ਪੰਜਾਬ ਦੀਆਂ ਜੇਲ੍ਹਾਂ ‘ਚ ਕੈਦੀ ਕਰ ਸਕਣਗੇ ਅਧਿਕਾਰੀਆਂ ਅਤੇ ਮੰਤਰੀ ਦੇ ਘਰ ‘ਚ ਕੰਮ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਕੈਦੀ ਹੁਣ ਜੇਲ੍ਹ ਵਿੱਚ ਕੰਮ ਕਰਨ ਦੇ ਨਾਲ ਹੀ ਅਧਿਕਾਰੀਆਂ ਤੇ ਮੰਤਰੀਆਂ ਦੇ ਘਰ ਦੀ ਚਾਕਰੀ ਕਰਦੇ ਨਜ਼ਰ ਆਉਣਗੇ। ਜੇਲ੍ਹ ਵਿੱਚ ਚੰਗਾ ਵਤੀਰਾ ਅਪਣਾਉਣ ਲਈ ਸ਼ਾਬਾਸ਼ੀ ਦੀ ਥਾਂ ‘ਤੇ ਕੈਦੀਆਂ ਦੇ ਹੱਥਾਂ ‘ਚ ਝਾੜੂ ਪੋਚਾ ਫੜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕੈਦੀਆਂ ਤੋਂ ਅਧਿਕਾਰੀ ਤੇ ਮੰਤਰੀਆਂ ਵੱਲੋਂ ਆਪਣੇ ਘਰਾਂ ‘ਚ ਕੰਮ ਕਰਵਾਇਆ ਜਾਏਗਾ। ਜੇਲ੍ਹ ਵਿਭਾਗ ਇਸ ਤਰਾਂ੍ਹ ਦੇ ਫ਼ਾਰਮੂਲੇ ‘ਤੇ ਵਿਚਾਰ ਕਰ ਰਿਹਾ ਹੈ। ਜੇਕਰ ਪੰਜਾਬ ਦੀ ਕੈਬਨਿਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਨਿਯਮ ਤਿਆਰ ਕਰਦੇ ਹੋਏ ਕੈਦੀਆਂ ਨੂੰ ਅਧਿਕਾਰੀਆਂ ਤੇ ਮੰਤਰੀਆਂ ਦੇ ਘਰ ‘ਚ ਨੌਕਰ ਦਾ ਕੰਮ ਕਰਨ ਲਈ ਤੈਨਾਤ ਕਰ ਦਿੱਤਾ ਜਾਏਗਾ। ਇਸ ਗੱਲ ਦੀ ਪੁਸ਼ਟੀ ਖ਼ੁਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਦਾ ਜੇਲ੍ਹ ਵਿਭਾਗ ਪਿਛਲੇ ਕੁਝ ਮਹੀਨੇ ਤੋਂ ਜੇਲ੍ਹ ‘ਚ ਬੰਦ ਕੈਦੀਆਂ ਤੋਂ ਵੱਖ-ਵੱਖ ਤਰ੍ਹਾਂ ਦਾ ਕੰਮ ਕਰਵਾਉਣ ਦਾ ਵਿਚਾਰ ਕਰ ਰਿਹਾ ਹੈ। ਇਸ ਦੌਰਾਨ ਜੇਲ੍ਹ ਵਿਭਾਗ ਦੇ ਦਿਮਾਗ ਵਿੱਚ ਕੈਦੀਆਂ ਤੋਂ ਅਧਿਕਾਰੀਆਂ ਤੇ ਮੰਤਰੀਆਂ ਦੇ ਘਰ ‘ਚ ਕੰਮ ਕਰਵਾਉਣ ਦਾ ਖਿਆਲ ਆਇਆ ਹੈ। ਜੇਲ੍ਹ ਵਿਭਾਗ ਜੇਲ੍ਹ ਤੋਂ ਬਾਹਰ ਇਨ੍ਹਾਂ ਪੱਕੇ ਕੈਦੀਆਂ ਨੂੰ ਭੇਜਦੇ ਹੋਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਵਾਏਗਾ। ਕੈਦੀਆਂ ਨੂੰ ਸ਼ਾਮ 5 ਵਜੇ ਤੱਕ ਜੇਲ੍ਹ ‘ਚ ਵਾਪਸ ਆਉਣ ਪਏਗਾ। ਘਰਾਂ ‘ਚ ਨੌਕਰੀ ਕਰਨ ਦੇ ਏਵਜ ‘ਚ ਇਨ੍ਹਾਂ ਕੈਦੀਆਂ ਨੂੰ ਮਹੀਨੇਵਾਰ ਤਨਖਾਹ ਮਿਲੇਗੀ।
ਜੇਲ੍ਹ ਵਿਭਾਗ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਓਪਨ ਜੇਲ੍ਹ ਦੇ ਤੌਰ ‘ਤੇ ਕੈਦੀਆਂ ਤੋਂ ਕੰਮ ਲਿਆ ਗਿਆ ਹੈ ਤੇ ਕਈ ਸੂਬੇ ਇਸ ਪ੍ਰੋਜੈਕਟ ਰਾਹੀਂ ਕੰਮ ਵੀ ਕਰ ਰਹੇ ਹਨ। ਘਰਾਂ ਵਿੱਚ ਨੌਕਰੀ ਦੇ ਨਾਲ ਹੀ ਕੈਦੀ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਪੈਟਰੋਲ ਪੰਪਾਂ ‘ਤੇ ਵੀ ਕੰਮ ਕਰਦੇ ਨਜ਼ਰ ਆਉਣਗੇ।
ਜੇਲ੍ਹ ਤੋਂ ਬਾਹਰ ਭੇਜੇ ਜਾਣ ਵਾਲੇ ਹਰ ਕੈਦੀ ਦੀ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਏਗੀ ਤੇ ਪਰਿਵਾਰਕ ਮੈਂਬਰਾਂ ਤੋਂ ਕੈਦੀ ਦੀ ਜ਼ਮਾਨਤ ਵੀ ਲਈ ਜਾਏਗੀ। ਜਿਸ ਤੋਂ ਬਾਅਦ ਉਹ ਕੈਦੀ ਨੂੰ ਜੇਲ੍ਹ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ। ਕੈਦੀ ਕਿੱਥੇ ਕੰਮ ਕਰਨਗੇ ਤੇ ਕਿੱਥੇ ਨਹੀਂ ਕਰਨਗੇ, ਇਹ ਖ਼ੁਦ ਜੇਲ੍ਹ ਵਿਭਾਗ ਹੀ ਤੈਅ ਕਰੇਗਾ।
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਭਾਗੀ ਅਧਿਕਾਰੀਆਂ ਵੱਲੋਂ ਨੀਤੀ ਤਿਆਰ ਕੀਤੀ ਜਾ ਰਹੀ ਹੈ ਤੇ ਜੇਕਰ ਸਾਰਾ ਕੁਝ ਠੀਕ ਰਿਹਾ ਤਾਂ ਕੈਦੀਆਂ ਨੂੰ ਜੇਲ੍ਹ ਤੋਂ ਬਾਹਰ ਨੌਕਰ ਰੱਖਿਆ ਜਾ ਸਕੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।