Drug Addiction: ਨਸ਼ੇ ਨਾਲ ਮਰਨ ਵਾਲੇ ਨੌਜਵਾਨ ਦੀ ਲਾਸ਼ ਚੌਂਕ ’ਚ ਰੱਖ ਕੇ ਲਾਇਆ ਧਰਨਾ

Drug Addiction
ਮਾਨਸਾ : ਮ੍ਰਿਤਕ ਨੌਜਵਾਨ ਦੀ ਲਾਸ਼ ਚੌਂਕ ’ਚ ਰੱਖ ਕੇ ਧਰਨੇ ’ਤੇ ਬੈਠੇ ਪਰਿਵਾਰਕ ਮੈਂਬਰ ਤੇ ਹੋਰ।

ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ | Drug Addiction

Drug Addiction: (ਸੁਖਜੀਤ ਮਾਨ) ਮਾਨਸਾ। ਇੱਥੋਂ ਨੇੜਲੇ ਪਿੰਡ ਜਵਾਹਰਕੇ ਵਿਖੇ ਬੀਤੇ ਦਿਨੀਂ ਇੱਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਜਾਣ ਤੋਂ ਦੁਖੀ ਪਰਿਵਾਰ ਨੇ ਅੱਜ ਲਾਸ਼ ਰਮਦਿੱਤੇ ਵਾਲਾ ਚੌਂਕ ’ਚ ਰੱਖ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ, ਜੋ ਦੇਰ ਸ਼ਾਮ ਤੱਕ ਜਾਰੀ ਸੀ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੀ ਹਮਾਇਤ ’ਤੇ ਆਏ ਹੋਰ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਦੀ ਆਰਥਿਕ ਮੱਦਦ ਦੇ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ।

ਵੇਰਵਿਆਂ ਮੁਤਾਬਿਕ ਬੀਤੇ ਦਿਨੀਂ ਪਿੰਡ ਜਵਾਹਰਕੇ ਦੇ ਗੁਰਮੀਤ ਸਿੰਘ (19) ਦੀ ਨਸ਼ੇ ਦੀ ਓਵਰਡੋਜ ਦੇ ਨਾਲ ਮੌਤ ਹੋ ਗਈ ਸੀ ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਨੂੰ ਸਰਸਾ-ਮਾਨਸਾ ਰੋਡ ’ਤੇ ਰਮਦਿੱਤੇਵਾਲਾ ਚੌਂਕ ਵਿੱਚ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨ ਦੀ ਲਾਸ਼ ਨੂੰ ਰੋਡ ’ਤੇ ਰੱਖਣ ਤੋਂ ਪਹਿਲਾਂ ਪੁਲਿਸ ਵੱਲੋਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਪ੍ਰਦਰਸ਼ਨਕਾਰੀਆਂ ਨੇ ਧਰਨਾ ਲਗਾ ਦਿੱਤਾ।

ਇਹ ਵੀ ਪੜ੍ਹੋ: Sad News: ਮੌਜ਼ੂਦਾ ਸਰਪੰਚ ਦੀ ਸਕੂਲ ਵੈਨ ਦੀ ਚਪੇਟ ‘ਚ ਆਉਣ ਕਾਰਨ ਮੌਤ

ਇਸ ਮੌਕੇ ਪਰਵਿੰਦਰ ਸਿੰਘ ਝੋਟਾ ਤੇ ਜਗਸੀਰ ਸਿੰਘ ਨੇ ਕਿਹਾ ਕਿ ਜਵਾਹਰਕੇ ਪਿੰਡ ਵਿੱਚ ਸ਼ਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ ਪਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਨੌਜਵਾਨ ਦੀ ਲਾਸ਼ ਦੇ ਜਿੰਮੇਵਾਰ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ ਪਰਿਵਾਰ ਦੀ ਆਰਥਿਕ ਮੱਦਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ ਜੇਕਰ ਜਲਦ ਹੀ ਪੁਲਿਸ ਨੇ ਇਸ ਮਾਮਲੇ ਵੱਲ ਧਿਆਨ ਨਾ ਦਿੱਤਾ ਤਾਂ ਲਾਸ਼ ਨੂੰ ਲੀਡਰਾਂ ਦੇ ਘਰਾਂ ਦੇ ਬਾਹਰ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।