ਡੀ.ਜੀ.ਪੀ. ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ
ਪਟਿਆਲਾ (ਖੁਸ਼ਵੀਰ ਸਿੰਘ ਤੂਰ)।
ਪਟਿਆਲਾ ਪੁਲਿਸ ਵੱਲੋ ਅਗਵਾਸੁਦਾ ਪ੍ਰਾਪਰਟੀ ਡੀਲਰ ਸੰਪੂਰਨ ਸਿੰਘ ਨੂੰ ਅਗਵਾਕਾਰਾਂ ਦੇ ਚੁਗਲ ਵਿੱਚੋਂ ਸਹੀ ਸਲਾਮਤ ਯੂਪੀ ਦੇ ਸਹਾਰਨਪੁਰ ਤੋਂ ਛੁਡਵਾਉਣ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਅੱਜ ਉਨ੍ਹਾਂ 4 ਕਾਬੂ ਕੀਤੇ ਗਏ ਅਗਵਾਕਾਰਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਉਹਨਾਂ ਦੱਸਿਆ ਕਿ ਪੁਲਿਸ ਦੀ ਜਿਸ ਟੀਮ ਨੇ ਅਗਵਾਕਾਰਾਂ ਤੋਂ ਸੰਪੂਰਨ ਸਿੰਘ ਨੂੰ ਬਿਨਾਂ ਕਿਸੇ ਨੁਕਸਾਨ ਤੋਂ ਛੁਡਵਾਇਆ ਹੈ ਉਸ ਟੀਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ 5 ਡੀ.ਜੀ.ਪੀ. ਕੋਮੋਡੇਸ਼ਨ ਡਿਸਕ ਅਤੇ 3 ਲੋਕਲ ਰੈਂਕ ਦੀਆਂ ਪ੍ਰਮੋਸ਼ਨਾਂ ਦੇਣ ਦਾ ਐਲਾਨ ਵੀ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਜਾ ਕੇ ਪਟਿਆਲਾ ਪੁਲਿਸ ਦੀ 17 ਮੈਂਬਰੀ ਟੀਮ ਨੇ 5 ਦਿਨਾਂ ਤੱਕ ਲਗਾਤਾਰ ਕਾਰਵਾਈ ਕਰਨ ਤੋਂ ਇਲਾਵਾ ਹਰਿਆਣਾ ਰਾਜ ਦੇ ਅੰਬਾਲਾ ਤੋਂ ਵੀ 2 ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਸਹਾਰਨਪੁਰ ਤੋਂ ਕਾਬੂ ਕੀਤੇ ਗਏ ਅਗਵਾਕਾਰਾਂ ਲਈ ਵੀ ਵਿਸ਼ੇਸ਼ ਵਿਉਂਤਬੰਦੀ ਕੀਤੀ ਗਈ ਅਤੇ 6 ਪ੍ਰਾਈਵੇਟ ਗੱਡੀਆਂ ਰਾਹੀਂ ਸਾਦੀ ਵਰਦੀ ‘ਚ ਪਟਿਆਲਾ ਪੁਲਿਸ ਨੇ ਇਹ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਐਸ.ਪੀ.ਇੰਨਵੈਸਟੀਗੇਸਨ ਹਰਮੀਤ ਸਿੰਘ ਹੁੰਦਲ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਅਤੇ ਅਗਵਾਕਾਰਾਂ ਬਾਰੇ ਹਰਿਆਣਾ , ਦਿੱਲੀ, ਪੰਜਾਬ ਅਤੇ ਯੂ.ਪੀ ਵਿਚ ਹੋਣ ਬਾਰੇ ਸੂਚਨਾਵਾਂ ਪ੍ਰਾਪਤ ਹੋਈਆਂ ਸਨ।
4 ਮਾਰਚ ਨੂੰ ਸੰਪੂਰਨ ਸਿੰਘ ਦੇ ਫੋਨ ਤੋ ਸੰਪੂਰਨ ਸਿੰਘ ਦੇ ਲੜਕੇ ਨਰਵਿੰਦਰ ਸਿੰਘ ਨੂੰ ਸੰਪੂਰਨ ਸਿੰਘ ਨੂੰ ਛੱਡਣ ਬਦਲੇ 1 ਕਰੋੜ ਰੂਪੈ ਦੀ ਮੰਗ ਕੀਤੀ ਗਈ ਸੀ ਤੇ ਧਮਕੀ ਦਿੱਤੀ ਕਿ ਪ੍ਰਸਾਸਨ ਨੂੰ ਇਸ ਬਾਰੇ ਕੁਝ ਨਹੀ ਦੱਸਣਾ ਨਹੀਂ ਤਾਂ ਸੰਪੂਰਨ ਸਿੰਘ ਨੂੰ ਮਾਰ ਦਿੱਤਾ ਜਾਵੇਗਾ। ਸਹਾਰਨਪੁਰ ਤੋਂ ਗ੍ਰਿਫਤਾਰ ਹੋਏ ਇਰਸਾਦ ਤੇ ਨਦੀਮ ਦੀ ਨਿਸ਼ਾਨਦੇਹੀ ‘ਤੇ ਮੇਜਰ ਕੁਮਾਰ ਵਾਸੀ ਕਲਸੀ ਥਾਣਾ ਤੀਤਰੋ ਜਿਲ੍ਹਾ ਸਹਾਰਨਪੁਰ ਦੇ ਕਮਾਦ (ਗੰਨਾ) ਦੇ ਖੇਤਾਂ ਵਿੱਚ ਸੰਪੂਰਨ ਸਿੰਘ ਨੂੰ ਜਿੱਥੇ ਰੱਖਿਆ ਹੋਇਆ ਸੀ, ਅਗਵਾਕਾਰਾਂ ਦੇ ਕਬਜੇ ਵਿੱਚੋਂ ਸਹੀ ਸਲਾਮਤ ਬਰਾਮਦ ਕੀਤਾ ਗਿਆ।ਇਸੇ ਦੌਰਾਨ ਹੀ ਬਲਿਸਟਰ ਉਰਫ ਬਾਨਾ ਅਤੇ ਮੁਸਤਕੀਨ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਜੋ ਪੁਲਿਸ ਦੀ ਜਵਾਬੀ ਫਾਇਰਿੰਗ ਨਾਲ ਬਲਿਸਟਰ ਉਰਫ ਬਾਨਾ ਲੱਤ ਵਿੱਚ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ, ਮੁਸਤਕੀਨ ਪੁੱਤਰ ਫੇਹਾਜ ਅਤੇ ਫਾਰੁਖ ਜੋ ਕੇ ਮੌਕੇ ਤੋਂ ਭੱਜ ਗਿਆ। ਇਸ ਕੇਸ ਵਿੱਚ 4 ਮੁਲਜਮ ਜਿਹਨਾਂ ਵਿਚ ਸੁਭਾਸ ਚੰੰਦ, ਵਿਕਾਸ ਕੁਮਾਰ ਉਰਫ ਬੰਟੀ ਨੂੰ ਅੰਬਾਲਾ ਤੋਂ ਅਤੇ ਇਰਸਾਦ ਤੇ ਨਦੀਮ ਨੂੰ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਬਲਿਸਟਰ ਉਰਫ ਬਾਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜਮਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।