ ਸਿੱਖਿਆ ਬੋਰਡ ਦੇ ਗੇਟ ਬੰਦ ਕਰਨ ਕਰਕੇ ਹੋਈ ਪ੍ਰੇਸ਼ਾਨੀ ਕਾਰਨ ਅੱਜ ਦੁਪਹਿਰ ਤੋਂ ਬਾਅਦ ਹੀ ਆਪਣੀ ਛੁੱਟੀ ਕਰ ਲਈ। ਅੱਜ ਕਿਸੇ ਵੀ ਕਰਮਚਾਰੀ ਅਧਿਕਾਰੀ ਨੇ ਬੋਰਡ ਤੇ ਵਿਦਿਆ ਭਵਨ ਦੀ ਪਾਰਕਿੰਗ ਵਿਚ ਵਹੀਕਲ ਪਾਰਕ ਨਹੀਂ ਕੀਤੇ ਸਗੋਂ ਦੂਰ-ਦੁਰਾਡੇ ਖੜ੍ਹੇ ਕਰਕੇ ਪੈਦਲ ਚੱਲ ਕੇ ਦਫਤਰ ਆਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।