ਵਿਧਾਨ ਸਭਾ ਕਰੇਗੀ ਲੱਖਾਂ ਰੁਪਇਆਂ ਦੀ ਵਸੂਲੀ, ਡੀਸੀ ਨੂੰ ਆਦੇਸ਼
ਚੰਡੀਗੜ੍ਹ। ਪੰਜਾਬ ਵਿੱਚ ਜਲਦ ਹੀ ਉਨ੍ਹਾਂ ਤਿੰਨ ਸਾਬਕਾ ਵਿਧਾਇਕਾਂ ਦੀ ਜ਼ਮੀਨ ਜਾਇਦਾਦ ਕੁਰਕ ਹੋਣ ਜਾ ਰਹੀ ਹੈ, ਜਿਹੜੇ ਇਸ ਦੁਨੀਆ ਵਿੱਚ ਵੀ ਨਹੀਂ ਹਨ। ਪੰਜਾਬ ਵਿਧਾਨ ਸਭਾ ਨੇ ਆਪਣੇ ਇਨ੍ਹਾਂ ਸਵਰਗਵਾਸੀ ਤਿੰਨ ਸਾਬਕਾ ਵਿਧਾਇਕਾਂ ਦੀ ਜਮੀਨ ਜਾਇਦਾਦ ਦੀ ਕੁਰਕੀ ਕਰਨ ਦੇ ਆਦੇਸ਼ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਚਾੜ੍ਹ ਦਿੱਤੇ ਹਨ। ਇਨਾਂ ਤਿੰਨੇ ਸਾਬਕਾ ਵਿਧਾਇਕਾਂ ਦੀ ਜ਼ਮੀਨ ਕੁਰਕ ਹੋਣ ਤੋਂ ਬਾਅਦ ਇਕੱਠੀ ਹੋਣ ਵਾਲੀ ਰਕਮ ਨੂੰ ਵਿਧਾਨ ਸਭਾ ਵਿੱਚ ਜਮ੍ਹਾ ਕਰਵਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵੱਲੋਂ ਪਿਛਲੇ ਕੁਝ ਸਾਲਾਂ ਪਹਿਲਾਂ ਵਿਧਾਇਕਾਂ ਨੂੰ ਮਕਾਨ ਬਣਾਉਣ ਅਤੇ ਨਵੀਂ ਕਾਰ ਖਰੀਦਣ ਲਈ ਕਰਜ਼ਾ ਦਿੱਤਾ ਜਾਂਦਾ ਸੀ। ਕਰਜ਼ਾ ਲੈਣ ਤੋਂ ਬਾਅਦ ਵਿਧਾਇਕ ਘੱਟ ਵਿਆਜ ਇਸ ਰਕਮ ਨੂੰ ਕਿਸ਼ਤਾਂ ਵਿੱਚ ਵਾਪਸ ਕਰਦੇ ਸਨ।ਵੇਰਕਾ ਸੀਟ ਤੋਂ ਅਕਾਲੀ ਦਲ ਦੀ ਟਿਕਟ ‘ਤੇ 1997 ਵਿੱਚ ਵਿਧਾਇਕ ਬਣੇ ਉਜਾਗਰ ਸਿੰਘ ਰੰਗਰੇਟਾ ਨੇ ਮਕਾਨ ਦੀ ਉਸਾਰੀ ਕਰਨ ਲਈ 6 ਲੱਖ ਰੁਪਏ ਦਾ ਵਿਧਾਨ ਸਭਾ ਤੋਂ ਕਰਜ਼ਾ ਲਿਆ ਸੀ, ਜਿਸ ਵਿੱਚੋਂ 1 ਲੱਖ 63 ਹਜ਼ਾਰ 500 ਰੁਪਏ ਮੂਲ ਅਤੇ 2 ਲੱਖ 92 ਹਜ਼ਾਰ 215 ਰੁਪਏ ਵਿਆਜ ਸਣੇ ਡਿਫਾਲਟਰ ਹੋਣ ਤੋਂ ਬਾਅਦ ਪੀਨਲ ਬਕਾਇਆ ਹੈ। ਉਹ 13 ਮਾਰਚ 2005 ਨੂੰ ਸਵਰਗਵਾਸ ਹੋ ਗਏ ਸਨ, ਜਿਸ ਤੋਂ ਬਾਅਦ ਇਹ ਬਕਾਇਆ ਚਲਦਾ ਆ ਰਿਹਾ ਹੈ।
ਮੂਲ ਅਤੇ ਵਿਆਜ ਦੀ ਵਸੂਲੀ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਆਦੇਸ਼
ਇਸ ਲਈ ਵਿਧਾਨ ਸਭਾ ਨੇ ਉਜਾਗਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਅ ਜਮੀਨ ਜਾਇਦਾਦ ਦੀ ਕੁਰਕੀ ਕਰਕੇ ਸਾਰੇ ਮੂਲ ਅਤੇ ਵਿਆਜ ਦੀ ਵਸੂਲੀ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਆਦੇਸ਼ ਦਿੱਤੇ ਹਨ।ਇਸੇ ਤਰ੍ਹਾਂ ਵਲਟੋਹਾ ਤੋਂ ਸਵਰਗਵਾਸੀ ਵਿਧਾਇਕਾਂ ‘ਤੇ 1997 ਵਿੱਚ ਵਿਧਾਇਕ ਬਣੇ ਪ੍ਰੋ. ਜਗੀਰ ਸਿੰਘ ਭੁੱਲਰ ਨੇ ਮਕਾਨ ਦੀ ਉਸਾਰੀ ਲਈ 6 ਲੱਖ ਰੁਪਏ ਲਏ ਸਨ, ਉਨ੍ਹਾਂ ਦੀ 12 ਅਪ੍ਰੈਲ 2003 ਨੂੰ ਮੌਤ ਹੋ ਗਈ ਸੀ। ਜਿਸ ਪਿੱਛੋਂ ਉਨਾਂ ਵਲ 2 ਲੱਖ 17 ਹਜ਼ਾਰ 368 ਰੁਪਏ ਵਿਆਜ ਅਤੇ ਮੂਲ ਬਕਾਇਆ ਰਹਿੰਦਾ ਹੈ। ਇਥੇ ਹੀ ਦੀਨਾਨਗਰ ਤੋਂ 1997 ਵਿੱਚ ਭਾਜਪਾ ਦੀ ਟਿਕਟ ‘ਤੇ ਵਿਧਾਇਕ ਬਣੀ ਰੂਪ ਰਾਣੀ ਨੇ ਨਵੀਂ ਕਾਰ ਖਰੀਦਣ ਲਈ 3 ਲੱਖ ਅਤੇ ਮਕਾਨ ਦੀ ਉਸਾਰੀ ਕਰਨ ਲਈ 6 ਲੱਖ ਰੁਪਏ ਦਾ ਲੋਨ ਲਿਆ ਸੀ, ਜਿਸ ਵਿੱਚੋਂ ਕੁਝ ਵੀ ਵਿਧਾਨ ਸਭਾ ਨੂੰ ਵਾਪਸੀ ਨਹੀਂ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।