ਬੀਮਾ ਕਿਸ਼ਤਾਂ ਵਿੱਚ ਪਹਿਲੇ ਹੱਲੇ ਡੇਢ ਗੁਣਾਂ ਦਾ ਮਾਰੂ ਵਾਧਾ ਲਾਗੂ ਕਰਨ ਖਿਲਾਫ ਰੋਸ

ਰਾਏਕੋਟ, (ਰਾਮ ਗੋਪਾਲ ਰਾਏਕੋਟੀ) । ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿੱਚ ਸੋਧ ਕਰਨ ਲਈ ਬੀਤੇ ਕੱਲ੍ਹ ਲੋਕ ਸਭਾ ਵਿੱਚ ਪੇਸ਼ ਕੀਤੇ ਬਿੱਲ ਦਾ ਦੇਸ਼ ਭਰ ਦੇ ਟਰਾਂਸਪੋਰਟਰ ਅਤੇ ਟਰਾਂਸਪੋਰਟ ਕਾਮੇ ਡੱਟਕੇ ਵਿਰੋਧ ਕਰਨਗੇ। ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ ਦੇ ਰਾਸ਼ਟਰੀ ਮੀਤ ਪ੍ਰਧਾਨ ਆਰ. ਲਕਸ਼ਮਈਆ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਨੂੰਨ ਪਾਸ ਹੋ ਜਾਣ ਨਾਲ ਪਹਿਲਾਂ ਹੀ ਆਖਰੀ ਸਾਹਾਂ ‘ਤੇ ਪੁੱਜੀ ਟਰਾਂਸਪੋਰਟ ਸਨਅਤ ਬੁਰੀ ਤਰ੍ਹਾਂ ਤਬਾਹ ਹੋ ਜਾਵੇਗੀ।

ਨਤੀਜੇ ਵਜੋਂ 6 ਕਰੋੜ ਟਰਾਂਸਪੋਰਟ ਕਾਮਿਆਂ ਦੇ ਰੁਜਗਾਰ ‘ਤੇ ਮਾਰੂ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਬਹੁ-ਰਾਸ਼ਟਰੀ ਬੀਮਾ ਕੰਪਨੀਆਂ ਨੂੰ ਇਸੇ ਸਾਲ ਤੋਂ ਅੰਨ੍ਹੇ ਮੁਨਾਫੇ ਕਮਾਉਣ ਲਈ ਕੇਂਦਰ ਸਰਕਾਰ ਵੱਲੋਂ ਖੁੱਲ੍ਹ ਦੇ ਦਿੱਤੀ ਗਈ ਹੈ ਅਤੇ ਬੀਮਾ ਕੰਪਨੀਆਂ ਨੇ ਪਹਿਲੇ ਹੱਲੇ ਹੀ ਬੀਮਾ ਕਿਸ਼ਤਾਂ ਡੇਢ ਗੁਣਾ ਵਧਾ ਦਿੱਤੀਆਂ ਹਨ। ਜਿਸ ਦੇ ਵਿਰੋਧ ਵਿੱਚ ਅੱਜ ਵੀ ਦੇਸ਼ ਦੇ ਵੱਖ-ਵੱਖ ਹਿੱਸਿਆ ‘ਚ ਟਰਾਂਸਪੋਰਟਰ ਅਤੇ ਟਰਾਂਸਪੋਰਟ ਕਾਮੇਂ ਹੜਤਾਲ ਉਪਰ ਚਲੇ ਗਏ ਹਨ।

ਇਸ ਮਾਰੂ ਕਾਨੂੰਨ ਦੇ ਪਾਸ ਹੋਣ ਨਾਲ ਦੇਸ਼ ਭਰ ਦੇ ਟਰਾਂਸਪੋਰਟ ਵਿਭਾਗ ਬੰਦ ਕਰਕੇ ਸਾਰਾ ਕਾਰੋਬਾਰ ਨਿੱਜੀ ਹੱਥਾਂ ਵਿੱਚ ਸੌਂਪਣ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਆਟੋ-ਰਿਕਸ਼ੇ ਤੋਂ ਲੈ ਕੇ ਭਾਰੀ ਟਰਾਂਸਪੋਰਟ ਸਮੇਤ ਸਮੁੱਚੇ ਕਾਰੋਬਾਰੀਆਂ ਅਤੇ ਕਾਮਿਆਂ ਨੂੰ ਇੱਕਜੁੱਟ ਹੋ ਕੇ ਟਰਾਂਸਪੋਰਟ ਖੇਤਰ ਦੀ ਰਾਖੀ ਲਈ ਸਾਂਝਾ ਸੰਘਰਸ਼ ਸ਼ੁਰੂ ਕਰਨ ਦੀ ਅਪੀਲ ਕੀਤੀ। ਸਾਥੀ ਲਕਸ਼ਮਈਆ ਇੱਥੇ ਟਰਾਂਸਪੋਰਟ ਕਾਮਿਆਂ ਦੀਆਂ ਵੱਖ-ਵੱਖ ਯੂਨੀਅਨਾਂ ਦੀ ਦੋ ਦਿਨਾਂ ਰਾਜ ਪੱਧਰੀ ਕਾਰਜਸ਼ਾਲਾ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾਈ ਇੰਚਾਰਜ਼ ਸਾਥੀ ਚੰਦਰ ਸ਼ੇਖਰ, ਸੰਤੋਖ ਗਿੱਲ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਪਾਲ ਸਿੰਘ ਬੱਸੀਆਂ, ਦਲਜੀਤ ਕੁਮਾਰ ਗੋਰਾ ਸੂਬਾ ਸਕੱਤਰ ਸੀਟੂ, ਨਰਿੰਦਰਪਾਲ ਚਮਿਆਰੀ, ਇੰਦਰਪਾਲ ਸਿੰਘ ਸੰਗਰੂਰ, ਸੁਰਜੀਤ ਸਿੰਘ ਢੇਰ, ਰੇਸ਼ਮ ਸਿੰਘ ਪਨਬੱਸ ਆਗੂ ਸਮੇਤ ਹੋਰ ਅਨੇਕਾਂ ਕਾਰਕੁੰਨ ਹਾਜ਼ਰ ਸਨ।