ਸੰਸਾਰ ਭਰ ’ਚ ਆਧੁਨਿਕੀਕਰਨ ਅਤੇ ਉਦਯੋਗੀਕਰਨ ਦੇ ਚੱਲਦਿਆਂ ਕੁਦਰਤ ਨਾਲ ਵੱਡੇ ਪੈਮਾਨੇ ’ਤੇ ਖਿਲਵਾੜ ਹੋ ਰਿਹਾ ਹੈ। ਕੁਦਰਦੀ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਅਤੇ ਕੁਦਰਤ ਨਾਲ ਖਿਲਵਾੜ ਦਾ ਹੀ ਨਤੀਜਾ ਹੈ ਕਿ ਵਾਤਾਵਰਨ ਸੰਤੁਲਨ ਵਿਗੜਨ ਕਾਰਨ ਮਨੁੱਖਾਂ ਦੀ ਸਿਹਤ ’ਤੇ ਤਾਂ ਉਲਟ ਅਸਰ ਪੈ ਹੀ ਰਿਹਾ ਹੈ, ਜੀਵ-ਜੰਤੂਆਂ ਦੀਆਂ ਕਈ ਪ੍ਰਜਾਤੀਆਂ ਵੀ ਅਲੋਪ ਹੋ ਰਹੀਆਂ ਹਨ। ਸੰਸਾਰ ਭਰ ’ਚ ਮੌਸਮ ਚੱਕਰ ’ਚ ਲਗਾਤਾਰ ਆਉਂਦੇ ਬਦਲਾਅ ਅਤੇ ਵਿਗੜਦੇ ਵਾਤਾਵਰਨ ਸੰਤੁਲਨ ਕਾਰਨ ਰੁੱਖਾਂ-ਪੌਦਿਆਂ ਦੀਆਂ ਕਈ ਪ੍ਰਜਾਤੀਆਂ ਤੋਂ ਇਲਾਵਾ ਜੀਵ-ਜੰਤੂਆਂ ਦੀਆਂ ਕਈ ਪ੍ਰਜਾਤੀਆਂ ਦੀ ਹੋਂਦ ’ਤੇ ਵੀ ਹੁਣ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਮੌਸਮ ਦੇ ਤੇਜ਼ੀ ਨਾਲ ਵਿਗੜਦੇ ਮਿਜਾਜ਼ ਦਾ ਹੀ ਅਸਰ ਹੈ ਕਿ ਇਨ੍ਹੀਂ ਦਿਨੀਂ ਮੁਕਾਬਲਤਨ ਠੰਢੇ ਰਹਿਣ ਵਾਲੇ ਯੂਰਪ ਅਤੇ ਅਮਰੀਕਾ ਵਰਗੇ ਇਲਾਕੇ ਵੀ ਗਲੋਬਲ ਵਾਰਮਿੰਗ ਕਾਰਨ ਬੁਰੀ ਤਰ੍ਹਾਂ ਤਪ ਰਹੇ ਹਨ। (Protection of nature)
ਉੱਤਰੀ ਧਰੁਵ ਤੋਂ ਲੈ ਕੇ ਯੂਰਪ, ਏਸ਼ੀਆ, ਅਫਰੀਕਾ, ਹਰ ਕਿਤੇ ਜਲਵਾਯੂ ਬਦਲਾਅ ਦੇ ਖੌਫਨਾਕ ਮਾੜੇ ਨਤੀਜੇ ਨਜ਼ਰ ਆ ਰਹੇ ਹਨ। ਕਿਤੇ ਠੰਢੇ ਇਲਾਕੇ ਵੀ ਭਿਆਨਕ ਗਰਮੀ ਨਾਲ ਝੁਲਸ ਰਹੇ ਹਨ ਤੇ ਕਿਤੇ ਸੁੱਕੇ ਇਲਾਕੇ ਹੜ੍ਹ ਨਾਲ ਤਬਾਹ ਹੋ ਰਹੇ ਹਨ, ਜੰਗਲ ਝੁਲਸ ਰਹੇ ਹਨ। ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦੇ ਅੱਜ ਜੋ ਭਿਆਨਕ ਖਤਰੇ ਸਾਡੇ ਸਾਮਹਣੇ ਆ ਰਹੇ ਹਨ, ਉਨ੍ਹਾਂ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇ ਅਤੇ ਸਾਨੂੰ ਇਹ ਸਵੀਕਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਸਮੱਸਿਆਵਾਂ ਲਈ ਕਿਤੇ ਨਾ ਕਿਤੇ ਜਿੰਮੇਵਾਰ ਅਸੀਂ ਖੁਦ ਵੀ ਹਾਂ।
ਇਹ ਵੀ ਪੜ੍ਹੋ : ਜਦੋਂ ਇੱਕ ਸਨਕੀ ਨੌਜਵਾਨ ਮਾਸਕ ਪਹਿਨ ਕੇ ਕਰਨ ਲੱਗਿਆ ਇਹ ਹਰਕਤਾਂ, ਪੜ੍ਹੋ ਫਿਰ ਕੀ ਹੋਇਆ…
ਕੁਦਰਤ ਦੇ ਤਿੰਨ ਮੁੱਖ ਤੱਤ ਹਨ ਜਲ, ਜੰਗਲ ਤੇ ਜ਼ਮੀਨ, ਜਿਨ੍ਹਾਂ ਬਗੈਰ ਕੁਦਰਤ ਅਧੁਰੀ ਹੈ ਅਤੇ ਇਹ ਬਿਡੰਬਨਾ ਹੀ ਹੈ ਕਿ ਕੁਦਰਤ ਦੇ ਇਨ੍ਹਾਂ ਤਿੰਨਾਂ ਤੱਤਾਂ ਦੀ ਇਸ ਕਦਰ ਵਰਤੋਂ ਕੀਤੀ ਜਾ ਰਹੀ ਹੈ ਕਿ ਕੁਦਰਤ ਦਾ ਸੰਤੁਲਨ ਡੋਲਣ ਲੱਗਾ ਹੈ, ਜਿਸ ਦਾ ਨਤੀਜਾ ਹੁਣ ਅਕਸਰ ਭਿਆਨਕ ਕੁਦਰਤੀ ਆਫ਼ਤਾਂ ਦੇ ਰੂਪ ’ਚ ਸਾਹਮਣੇ ਆਉਣ ਲੱਗਾ ਹੈ। ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਜਲ, ਜੰਗਲ, ਜੰਗਲੀ ਜੀਵ ਅਤੇ ਬਨਸਪਤੀ, ਇਨ੍ਹਾਂ ਸਾਰਿਆਂ ਦੀ ਸੁਰੱਖਿਆ ਜ਼ਰੂਰੀ ਹੈ।
ਜਦੋਂ ਵੀ ਕੋਈ ਵੱਡੀ ਕੁਦਰਤੀ ਆਫਤ ਸਾਹਮਣੇ ਆਉਂਦੀ ਹੈ ਤਾਂ ਅਸੀਂ ਕੁਦਰਤ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਪਰ ਅਸੀਂ ਨਹੀਂ ਸਮਝਣਾ ਚਾਹੁੰਦੇ ਕਿ ਕੁਦਰਤ ਤਾਂ ਰਹਿ-ਰਹਿ ਕੇ ਆਪਣਾ ਰੂਦਰ ਰੂਪ ਦਿਖਾ ਕੇ ਸਾਨੂੰ ਸੁਚੇਤ ਕਰਨ ਦਾ ਯਤਨ ਕਰਦੀ ਰਹੀ ਹੈ ਕਿ ਜੇਕਰ ਅਸੀਂ ਹਾਲੇ ਵੀ ਨਾ ਸੰਭਲੇ ਅਤੇ ਅਸੀਂ ਕੁਦਰਤ ਨਾਲ ਖਿਲਵਾੜ ਬੰਦ ਨਾ ਕੀਤਾ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਦੇ ਖਤਰਨਾਕ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। ਕੁਦਰਤ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ-ਆਪਣੇ ਪੱਧਰ ’ਤੇ ਪੌਦੇ ਲਾਉਣ ’ਚ ਵੀ ਦਿਲਚਸਪੀ ਲਈਏ ਅਤੇ ਪੌਦਾ ਲਾਉਣ ਤੋਂ ਬਾਅਦ ਉਨ੍ਹਾਂ ਪੌਦਿਆਂ ਦੀ ਆਪਣੇ ਬੱਚਿਆਂ ਵਾਂਗ ਦੇਖਭਾਲ ਵੀ ਕਰੀਏ।