ਅਗਨੀਪਥ ਸਕੀਮ ਦਾ ਵਿਰੋਧ : ਹਰਿਆਣਾ ਸਮੇਤ 7 ਸੂਬਿਆਂ ’ਚ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ

Agnipath-Scheme-Protest

ਰੋਹਤਕ ’ਚ ਇੱਕ ਵਿਦਿਆਰਥੀ ਨੇ ਦਿੱਤੀ ਜਾਨ, ਭਿਵਾਨੀ ’ਚ ਲਾਠੀ ਚਾਰਜ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਅਗਨੀਪਥ ਸਕੀਮ (Agnipath Scheme) ਦਾ ਵਿਰੋਧ ਬਿਹਾਰ ਤੋਂ ਲੈ ਕੇ ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ ਤੱਕ ਪਹੁੰਚ ਗਿਆ ਹੈ। ਵੀਰਵਾਰ ਸਵੇਰ ਤੋਂ ਹੀ ਬਿਹਾਰ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂਪੀ ਦੇ ਕਈ ਜ਼ਿਲ੍ਹਿਆਂ ’ਚ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕੈਮੂਰ ’ਚ ਵਿਦਿਆਰਥੀਆਂ ਨੇ ਇੰਟਰਸਿਟੀ ਐਕਸਪ੍ਰੈਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤਾਂ ਕਈ ਥਾਵਾਂ ’ਤੇ ਸੜਕ ਜਾਮ ਕੀਤੀ। ਹਰਿਆਣਾ ਦੇ ਭਿਵਾਨੀ ’ਚ ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤਾ ਗਿਆ। ਓਧਰ ਰੋਹਤਕ ’ਚ ਇੱਕ ਵਿਦਿਆਰਥੀ ਨੇ ਅਗਨੀਪਥ ਸਕੀਮ ਦੇ ਵਿਰੋਧ ’ਚ ਖੁਦਕੁਸ਼ੀ ਕਰ ਲਈ ਹੈ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਵਿਦਿਆਰਥੀਆਂ ਨੂੰ ਪੀਐਮ ਦੇ ਰੋਡ ਸ਼ੋਅ ’ਚ ਜਾਣ ਤੋਂ ਰੋਕਿਆ ਗਿਆ। (Agnipath Scheme)

ਇਸ ਤੋਂ ਪਹਿਲਾਂ ਭਾਰਤੀ ਫੌਜ ਵੱਲੋਂ ਨੌਜਵਾਨਾਂ ਨੂੰ ਅਗਨੀਵੀਰ ਦੇ ਤੌਰ ’ਤੇ ਭਰਤੀ ਕਰਨ ਵਾਲੀ ਅਗਨੀਪਥ ਸਕੀਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਫੌਜ ਦੀ ਅਗਨੀਪਥ ਸਕੀਮ ਦੇ ਵਿਰੋਧ ’ਚ ਬੁੱਧਵਾਰ ਨੂੰ ਬਕਸਰ ’ਚ ਹਿੰਸਕ ਹੋਏ ਨੌਜਨਵਾਂ ਨੇ ਰੇਲ ’ਚ ਪੱਥਰਬਾਜ਼ੀ ਕੀਤੀ ਤੇ ਕਈ ਥਾਈਂ ਰੇਲ ’ਚ ਅੱਗ ਲਾਉਣ ਦੀਆਂ ਵੀ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਨਾਲ ਹੀ ਨੌਜਵਾਨਾਂ ਨੇ ਦਿੱਲੀ-ਹਾਵੜਾ ਰੂਟ ਨੂੰ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਦਿੱਲੀ-ਹਾਵੜਾ ਰੂਟ ਜਾਮ ਹੋਣ ਨਾਲ ਰੇਲਾਂ ਨੂੰ ਥਾਂ-ਥਾਂ ਰੋਕਣਾ ਪਿਆ। ਇਸ ਦੌਰਾਨ ਜਾਮ ਦੀ ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ, ਸੂਬਾ ਰੇਲ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਮੌਕੇ ’ਤੇ ਪਹੁੰਚਿਆ ਤੇ ਨੌਜਵਾਨਾਂ ਨੂੰ ਸਮਝਾਇਆ। ਕਰੀਬ ਇੱਕ ਘੰਟੇ ਤੋਂ ਬਾਅਦ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਨੌਜਵਾਨਾਂ ਨੇ ਜਾਮ ਹਟਾਇਆ। ਇਸ ਤੋਂ ਬਾਅਦ ਦਿੱਲੀ-ਹਾਵੜਾ ਰੂਟ ’ਤੇ ਰੇਲ ਆਵਾਜਾਈ ਸ਼ੁਰੂ ਕੀਤੀ ਗਈ। ਜਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਤਿੰਨ ਫੌਜ ਮੁੱਖੀਆਂ ਨੇ ਦਿੱਲੀ ’ਚ ਮੰਗਲਵਾਰ ਨੂੰ ਇਸ ਸਕੀਮ ਦਾ ਐਲਾਨ ਕੀਤਾ ਸੀ।

ਬਿਹਾਰ ਦੇ 8 ਜ਼ਿਲ੍ਹਿਆਂ ’ਚ ਫੈਲੀ ਪ੍ਰਦਰਸ਼ਨ ਦੀ ਅੱਗ

ਅਗਨੀਪਥ ਸਕੀਮ ਨੂੰ ਲੈ ਕੇ ਦੇਸ਼ ਭਰ ਦੇ ਨੌਜਵਾਨ ਪ੍ਰਦਰਸ਼ਨ ਕਰ ਰਹੇ ਹਨ। ਜਾਣਕਾਰੀ ਅਨੁਸਾਰ ਸਰਕਾਰ ਦੇ ਇਸ ਫੈਸਲੇ ਖਿਲਾਫ ਬਿਹਾਰ ਦੇ ਘੱਟ ਤੋਂ ਘੱਟ ਅੱਠ ਜ਼ਿਲ੍ਹਿਆਂ ਜਹਾਂਨਾਬਾਦ, ਬਕਸਰ, ਮੁਜੱਫਰਾਬਾਦ, ਆਰਾ, ਛਪਰਾ, ਮੰਗੇਰ, ਨਵਾਦਾ ਤੇ ਕੈਮੂਰ ਤੋਂ ਅਗਨੀਪਥ ਯੋਜਨਾ ਖਿਲਾਫ਼ ਵਿਰੋਧ ਪ੍ਰਦਰਸ਼ਨ ਦੀ ਸੂਚਨਾ ਮਿਲੀ ਹੈ। ਰਾਜਸਥਾਨ, ਹਰਿਆਣਾ, ਯੂਪੀ, ਮੱਧ ਪ੍ਰਦੇਸ਼ ਤੇ ਦਿੱਲੀ ’ਚ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ