ਪ੍ਰੋਫੈਸਰ ਆਫ ਸਿੱਖਇਜ਼ਮ ਡਾ. ਜੋਧ ਸਿੰਘ ਨਹੀਂ ਰਹੇ
ਪਟਿਆਲਾ, ਖੁਸ਼ਵੀਰ ਸਿੰਘ ਤੂਰ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਸਿੱਖ ਵਿਸ਼ਵਕੋਸ਼ ਦੇ ਮੁੱਖ ਸੰਪਾਦਕ, ਪ੍ਰੋਫ਼ੈਸਰ ਆਫ਼ ਸਿੱਖਿਜ਼ਮ ਡਾ. ਜੋਧ ਸਿੰਘ ਅੱਜ ਅਕਾਲ ਚਲਾਣਾ ਕਰ ਗਏ ਹਨ।ਡਾ. ਜੋਧ ਸਿੰਘ ਨੇ ਆਪਣਾ ਅਕਾਦਮਿਕ ਸਫਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਦਰਸ਼ਨ ਸ਼ਾਸਤਰ ਅਤੇ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਕੇ ਸ਼ੁਰੂ ਕੀਤਾ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਆਏ। ਉਨ੍ਹਾਂ ਨੇ ਸਿੱਖ ਚਿੰਤਨ ਦਰਸ਼ਨ ਅਤੇ ਗੁਰਬਾਣੀ ’ਤੇ ਬਹੁਤ ਵਿਸਤਾਰ ਪੂਰਵਕ ਕੰਮ ਕੀਤਾ । ਡਾ. ਜੋਧ ਸਿੰਘ ਦੁਆਰਾ ਕੀਤੇ ਗਏ ਵੱਡੇ ਕੰਮਾਂ ਵਿੱਚੋਂ ਵਾਰਾਂ ਭਾਈ ਗੁਰਦਾਸ ਦਾ ਅੰਗਰੇਜੀ ਵਿੱਚ ਤਰਜਮਾ ਕਰਨਾ ਹੈ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੰਦੀ ਵਿੱਚ ਤਰਜਮਾ ਕੀਤਾ।
ਡਾ ਜੋਧ ਸਿੰਘ ਨੇ ਦਸਮ ਗ੍ਰੰਥ ਦੀਆਂ ਬਾਣੀਆਂ ’ਤੇ ਮਹੱਤਵਪੂਰਨ ਕਾਰਜ ਕੀਤੇ। ਡਾ. ਜੋਧ ਸਿੰਘ ਵੱਖ-ਵੱਖ ਸੰਸਥਾਵਾਂ ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸਿੱਖ ਸਿਧਾਂਤ ਚਿੰਤਨ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਦੇ ਮੈਂਬਰ ਰਹੇ ਸਨ। ਪੰਜਾਬੀ ਯੂਨੀਵਰਸਿਟੀ ਦੁਆਰਾ ਪੰਜਾਬੀ ਦੇ ਵਿਕਾਸ ਲਈ ਭਾਰਤੀ ਪੰਜਾਬੀ ਕਾਨਫਰੰਸ ਦੇ ਕਨਵੀਨਰ ਰਹੇ ਡਾ ਜੋਧ ਸਿੰਘ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਨੂੰ ਸਫਲਤਾਪੂਰਵਕ ਨੇਪਰੇ ਚਾੜਿ੍ਹਆ। ਡਾ. ਜੋਧ ਸਿੰਘ ਦੇ ਜਾਣ ਨਾਲ ਸਿੱਖ ਜਗਤ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਵੇਗਾ।ਡਾ ਸਤਿਨਾਮ ਸਿੰਘ ਸੰਧੂ ਡੀਨ ਭਾਸ਼ਾਵਾਂ ਨੇ ਕਿਹਾ ਕਿ ਡਾ ਜੋਧ ਸਿੰਘ ਦੇ ਜਾਣ ਨਾਲ ਪੰਜਾਬੀ ਭਾਸ਼ਾ ਅਤੇ ਸਿੱਖ ਚਿੰਤਨ ਦੇ ਵਿਚ ਸਾਂਝੇ ਰੂਪ ਵਿੱਚ ਕੰਮ ਕਰਨ ਵਾਲੇ ਯੁੱਗ ਦਾ ਅੰਤ ਹੋ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।