ਮਨੁੱਖੀ ਅਧਿਕਾਰ ਦਿਵਸ ’ਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

ਮਨੁੱਖੀ ਅਧਿਕਾਰ ਦਿਵਸ ’ਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ 

ਕੋਟਕਪੂਰਾ, (ਸੁਭਾਸ਼ ਸ਼ਰਮਾ)। ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ’ਤੇ ਮਨੁੱਖੀ ਅਧਿਕਾਰ ਦਿਵਸ ’ਤੇ ਫ਼ਰੀਦਕੋਟ ਦੇ ਬ੍ਰਿਜਿੰਦਰਾ ਕਾਲਜ ਅਤੇ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਪ੍ਰੀਤ ਸਿੰਘ ਮੌੜ ਅਤੇ ਹਰਵੀਰ ਗੰਧੜ ਨੇ ਸੰਬੋਧਨ ਕਰਦਿਆਂ ਕਿਹਾ ਕੇ ਦੇਸ਼ ਅੰਦਰ ਕਈ ਰਾਜਨੀਤਕ ਕੈਦੀ, ਪੱਤਰਕਾਰ , ਵਿਦਿਆਰਥੀ , ਵਕੀਲ ਯੂ. ਏ.ਪੀ.ਏ.ਵਰਗੇ ਕਾਨੂੰਨਾਂ ਤਹਿਤ ਜੇਲ੍ਹਾਂ ਵਿੱਚ ਬੰਦ ਹਨ । ਕਈ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਫਿਰ ਵੀ ਉਨਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ ।

ਭਾਰਤ ਅੰਦਰ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ,ਧਰਮ ਲਿੰਗ, ਜਾਤ, ਭਾਸ਼ਾ ਦੇ ਅਧਾਰ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਦੇਸ਼ ਦਾ ਮਤਲਬ ਸਿਰਫ਼ ਨਕਸ਼ਾ ਨਹੀਂ ਸਗੋਂ ਉਥੋਂ ਦੇ ਲੋਕ ਹੁੰਦੇ ਹਨ ਅਤੇ ਭਾਰਤ ਅੰਦਰ ਲਗਾਤਾਰ ਅਮੀਰੀ ਗ਼ਰੀਬੀ ਦਾ ਪਾੜਾ ਵੱਧ ਰਿਹਾ ਹੈ। ਜਿਊਣ ਦਾ ਅਧਿਕਾਰ ਸਭ ਤੋਂ ਮੁਢਲਾ ਅਧਿਕਾਰ ਹੁੰਦਾ ਹੈ ਅਤੇ ਸਰਕਾਰ ਦੀਆਂ ਲੋਕ ਮਾਰੂ ਕਾਰਪੋਰੇਟ ਪੱਖੀ ਨੀਤੀਆਂ ਕਰ ਕੇ ਲੋਕ ਭੁੱਖਮਰੀ ਕਾਰਨ ਲਗਾਤਾਰ ਮੌਤ ਦੇ ਮੂੰਹ ਵੱਲ ਧੱਕੇ ਜਾ ਰਹੇ ਹਨ। ਇਸ ਸਾਲ ਦੀ ਗਲੋਬਲ ਹੰਗਰ ਇੰਡੈਕਸ ਮੁਤਾਬਿਕ ਭੁੱਖਮਰੀ ਵਿੱਚ ਭਾਰਤ 116 ਦੇਸ਼ਾਂ ਵਿੱਚੋਂ 101 ਵੇਂ ਨੰਬਰ ’ਤੇ ਹੈ । ਸੰਸਾਰ ਨਬਾਰਬਰੀ ਰਿਪੋਰਟ 2022 ਅਨੁਸਾਰ ਭਾਰਤ ਸਭ ਤੋਂ ਗਰੀਬ ਅਤੇ ਨਾਬਰਾਬਰੀ ਵਾਲਾ ਦੇਸ਼ ਮੰਨਿਆ ਗਿਆ ਹੈ। ਲਗਾਤਾਰ ਘੱਟ ਗਿਣਤੀਆਂ, ਆਦਿਵਾਸੀਆਂ, ਬੁੱਧੀਜੀਵੀਆਂ, ਅਤੇ ਸਿਆਸਤਦਾਨਾਂ ਖ਼ਿਲਾਫ਼ ਦੇਸ਼ ਧ੍ਰੋਹ ਦੇ ਕਾਨੂੰਨ ਮੜੇ ਜਾ ਰਹੇ ਹਨ ।

ਮਾਰਚ 2021 ਫਰੀਡਮ ਹਾਊਸ ਦੀ ਸੰਸਾਰ ਰਿਪੋਰਟ ਵਿਚ ਭਾਰਤ ਦੀ ਅਜ਼ਾਦ ਦੇਸ਼ ਦੀ ਪਹਿਚਾਣ ਵੀ ਨਹੀਂ ਰਹੀ ਹੈ। ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਅਵਾਜ਼ ਉਠਾਉਂਦੇ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਧੱਕਿਆ ਜਾ ਰਿਹਾ ਹੈ। ਜਲ ਜੰਗਲ ਜ਼ਮੀਨ ਦੀ ਲੜਾਈ ਰਹੇ ਲੋਕ ਅਤੇ ਓਹਨਾਂ ਦੀ ਆਵਾਜ਼ ਬਣਨ ਵਾਲੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਂ ਰਿਹਾ ਹੈ। ਕਸ਼ਮੀਰ ਅਤੇ ਛੱਤੀਸਗੜ੍ਹ ਵਰਗੇ ਇਲਾਕਿਆ ਵਿੱਚ ਫੌਜ਼ ਦੁਆਰਾ ਲੋਕਾਂ ਨੂੰ ਦਰੜਿਆ ਜਾ ਰਿਹਾ ਹੈ। ਇਸ ਮੌਕੇ ਅਮਨਦੀਪ ਕੌਰ ਜਿਊਣ ਵਾਲਾ, ਸੁਖਪਿੰਦਰ ਸਿੰਘ, ਲੱਖਾ ਸਿੰਘ, ਅਨੀਤਾ, ਨਵਜੋਤ ਕੌਰ, ਚਮਕੌਰ ਸਿੰਘ, ਰਵੀ ਮੌੜ, ਸ਼ਰਨਜੀਤ ਸਿੰਘ ਮੌੜਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਕੇ ਜੇਲ੍ਹਾਂ ਵਿੱਚ ਨਾਜਾਇਜ਼ ਰੱਖੇ ਹੋਏ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ